ਅਕਾਲੀਆਂ ਲਈ 'ਡੇਂਜਰ' ਜ਼ੋਨ ਬਣ ਸਕਦੈ ਬਠਿੰਡਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਮੀਦਵਾਰਾਂ ਵਲੋਂ ਮੁੱਦਿਆਂ ਦੀ ਬਜਾਏ ਇਕ-ਦੂਜੇ ਨੂੰ ਭੰਡਣ 'ਤੇ ਦਿਤਾ ਜਾ ਰਿਹੈ ਜ਼ੋਰ

Lok Sabha Election : Tough fight between candidates in Bathinda

ਬਠਿੰਡਾ : ਸੂਬੇ ਦੀ ਸਭ ਤੋਂ ਚਰਚਿਤ ਬਠਿੰਡਾ ਲੋਕ ਸਭਾ ਸੀਟ 'ਤੇ ਵੋਟਾਂ ਦੇ ਦਿਨ ਨਜਦੀਕ ਆਉਂਦੇ ਹੀ ਮੁਕਾਬਲਾ ਸਖ਼ਤ ਹੋਣ ਲੱਗਾ ਹੈ। ਦੂਜੇ ਪਾਸੇ ਨਰਿੰਦਰ ਮੋਦੀ ਤੇ ਪ੍ਰਿਅੰਕਾ ਗਾਂਧੀ ਵਲੋਂ ਬਠਿੰਡਾ 'ਚ ਚੋਣ ਰੈਲੀਆਂ ਕਰਕੇ ਸਿਆਸੀ ਮਾਹੌਲ ਨੂੰ ਹੋਰ ਗਰਮ ਕਰ ਦੇਣਾ ਹੈ। ਹਾਲਾਂਕਿ ਇਸ ਹਲਕੇ ਤੋਂ 27 ਉਮੀਦਵਾਰ ਅਪਣੀ ਕਿਸਮਤ ਅਜਮਾ ਰਹੇ ਹਨ ਪਰ ਮੁੱਖ ਮੁਕਾਬਲਾ ਕਾਂਗਰਸ ਅਤੇ ਅਕਾਲੀ ਦਲ ਵਿਚ ਹੀ ਬਣਦਾ ਜਾਪ ਰਿਹਾ ਹੈ। ਹਾਲਾਂਕਿ ਪੰਜਾਬ ਜਮਹੂਰੀ ਗਠਜੋੜ ਦੇ ਉਮੀਦਵਾਰ ਸੁਖਪਾਲ ਸਿੰਘ ਖ਼ਹਿਰਾ ਵਲੋਂ ਵੀ ਸਖ਼ਤ ਟੱਕਰ ਦਿੱਤੀ ਜਾ ਰਹੀ ਹੈ।

ਬਾਦਲ ਪ੍ਰਵਾਰ ਵਲੋਂ ਇਸ ਹਲਕੇ ਤੋਂ ਲਗਾਤਾਰ ਤੀਜੀ ਵਾਰ ਜਿੱਤਣ ਲਈ ਪੂਰਾ ਟਿੱਲ ਲਗਾਇਆ ਜਾ ਰਿਹਾ ਹੈ। ਬੇਸ਼ੱਕ ਖੁਦ ਸੁਖਬੀਰ ਸਿੰਘ ਬਾਦਲ ਫ਼ਿਰੋਜਪੁਰ ਹਲਕੇ ਵਿਚ ਡਟੇ ਹੋਏ ਹਨ ਪਰ ਇਸਦੇ ਬਾਵਜੂਦ ਉਹ ਬਠਿੰਡਾ ਹਲਕੇ 'ਚ ਚੋਣ ਪ੍ਰਚਾਰ ਲਈ ਆ ਰਹੇ ਹਨ। ਇਸ ਤੋਂ ਇਲਾਵਾ ਬੀਬੀ ਬਾਦਲ ਦੇ ਭਰਾ ਬਿਕਰਮ ਸਿੰਘ ਮਜੀਠਿਆ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਹਲਕੇ ਨੂੰ ਛੱਡ ਕੇ ਅਪਣੀ ਟੀਮ ਸਹਿਤ ਬਠਿੰਡਾ 'ਚ ਜੰਗੀ ਪੱਧਰ 'ਤੇ ਚੋਣ ਮੁਹਿੰਮ ਚਲਾ ਰਹੇ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਨੇੜਤਾ ਦੇ ਚੱਲਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸੇਸ ਤੌਰ 'ਤੇ 13 ਮਈ ਨੂੰ ਬਠਿੰਡਾ ਪੁੱਜ ਰਹੇ ਹਨ।

