ਵਿਧਾਨ ਸਭਾ ਕਮੇਟੀਆਂ ਦੀਆਂ ਮੀਟਿੰਗਾਂ ਪੰਜ ਕਮੇਟੀਆਂ ਨੇ ਕੀਤੀ ਪਹਿਲੀ ਬੈਠਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੁਲ 60 ਵਿਧਾਇਕਾਂ 'ਚੋਂ 50 ਤੋਂ ਵੱਧ ਨੇ ਭਰੀ ਹਾਜ਼ਰ

Vidhan Sabha

ਚੰਡੀਗੜ੍ਹ, ਪਿਛਲੇ 14 ਮਹੀਨਿਆਂ ਤੋਂ ਖਜ਼ਾਨਾ ਖਾਲੀ ਹੋਣ ਅਤੇ ਵਿੱਤੀ ਸੰਕਟ ਦਾ ਰੌਲਾ ਪਾਉਣ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਨੇ ਅੱਜ ਵਿਧਾਨ ਸਭਾ ਦੀਆਂ ਪੰਜ ਕਮੇਟੀਆਂ ਵਲੋਂ ਕੀਤੀ ਪਹਿਲੀ ਬੈਠਕ ਰਾਹੀਂ ਹੀ ਟੀਏ ਤੇ ਡੀਏ ਦਾ 30 ਲੱਖ ਤੋਂ ਵੱਧ ਰਕਮ ਦਾ ਚੂਨਾ ਲੁਆ ਲਿਆ। ਇਨ੍ਹਾਂ ਪੰਜ ਕਮੇਟੀਆਂ ਦੇ ਕੁਲ 60 ਵਿਧਾਇਕ ਮੈਂਬਰ ਹਨ ਜਿਨ੍ਹਾਂ ਵਿਚ 13-13 ਮੈਂਬਰਾਂ ਵਾਲੀ ਅਨੁਮਾਨ ਕਮੇਟੀ, ਅਨੁਸੂਚਿਤ ਜਾਤੀ, ਪਿਛੜੀ ਜਾਤੀ ਭਲਾਈ ਕਮੇਟੀ, ਸੁਬਾਰਡੀਨੇਟ ਲੈਜਿਸਲੇਸ਼ਨ ਕਮੇਟੀ ਅਤੇ ਪਟੀਸ਼ਨ ਕਮੇਟੀ ਅਤੇ ਅੱਠ ਮੈਂਬਰੀ ਕੁਐਸ਼ਚਨ ਤੇ ਰੈਫ਼ਰੈਂਸ ਕਮੇਟੀ ਸ਼ਾਮਲ ਹੈ। ਇਸੇ ਹਫ਼ਤੇ ਸੋਮਵਾਰ ਸੱਤ ਮਈ ਨੂੰ ਸਪੀਕਰ ਰਾਣਾ ਕੇਪੀ ਸਿੰਘ ਨੇ 13 ਕਮੇਟੀਆਂ ਦੇ ਚੇਅਰਮੈਨਾਂ ਅਤੇ ਮੈਂਬਰਾਂ ਬਾਰੇ ਨੋਟੀਫ਼ਿਕੇਸ਼ਨ ਜਾਰੀ ਕੀਤਾ ਸੀ ਅਤੇ ਅੱਜ ਸ਼ੁਕਰਵਾਰ ਨੂੰ ਹੀ ਇਨ੍ਹਾਂ ਪੰਜ ਕਮੇਟੀਆਂ ਨੇ ਆਪੋ ਅਪਣੀ ਬੈਠਕ ਰੱਖ ਲਈ ਸੀ। ਅਨੁਮਾਨ ਕਮੇਟੀ ਦੇ ਚੇਅਰਮੈਨ ਹਰਦਿਆਲ ਸਿੰਘ ਕੰਬੋਜ, ਅਨੁਸੂਚਿਤ ਜਾਤੀ ਭਲਾਈ ਕਮੇਟੀ ਦੇ ਚੇਅਰਮੈਨ ਨੱਥੂ ਰਾਮ, ਸੁਬਾਰਡੀਨੇਟ ਲੈਜਿਸਲੇਸ਼ਨ ਕਮੇਟੀ ਦੇ ਡਾ. ਰਾਜ ਕੁਮਾਰ ਵੇਰਕਾ,  ਪਟੀਸ਼ਨ ਕਮੇਟੀ ਦੇ ਚੇਅਰਮੈਨ ਗੁਰਕੀਰਤ ਸਿੰਘ ਕੋਟਲੀ ਅਤੇ ਕੁਐਸ਼ਚਨਜ਼ ਤੇ ਰੈਫ਼ਰੈਂਸ ਕਮੇਟੀ ਦੇ ਚੇਅਰਮੈਨ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਚੇਅਰਮੈਨਾਂ ਨੇ ਹੀ ਆਪੋ ਅਪਣੀ ਕਮੇਟੀ ਮੈਂਬਰਾਂ ਨੂੰ ਵਿਧਾਨ ਸਭਾ ਰਾਹੀਂ ਲਿਖਤੀ ਤੇ ਫ਼ੋਨਾਂ ਰਾਹੀਂ ਅੱਜ ਦੀ ਬੈਠਕ ਦਾ ਸੁਨੇਹਾ ਭੇਜਿਆ ਸੀ। 

