ਭੁਪੇਸ਼ ਬਘੇਲ ਨੇ ਯੂਥ ਕਾਂਗਰਸੀਆਂ ਨੂੰ ਪਾਰਟੀ ਦੀ ਜਿੱਤ ਲਈ ਕੰਮ ਕਰਨ ਲਈ ਕੀਤਾ ਪ੍ਰੇਰਿਤ
2027 ਦੀਆਂ ਚੋਣਾਂ ਵਿੱਚ ਨੌਜਵਾਨਾਂ ਨੂੰ 60 ਪ੍ਰਤੀਸ਼ਤ ਟਿਕਟਾਂ ਦੇਣ ਦਾ ਕੀਤਾ ਵਾਅਦਾ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਇੰਚਾਰਜ ਏਆਈਸੀਸੀ ਜਨਰਲ ਸਕੱਤਰ ਸ੍ਰੀ ਭੂਪੇਸ਼ ਬਘੇਲ ਨੇ ਅੱਜ ਯੂਥ ਕਾਂਗਰਸ ਵਰਕਰਾਂ ਨੂੰ ਸਥਾਨਕ ਰਾਜਨੀਤੀ ਤੋਂ ਉੱਪਰ ਉੱਠ ਕੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਲਈ ਕੰਮ ਕਰਨ ਲਈ ਉਤਸ਼ਾਹਿਤ ਕੀਤਾ। ਉਹ ਇੱਥੇ ਕਾਂਗਰਸ ਭਵਨ ਵਿਖੇ ਬਲਾਕ ਅਤੇ ਜ਼ਿਲ੍ਹਾ ਪੱਧਰ ਦੇ ਯੂਥ ਕਾਂਗਰਸ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਮੀਟਿੰਗ ਵਿੱਚ ਸ੍ਰੀ ਭੂਪੇਸ਼ ਬਘੇਲ ਨਾਲ ਸ਼ਾਮਲ ਹੋਏ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਨੇ ਸੀਨੀਅਰ ਪਾਰਟੀ ਆਗੂਆਂ ਸਾਹਮਣੇ ਯੂਥ ਕਾਂਗਰਸ ਦੀਆਂ ਪ੍ਰਾਪਤੀਆਂ ਦਾ ਲੇਖਾਜੋਕਾ ਪੇਸ਼ ਕੀਤਾ ।
ਸ੍ਰੀ ਭੂਪੇਸ਼ ਬਘੇਲ ਨੇ ਯੂਥ ਕਾਂਗਰਸੀਆਂ ਨੂੰ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਕਾਂਗਰਸ ਪਾਰਟੀ ਦੇ ਹੋਰ ਵਿੰਗਾਂ ਨਾਲ ਮਿਲ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਹੀ ਇੱਕ ਅਜਿਹੀ ਪਾਰਟੀ ਹੈ ਜੋ ਭਾਰਤੀ ਸੰਵਿਧਾਨ ਦੀਆਂ ਕਦਰਾਂ-ਕੀਮਤਾਂ 'ਤੇ ਚੱਲਦੀ ਹੈ। ਕਾਂਗਰਸ ਹੀ ਦੇਸ਼ ਨੂੰ ਟੁੱਟਣ ਤੋਂ ਬਚਾਉਣ ਦੀ ਆਖਰੀ ਉਮੀਦ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਯੂਥ ਕਾਂਗਰਸ ਦੀ ਵੱਡੀ ਭੂਮਿਕਾ ਹੈ। ਉਨ੍ਹਾਂ ਯੂਥ ਕਾਂਗਰਸ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਰਾਹੁਲ ਗਾਂਧੀ ਦੇ ਦ੍ਰਿਸ਼ਟੀਕੋਣ ਨੂੰ ਫੈਲਾਉਣ ਲਈ ਜਨਤਾ ਤੱਕ ਪਹੁੰਚਣ, ਜੋ ਕਿ ਇੱਕ ਯੁਵਾ ਪ੍ਰਤੀਕ ਹਨ ਅਤੇ ਸੰਵਿਧਾਨ ਨੂੰ ਬਚਾਉਣ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਹੈ।