ਪਿਛਲੀ ਵਾਰ ਵੀ ਉਨ੍ਹਾਂ ਇਸ ਸ਼ਹਿਰ 'ਚ ਚੋਣ ਰੈਲੀ ਕਰਕੇ ਬੀਬੀ ਬਾਦਲ ਨੂੰ ਅਪਣੀ ਟੀਮ ਵਿਚ ਸ਼ਾਮਲ ਕਰਨ ਦਾ ਐਲਾਨ ਕੀਤਾ ਸੀ, ਜਿਸ ਨੂੰ ਬਾਅਦ ਵਿਚ ਉਨ੍ਹਾਂ ਪੂਰਾ ਵੀ ਕੀਤਾ। ਦੂਜੇ ਪਾਸੇ ਅਕਾਲੀਆਂ ਨੂੰ ਹਰਾ ਕੇ ਇਸ ਹਲਕੇ ਦੇ ਸਿਆਸੀ ਇਤਿਹਾਸ ਵਿਚ ਅਪਣਾ ਨਾਮ ਦਰਜ਼ ਕਰਵਾਉਣ ਦੇ ਚਾਹਵਾਨ ਰਾਜਾ ਵੜਿੰਗ ਵਲੋਂ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਵੜਿੰਗ ਦੇ ਸਮਰਥਨ ਵਿਚ ਜਿੱਥੇ ਬਾਦਲ ਵਿਰੋਧੀ ਕਾਂਗਰਸ ਧੜਾ ਪੂਰੀ ਡਟ ਕੇ ਮੱਦਦ ਕਰ ਰਿਹਾ ਹੈ, ਉਥੇ ਪਾਰਟੀ ਦੀ ਕੌਮੀ ਆਗੂ ਪ੍ਰਿਅੰਕਾ ਗਾਂਧੀ ਵੀ 14 ਮਈ ਨੂੰ ਉਨ੍ਹਾਂ ਦੇ ਹੱਕ ਵਿਚ ਰੈਲੀ ਨੂੰ ਸੰਬੋਧਨ ਕਰਨ ਪੁੱਜ ਰਹੇ ਹਨ। ਸਿਆਸੀ ਮਾਹਰਾਂ ਮੁਤਾਬਕ ਜੇਕਰ 9 ਹਲਕਿਆਂ ਵਿਚ ਕਾਂਗਰਸ ਦੇ ਵੱਡੇ ਆਗੂ ਡਟ ਕੇ ਰਾਜਾ ਵੜਿੰਗ ਨਾਲ ਮੈਦਾਨ ਵਿਚ ਖੜੇ ਰਹੇ ਤਾਂ ਸਚਮੁੱਚ ਹੀ ਬਠਿੰਡਾ ਅਕਾਲੀਆਂ ਲਈ 'ਡੇਂਜਰਜ਼' ਜ਼ੋਨ ਬਣ ਸਕਦਾ ਹੈ।

