ਹਰਿਆਣਵੀ ਪੰਜਾਬੀਆਂ 'ਚ ਬਰਕਰਾਰ ਹੈ ਪੰਜਾਬੀ ਮਾਂ ਬੋਲੀ ਦਾ ਪਿਆਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਰਸਾ ਜ਼ਿਲ੍ਹੇ ਦੇ ਪਿੰਡ ਭੀਮਾ ਦੇ ਰਸਤਿਆਂ 'ਤੇ ਲੱਗੇ ਪੰਜਾਬੀ 'ਚ ਲਿਖੇ ਬੋਰਡ

ਸਿਰਸਾ ਜਿਲ੍ਹੇ ਦੇ ਪਿੰਡ ਦੇ ਭੀਮਾ ਦੇ ਰਸਤਿਆਂ ਤੇ ਲੱਗੇ ਪੰਜਾਬੀ 'ਚ ਲਿਖੇ ਬੋਰਡ


ਸਿਰਸਾ, 12 ਮਈ (ਸਪੋਕਸਮੈਨ ਸਮਾਚਾਰ ਸੇਵਾ) : ਸੁਰਿੰਦਰ ਪਾਲ ਸਿੰਘ: ਹਰਿਆਣਾ ਸਰਕਾਰ ਦੇ ਕਾਗਜ਼ਾਂ ਵਿਚ ਭਾਵੇਂ ਪੰਜਾਬੀ ਭਾਸ਼ਾ ਨੂੰ ਦੂਸਰਾ ਦਰਜਾ ਪ੍ਰਾਪਤ ਹੈ ਪਰ ਹਰਿਆਣਾ ਦੇ ਦਫ਼ਤਰਾਂ ਵਿਚ ਪੰਜਾਬੀ ਵਿਚ ਲਿਖੀਆਂ ਦਰਖ਼ਾਸਤਾਂ ਪ੍ਰਵਾਨ ਨਹੀਂ ਕੀਤੀ ਜਾਂਦੀਆਂ ਅਤੇ ਨਾ ਹੀ ਪੰਜਾਬੀ ਵਿਚ ਕੋਈ ਸਰਕਾਰੀ ਚਿੱਠੀ ਪੱਤਰ ਜਾਰੀ ਹੁੰਦਾ ਹੈ। ਇਸ ਦੇ ਬਾਵਜੂਦ ਵੀ ਅਪਣੀ ਮਾਤ ਭਾਸ਼ਾ ਦਾ ਮੋਹ ਹਰਿਆਣਵੀ ਪੰਜਾਬੀਆਂ ਵਿਚ ਬਰਕਰਾਰ ਹੈ।


ਸਿਰਸਾ ਜ਼ਿਲ੍ਹੇ ਦੇ ਪਿੰਡ ਭੀਮਾ ਵਿਚ ਮਾਤ ਭਾਸ਼ਾ ਨੂੰ ਪਿਆਰ ਕਰਨ ਵਾਲੇ ਪਿੰਡ ਦੇ ਨੌਜਵਾਨਾਂ ਨੇ ਪਿੰਡ ਦੇ ਵੱਖ-ਵੱਖ ਰਸਤਿਆਂ 'ਤੇ ਪੰਜਾਬੀ ਭਾਸ਼ਾ ਵਿਚ ਲਿਖੇ ਸਾਈਨ ਬੋਰਡ ਲਾ ਕੇ ਮਾਂ ਦਿਵਸ ਮਨਾਇਆ। ਪਿੰਡ ਭੀਮਾ ਦੇ ਵੱਖ-ਵੱਖ ਸਾਂਝੇ ਸਥਾਨਾਂ ਅਤੇ ਸਰਕਾਰੀ ਇਮਾਰਤਾਂ 'ਤੇ ਕੇਵਲ ਹਿੰਦੀ ਵਿਚ ਹੀ ਲਿਖਿਆ ਹੋਇਆ ਹੈ ਪਰ ਪੰਜਾਬੀ ਬੈਲਟ ਦੇ ਇਨ੍ਹਾਂ ਇਨਸਾਨਾਂ ਵਿਚ ਅਪਣੀ ਮਾਂ ਭਾਸ਼ਾ ਪੰਜਾਬੀ ਪ੍ਰਤੀ ਖਿੱਚ ਬਰਕਰਾਰ ਹੈ। ਇਸ ਲਈ ਪਿੰਡ ਦੇ ਅਗਾਂਹਵਧੂ ਨੌਜਵਾਨ ਕਲੱਬ ਮੈਬਰਾਂ ਨੇ ਪਿੰਡ ਵਾਸੀਆਂ ਅਤੇ ਨਗਰ ਪੰਚਾਇਤ ਦੇ ਸਹਿਯੋਗ ਨਾਲ 8 ਸਾਈਨ ਬੋਰਡ ਤਿਆਰ ਕਰਵਾ ਕੇ ਪਿੰਡ ਵਿਚ ਅਲੀਕਾਂ ਰੋਡ, ਰੋਹਣ ਰੋਡ, ਰੋੜੀ ਰੋਡ, ਮੱਤੜ, ਲਹਿਗੇਵਾਲਾ ਅਤੇ ਥਿਰਾਜ ਰੋਡ ਆਦਿ 'ਤੇ ਪੰਜਾਬੀ ਵਿਚ ਲਿਖੇ ਇਹ ਸਾਈਨ ਬੋਰਡ ਲਾਏ ਹਨ ਤਾਕਿ ਇਥੋਂ ਲੰਘਦੇ ਰਾਹੀਆਂ ਨੂੰ ਅਪਣੇ ਰਸਤਿਆਂ ਵਲ ਜਾਣ ਲਈ ਸਹੂਲਤ ਮਿਲ ਸਕੇ।

