ਕ੍ਰਿਕਟ ਖਿਡਾਰੀ ਅਤੇ ਉਸ ਦੇ ਪਿਤਾ ਦਾ ਅਗ਼ਵਾ ਕਰ ਕੇ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮ੍ਰਿਤਕ ਮਨਜੀਤ ਸਿੰਘ ਅਸਟਰੇਲੀਆ ਟੀਮ ਲਈ ਚੁਣਿਆ ਗਿਆ ਸੀ

Death

ਪੱਟੀ : ਆਈਪੀਐਲ ਅਸਟਰੇਲੀਆ ਵਲੋਂ ਖ਼ਰੀਦੇ ਗਏ ਕ੍ਰਿਕਟ ਖਿਡਾਰੀ ਮਨਜੀਤ ਸਿੰਘ ਅਤੇ ਉਸ ਦੇ ਪਿਤਾ ਨੂੰ 3 ਮਈ ਨੂੰ ਉਸ ਵਕਤ ਅਣਪਛਾਤੇ ਲੋਕਾਂ ਵਲੋਂ ਅਗ਼ਵਾ ਕਰ ਲਿਆ ਸੀ ਜਦ ਉਹ ਜ਼ਮੀਨ ਦੀ ਰਜਿਸਟਰੀ ਕਰ ਕੇ ਵਾਪਿਸ ਪਿੰਡ ਕੋਟ ਬੁੱਢੇ ਜਾ ਰਹੇ ਸਨ। ਦੋਵਾਂ ਪਿਉ-ਪੁੱਤਰਾਂ ਦੀਆਂ ਲਾਸ਼ਾਂ ਰਜਸਥਾਨ ਦੇ ਛਤਰਗੜ੍ਹ 'ਚ ਮਿਲ ਗਈਆਂ ਹਨ ਜਿਨ੍ਹਾਂ ਨੂੰ ਲੈਣ ਲਈ ਪੁਲੀਸ ਥਾਣਾ ਸਦਰ ਪੱਟੀ ਦੇ ਇੰਨਚਾਰਜ ਸ਼ਿਵਦਰਸ਼ਨ ਸਿੰਘ ਅਤੇ ਥਾਣੇਦਾਰ ਕੇਵਲ ਸਿੰਘ ਪੁਲਿਸ ਪਾਰਟੀ ਸਮੇਤ ਰਵਾਨਾ ਹੋ ਗਏ ਹਨ।

ਜਾਣਕਾਰੀ ਅਨੁਸਾਰ ਪਿੰਡ ਮੁੱਠਿਆਂਵਾਲਾ ਵਾਸੀ ਮਨਜੀਤ ਸਿੰਘ ਕ੍ਰਿਕਟ ਦਾ ਖਿਡਾਰੀ ਹੈ। ਜਿਸ ਨੂੰ ਹਾਲ ਹੀ ਵਿਚ ਆਈਪੀਐਲ ਲਈ ਅਸਟਰੇਲੀਆ ਦੀ ਟੀਮ ਵਲੋਂ 16 ਲੱਖ ਰੁਪਏ ਵਿਚ ਖ਼ਰੀਦਿਆ ਹੈ ਅਤੇ ਮਨਜੀਤ ਸਿੰਘ ਨੂੰ ਮੈਚ ਖੇਡਣ ਜਾਣ ਲਈ ਕੁੱਝ ਪੈਸਿਆਂ ਦੀ ਜ਼ਰੂਰਤ ਸੀ ਮਨਜੀਤ ਸਿੰਘ ਦੇ ਪਿਤਾ ਕਰਮ ਸਿੰਘ ਨੇ ਅਪਣੀ ਜ਼ਮੀਨ 16 ਲੱਖ ਵਿਚ ਵੇਚ ਦਿਤੀ ਸੀ ਪਰ ਇਸ ਜ਼ਮੀਨ ਦਾ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਇਕ ਕਿਸਾਨ ਨਾਲ ਵਿਵਾਦ ਚੱਲ ਰਿਹਾ ਸੀ।

ਮਨਜੀਤ ਸਿੰਘ ਅਪਣੇ ਪਿਤਾ ਕਰਮ ਸਿੰਘ ਨਾਲ ਅਪਣੀ ਜ਼ਮੀਨ ਦੀ ਰਜਿਸਟਰੀ ਕਰਾਉਣ ਲਈ ਪੱਟੀ ਤਹਿਸੀਲ ਵਿਚ ਆਏ ਸਨ ਜਦ ਉਹ ਰਜਿਸਟਰੀ ਕਰਵਾ ਕਿ 3 ਮਈ ਨੂੰ ਵਾਪਸ ਪਿੰਡ ਮੁੱਠਿਆਂ ਵਾਲਾ ਵਿਖੇ ਜਾ ਰਹੇ ਸਨ ਅਤੇ ਪਿੰਡ ਕੋਟ ਬੁੱਢਾਂ ਦੇ ਨਜ਼ਦੀਕ ਦੋਵਾਂ ਨੂੰ ਕੁੱਝ ਲੋਕਾਂ ਨੇ ਅਗ਼ਵਾ ਕਰ ਲਿਆ ਸੀ ਜਿਸ ਸਬੰਧੀ ਮਨਜੀਤ ਸਿੰਘ ਦੇ ਭਰ੍ਹਾਂ ਰਸਾਲ ਸਿੰਘ ਤੇ ਹਰਪਾਲ ਸਿੰਘ ਨੇ ਦਸਿਆ ਕਿ ਇਸ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਪਰ ਇਨ੍ਹਾਂ ਦਾ ਕੋਈ ਵੀ ਸੁਰਾਗ਼ ਨਹੀਂ ਲੱਗਾ।

ਸਨਿਚਰਵਾਰ ਦੀ ਰਾਤ ਨੂੰ ਰਜਸਥਾਨ ਦੇ ਛਤਰਗੜ੍ਹ ਨਹਿਰ 'ਚ ਦੋ ਲਾਸ਼ਾਂ ਬ੍ਰਾਮਦ ਹੋਈਆਂ ਹਨ ਜਿਨ੍ਹਾਂ ਦੇ ਹੱਥ ਪਿੱਛੇ ਨੂੰ ਬੰਨੇ ਹੋਏ ਹਨ। ਕੁਲਦੀਪ ਸਿੰਘ ਚਾਹਲ ਐਸਐਸਪੀ ਨੇ ਦਸਿਆ ਕਿ ਥਾਣਾ ਸਦਰ ਪੱਟੀ ਦੇ ਇੰਚਾਰਜ ਸ਼ਿਵਦਰਸ਼ਨ ਸਿੰਘ ਅਤੇ ਜਾਂਚ ਕਰ ਰਹੇ ਅਧਿਕਾਰੀ ਰਜਸਾਥਨ ਰਵਾਣਾ ਹੋ ਗਏ ਹਨ। ਪੋਸਟਮਾਰਟਮ ਉਪਰੰਤ ਕਾਰਵਾਈ ਸ਼ੁਰੂ ਕਰ ਦਿਤੀ ਜਾਵੇਗੀ।