ਸਿਆਸੀ ਗਣਿਤ ਮੁਤਾਬਕ ਲੋਕ ਸਭਾ ਹਲਕੇ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿਚੋਂ ਦੋਨਾਂ ਪਾਰਟੀਆਂ ਦੇ ਉਮੀਦਵਾਰਾਂ ਦੀ ਜਿੱਤ-ਹਾਰ ਦਾ ਆਧਾਰ ਚਾਰ ਹਲਕਿਆਂ 'ਤੇ ਸਿਰ ਉਪਰ ਖੜਾ ਹੈ। ਵੱਡੀ ਗੱਲ ਲੰਬੀ ਵਿਧਾਨ ਸਭਾ ਹਲਕੇ ਵਿਚ ਪਿਛਲੀ ਵਾਰ ਅਕਾਲੀ ਦਲ ਦੀ ਰਹੀ 35 ਹਜ਼ਾਰ ਵੋਟਾਂ ਦੀ ਲੀਡ ਵਿਚੋਂ ਰਾਜਾ ਵੜਿੰਗ ਕਿੰਨੀ ਤੋੜਣ ਵਿਚ ਸਫ਼ਲ ਰਹਿੰਦਾ ਹੈ। ਇਸੇ ਤਰਾਂ ਬਠਿੰਡਾ ਸ਼ਹਿਰੀ ਹਲਕੇ ਵਿਚ ਕਾਂਗਰਸ ਦੇ ਹੱਕ ਵਿਚ ਵਧੀ ਕਰੀਬ 30 ਹਜ਼ਾਰ ਵੋਟਾਂ ਨੂੰ ਅਕਾਲੀ ਦਲ ਕਿੰਨਾਂ ਘਟਾਉਣ ਵਿਚ ਸਫ਼ਲ ਰਹਿੰਦਾ ਹੈ। ਇਸੇ ਤਰ੍ਹਾਂ ਸਰਦੂਲਗੜ੍ਹ ਹਲਕੇ 'ਚ ਅਕਾਲੀ ਦਲ ਨੂੰ ਮਿਲੀ 28 ਹਜ਼ਾਰ ਨਿਰਣਾਇਕ ਲੀਡ ਅਤੇ ਮਾਨਸਾ ਵਿਚ ਕਾਂਗਰਸ ਦੀ ਵਧੀ ਵੋਟ ਬੈਂਕ ਵੀ ਇਸ ਵਿਚ ਅਪਣੀ ਭੂਮਿਕਾ ਅਦਾ ਕਰੇਗੀ।

ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਬਲਜਿੰਦਰ ਕੌਰ ਪਾਰਟੀ ਦਾ ਵੋਟ ਬੈਂਕ ਇਕਜੁਟ ਰੱਖਣ ਲਈ ਪੂਰੀ ਤਰ੍ਹਾਂ ਭੱਜ ਦੋੜ ਕਰ ਰਹੀ ਹੈ। ਹਾਲਾਂਕਿ ਕਈ ਟਿਕਟ ਦੇ ਦਾਅਵੇਦਾਰ ਰਹੇ ਆਗੂ ਉਨ੍ਹਾਂ ਦੀ ਚੋਣ ਮੁਹਿੰਮ ਠੰਢਾ ਉਤਸਾਹ ਦਿਖਾ ਰਹੇ ਹਨ। ਜਦੋਂ ਕਿ ਚੰਗਾ ਬੁਲਾਰਾ ਹੋਣ ਦੇ ਨਾਤੇ ਸੁਖਪਾਲ ਸਿੰਘ ਖ਼ਹਿਰਾ ਆਪ 'ਚ ਵੱਡਾ ਸੰਨ ਲਗਾਊਣ ਤੋਂ ਇਲਾਵਾ ਆਮ ਲੋਕਾਂ ਵਿਚ ਵੀ ਅਪਣੀ ਚੰਗੀ ਭੱਲ ਬਣਾ ਰਹੇ ਹਨ। ਹਲਕੇ ਦੇ ਸਿਆਸੀ ਉਤਰਾਅ-ਚੜਾਅ ਨੂੰ ਨੇੜੇ ਤੋਂ ਦੇਖਣ ਵਾਲਿਆਂ ਮੁਤਾਬਕ ਕਈ ਖੇਤਰਾਂ ਵਿਚ ਦੋਨਾਂ ਪਾਰਟੀਆਂ (ਅਕਾਲੀ-ਕਾਂਗਰਸ) ਦੇ ਅੰਦਰ ਆਗੂਆਂ ਤੇ ਵਰਕਰਾਂ ਦੀ ਆਪਸੀ ਖਹਿਬਾਜੀ ਦੇ ਚੱਲਦੇ ਖ਼ਹਿਰਾ ਭਾਰੀ ਪੈ ਸਕਦੇ ਹਨ।