ਸਿਰਸਾ ਜਿਲ੍ਹੇ ਦੇ ਪਿੰਡ ਦੇ ਭੀਮਾ ਦੇ ਰਸਤਿਆਂ ਤੇ ਲੱਗੇ ਪੰਜਾਬੀ 'ਚ ਲਿਖੇ ਬੋਰਡ


ਇਸ ਸਬੰਧੀ ਪਿੰਡ ਭੀਮਾ ਦੇ ਗੁਰੂ ਨਾਨਕ ਦੇਵ ਵੈਲਫ਼ੇਅਰ ਸੋਸਾਇਟੀ ਦੇ ਸੰਚਾਲਕ ਡਾ. ਜਗਤਾਰ ਸਿੰਘ ਅਤੇ ਸਾਥੀ ਕਲੱਬ ਮੈਬਰਾਂ ਨੇ ਦਸਿਆ ਕਿ ਇਸ ਨੇਕ ਕਾਰਜ ਵਿਚ ਡੇਰਾ ਬਾਬਾ ਬੂਟੀ ਨਾਥ, ਗਰਾਮ ਪੰਚਾਇਤ ਭੀਮਾ ਅਤੇ ਨੌਜਵਾਨ ਭਾਰਤ ਸਭਾ ਇਕਾਈ ਸਿਰਸਾ ਨੇ ਇਸ ਨੂੰ ਨੌਜਵਾਨਾਂ ਦੀ ਉਤਮ ਕੋਸ਼ਿਸ਼ ਦਸਿਆ। ਇਨ੍ਹਾਂ ਨੌਜਵਾਨਾਂ ਨੇ ਹਰਿਆਣਾ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ  ਹਰਿਆਣਾ ਵਿਚ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਦਾ ਸਹੀ ਦਰਜਾ ਦੇਣ ਲਈ ਸਾਰੇ ਸਰਕਾਰੀ ਅਤੇ ਗ਼ੈਰ ਸਰਕਾਰੀ ਅਤੇ ਸਾਂਝੀਆਂ ਥਾਵਾਂ 'ਤੇ ਹਿੰਦੀ ਦੇ ਨਾਲ-ਨਾਲ ਪੰਜਾਬੀ ਵਿਚ ਵੀ ਲਿਖਿਆ ਜਾਵੇ ਅਤੇ ਹਿੰਦੀ ਦੇ ਨਾਲ ਦਫ਼ਤਰਾਂ ਵਿਚ ਕੰਮਕਾਰ ਪੰਜਾਬੀ ਵਿਚ ਕਰਨ ਦੀ ਵੀ ਇਜਾਜ਼ਤ ਹੋਵੇ।