ਸਰਕਾਰੀ ਨਿਯਮਾਂ ਅਤੇ ਪਿਛਲੇ ਪੰਜ ਦਹਾਕਿਆਂ ਤੋਂ ਚਲੀ ਆ ਰਹੀ ਪ੍ਰੈਕਟਿਸ ਅਨੁਸਾਰ ਇਕ ਮੈਂਬਰ ਨੂੰ ਬੈਠਕ ਵਿਚ ਆ ਕੇ ਰਜਿਸਟਰ ਵਿਚ ਹਾਜ਼ਰੀ ਲਾਉਣ ਅਤੇ 5-10 ਮਿੰਟ ਰਹਿ ਕੇ ਹਾਏ ਹੈਲੋ ਕਰਨ ਦੇ ਤਿੰਨ ਦਿਨਾਂ ਦਾ ਟੀਏ ਡੀਏ ਕੁਲ 400 ਰੁਪਏ (ਪ੍ਰਤੀ ਦਿਨ 100 ਰੁਪਏ) ਮਿਲਦੇ ਹਨ। ਉਤੋਂ ਆਪੋ ਅਪਣੇ ਹਲਕੇ ਤੋਂ ਚੰਡੀਗੜ੍ਹ ਪਹੁੰਚਣ ਅਤੇ ਵਾਪਸ ਜਾਣ ਲਈ ਪ੍ਰਤੀ ਕਿਲੋਮੀਟਰ ਦਾ ਪਟਰੌਲ ਤੇ ਡੀਜ਼ਲ ਅਤੇ ਸਟਾਫ਼ ਤੇ ਡਰਾਈਵਰ ਦੇ ਭੱਤੇ ਵਗੈਰਾ ਸੱਭ ਕੁੱਝ ਮਿਲਦਾ ਹੈ। ਨਿਯਮਾਂ ਮੁਤਾਬਕ ਅੱਜ ਦੀਆਂ ਇਨ੍ਹਾਂ ਪੰਜ ਕਮੇਟੀਆਂ ਵਿਚ ਜੇ ਕੁਲ 60 ਮੈਂਬਰਾਂ ਵਿਚੋਂ 50 ਨੇ ਵੀ ਹਾਜ਼ਰੀ ਲਾਈ ਹੋਵੇਗੀ ਤਾਂ ਪ੍ਰਤੀ ਮੈਂਬਰ 4500 ਟੀਏ ਡੀਏ ਤੇ 1500 ਹੋਰ ਭੱਤੇ ਪਟਰੌਲ-ਡੀਜ਼ਲ ਦੇ ਪਾ ਕੇ ਛੇ ਹਜ਼ਾਰ ਪ੍ਰਤੀ ਮੈਂਬਰ ਕੁਲ 30 ਲੱਖ ਦਾ ਚੂਨਾ ਸਰਕਾਰ ਨੂੰ ਲੱਗਾ ਹੈ। ਜੇ ਮਾਸਕ ਤਨਖ਼ਾਹ ਦਾ ਅੰਦਾਜ਼ਾ ਲਾਇਆ ਜਾਵੇ ਤਾਂ ਹਰ ਵਿਧਾਇਕ ਨੂੰ 25000 ਰੁਪਏ ਬੇਸਿਕ, ਪੰਜ ਹਜ਼ਾਰ ਰੁਪਏ ਕੰਪਨਸੇਟਰੀ ਭੱਤਾ, 2000 ਰੁਪਏ ਦਾ ਹਲਕਾ ਸੀਟ ਦਾ ਭੱਤਾ, 10 ਹਜ਼ਾਰ ਰੁਪਏ ਦਫ਼ਤਰੀ ਖ਼ਰਚਾ, ਤਿੰਨ ਹਜ਼ਾਰ ਰੁਪਏ ਚਾਹ ਪਾਣੀ ਦੇ, ਇਕ ਹਜ਼ਾਰ ਰੁਪਏ ਬਿਜਲੀ - ਪਾਣੀ ਦੇ, 100 ਰੁਪਏ ਟੈਲੀਫ਼ੋਨ ਦੇ, 10 ਹਜ਼ਾਰ ਸਕੱਤਰੇਤ ਭੱਤਾ ਅਤੇ 15 ਰੁਪਏ ਪ੍ਰਤੀ ਕਿਲੋਮੀਟਰ ਦੀ, ਰੋਡ ਮਾਈਲੇਜ ਵੀ ਮੈਂਬਰ ਨੂੰ ਮਿਲਦੀ ਹੈ, ਇਹ ਕੁਲ ਮਿਲਾ ਕੇ ਇਕ ਵਿਧਾਇਕ ਨੂੰ ਸਵਾ ਕੁ ਲੱਖ ਹਰ ਮਹੀਨੇ ਮਿਲਦਾ ਹੈ। 
ਕਮੇਟੀ ਬੈਠਕਾਂ ਵਿਚ ਹਾਜ਼ਰੀ ਭਰਨ ਲਈ ਹਰ ਮੈਂਬਰ ਨੂੰ ਇਕ ਮਹੀਨੇ ਵਿਚ ਕੁਲ ਅੱਠ ਬੈਠਕਾਂ ਵਿਚੋਂ ਘਟੋ-ਘੱਟ ਛੇ ਮੀਟਿੰਗਾਂ 'ਚੋਂ 35000-45000 ਰੁਪਏ ਬਤੌਰ ਭੱਤੇ ਦੇ ਪ੍ਰਾਪਤ ਹੁੰਦੇ ਹਨ। ਵਿਧਾਨ ਸਭਾ ਸਕੱਤਰੇਤ ਵਿਚ ਇਹ ਵੀ ਚਰਚਾ ਸੀ ਕਿ ਅਪ੍ਰੈਲ ਮਹੀਨੇ ਵਿਚ ਕਮੇਟੀਆਂ ਦਾ ਗਠਨ ਕਰ ਕੇ, ਸਪੀਕਰ ਰਾਣਾ ਕੇਪੀ ਸਿੰਘ ਨੇ ਦੋ ਕਰੋੜ ਤੋਂ ਵੀ ਵੱਧ ਰਕਮ ਦੀ ਬਚਤ ਕਰ ਲਈ ਸੀ।