ਅਣਪਛਾਤਿਆਂ ਨੇ ਆਪ ਵਿਧਾਇਕਾ ਤੇ ਕੀਤਾ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ

Baljinder Kaur

ਬਠਿੰਡਾ: ਆਮ ਆਦਮੀ ਪਾਰਟੀ ਦੀ ਬਠਿੰਡਾ ਤੋਂ ਉਮੀਦਵਾਰ ਤੇ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ 'ਤੇ ਸ਼ਹਿਰ ਦੇ ਹਾਜੀਰਤਨ ਚੌਕ 'ਤੇ ਬੀਤੀ ਦੇਰ ਰਾਤ 11 ਵਜੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਬਦਮਾਸ਼ਾਂ ਨੇ ਵਿਧਾਇਕਾ ਦੇ ਸੁਰੱਖਿਆ ਮੁਲਾਜ਼ਮ ਦੀ ਵਰਦੀ ਪਾੜ ਦਿੱਤੀ ਤੇ ਗੱਡੀ ਦੇ ਡਰਾਈਵਰ ਨੂੰ ਗਾਲ਼੍ਹਾਂ ਕੱਢੀਆਂ। ਉਨ੍ਹਾਂ ਗੱਡੀ ਦੇ ਸ਼ੀਸ਼ੇ ਵੀ ਭੰਨ੍ਹ ਦਿੱਤੇ।

ਇਸ ਸਬੰਧੀ ਪ੍ਰੋ. ਬਲਜਿੰਦਰ ਕੌਰ ਨੇ ਦੱਸਿਆ ਕਿ ਕੱਲ੍ਹ ਉਹ ਚੋਣ ਪ੍ਰਚਾਰ ਕਰਕੇ ਵਾਪਸ ਮੁੜ ਰਹੇ ਸੀ ਤੇ ਹਾਜੀਰਤਨ ਚੌਕ 'ਤੇ ਰਾਤ 11 ਵਜੇ ਕੁਝ ਲੋਕ ਸ਼ਰਾਬ ਪੀ ਕੇ ਸੜਕ 'ਤੇ ਆਏ ਤੇ ਉਨ੍ਹਾਂ ਦੀ ਗੱਡੀ 'ਤੇ ਹਮਲਾ ਕਰ ਦਿੱਤਾ। ਸ਼ਰਾਬੀਆਂ ਨਾਲ 40 ਜਣੇ ਹੋਰ ਆ ਗਏ, ਜਿਨ੍ਹਾਂ ਉਨ੍ਹਾਂ 'ਤੇ ਹਮਲਾ ਕੀਤਾ। ਬਦਮਾਸ਼ਾਂ ਨੇ ਵਿਧਾਇਕਾ ਦੀ ਗੱਡੀ ਦੇ ਸ਼ੀਸ਼ੇ ਭੰਨ੍ਹਣੇ ਸ਼ੁਰੂ ਕਰ ਦਿੱਤੇ।

ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੇ ਐਸਐਸਪੀ ਨੂੰ ਮੌਕੇ 'ਤੇ ਫੋਨ ਕਰਨ ਦੇ ਬਾਵਜੂਦ 40 ਮਿੰਟਾਂ ਤਕ ਉੱਥੇ ਕੋਈ ਨਹੀਂ ਆਇਆ। ਇੱਥੋਂ ਤਕ ਕਿ ਹਾਜੀਰਤਨ ਚੌਕ ਦੀ ਚੈਕ ਪੋਸਟ 'ਤੇ ਕੁਝ ਪੁਲਿਸ ਮੁਲਾਜ਼ਮ ਮੌਜੂਦ ਸਨ ਪਰ ਉਹ ਵੀ ਮੂਕ ਦਰਸ਼ਕ ਬਣ ਤਮਾਸ਼ਾ ਵੇਖਦੇ ਰਹੇ ਪਰ ਕੋਈ ਕਾਰਵਾਈ ਨਹੀਂ ਕੀਤੀ।