ਏ.ਆਈ.ਸੀ.ਸੀ. ਜਨਰਲ ਸਕੱਤਰ ਨੇ ਕਿਹਾ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਬਹੁਤ ਮਹੱਤਵਪੂਰਨ ਹੋਣਗੀਆਂ ਅਤੇ ਕਾਂਗਰਸ ਨੇ ਪਿਛਲੀਆਂ ਸੰਸਦ ਚੋਣਾਂ ਵਿੱਚ ਆਪਣੀ ਤਾਕਤ ਦਿਖਾਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਟਿਕਟਾਂ ਦੀ ਵੰਡ ਵਿੱਚ ਨੌਜਵਾਨਾਂ ਨੂੰ 60 ਪ੍ਰਤੀਸ਼ਤ ਪ੍ਰਤੀਨਿਧਤਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੈਰ-ਗੰਭੀਰ ਆਗੂਆਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ ਅਤੇ ਸੱਚੇ ਨੌਜਵਾਨ ਆਗੂਆਂ ਨੂੰ ਪਾਰਟੀ ਵਿੱਚ ਪੂਰੀ ਮਾਨਤਾ ਮਿਲੇਗੀ। ਉਨ੍ਹਾਂ ਨੇ ਪੀ.ਵਾਈ.ਸੀ. ਪ੍ਰਧਾਨ ਨੂੰ ਬੂਥ ਪੱਧਰ 'ਤੇ ਔਰਤਾਂ ਅਤੇ ਦਲਿਤ ਨੌਜਵਾਨ ਵਲੰਟੀਅਰਾਂ 'ਤੇ ਆਧਾਰਿਤ 5 ਮੈਂਬਰੀ ਪੈਨਲ ਬਣਾਉਣ ਲਈ ਕਿਹਾ।
ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਯੂਥ ਕਾਂਗਰਸ ਕਾਂਗਰਸ ਦੀ ਰੀੜ੍ਹ ਦੀ ਹੱਡੀ ਹੈ ਅਤੇ ਨੌਜਵਾਨ ਆਗੂ ਦੇਸ਼ ਲਈ ਸਭ ਤੋਂ ਵਧੀਆ ਉਮੀਦ ਹਨ। ਉਨ੍ਹਾਂ ਨੇ ਯੂਥ ਆਗੂਆਂ ਨੂੰ ਆਪਸੀ ਮੱਤਭੇਦ ਤਿਆਗਣ ਅਤੇ ਇੱਕ ਮਜ਼ਬੂਤ ਰਾਸ਼ਟਰ ਬਣਾਉਣ ਲਈ ਕਾਂਗਰਸ ਅਤੇ ਸ੍ਰੀ ਰਾਹੁਲ ਗਾਂਧੀ ਦੇ ਹੱਥ ਮਜ਼ਬੂਤ ਕਰਨ ਲਈ ਇਕੱਠੇ ਕੰਮ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਨੂੰ ਪਾਰਟੀ ਵਿੱਚ ਆਪਣਾ ਬਣਦਾ ਹਿੱਸਾ ਮਿਲੇਗਾ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਯੂਥ ਕਾਂਗਰਸ ਲਈ ਇੱਕ ਪਰਖ ਦੀ ਘੜੀ ਹੋਣਗੀਆਂ।
ਮੋਹਿਤ ਮਹਿੰਦਰਾ ਨੇ ਸ੍ਰੀ ਬਘੇਲ ਅਤੇ ਸ੍ਰੀ ਰਾਜਾ ਵੜਿੰਗ ਨੂੰ ਭਰੋਸਾ ਦਿਵਾਇਆ ਕਿ ਯੂਥ ਕਾਂਗਰਸ ਨੇ ਪੰਜਾਬ ਵਿੱਚ ਇੱਕ ਮਜ਼ਬੂਤ ਨੈੱਟਵਰਕ ਬਣਾਇਆ ਹੈ ਅਤੇ ਇਸ ਕੋਲ ਫਿਰਕੂ ਤਾਕਤਾਂ ਵਿਰੁੱਧ ਲੜਾਈ ਲੜਨ ਲਈ ਵੱਡੀ ਗਿਣਤੀ ਵਿੱਚ ਜ਼ਮੀਨੀ ਵਰਕਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਯੂਥ ਕਾਂਗਰਸ ਨੇ ਭਾਰਤੀ ਯੂਥ ਕਾਂਗਰਸ ਦੇ ਸਾਰੇ ਪ੍ਰੋਗਰਾਮਾਂ ਨੂੰ ਸਮਰਪਿਤ ਭਾਵਨਾ ਨਾਲ ਲਾਗੂ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਲਾਕ ਪੱਧਰ ਅਤੇ ਜ਼ਿਲ੍ਹਾ ਪੱਧਰ 'ਤੇ ਆਪਣੀ ਟੀਮ 'ਤੇ ਮਾਣ ਹੈ।