ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਤਹਿਤ 207 ਲਾਭਪਾਤਰੀਆਂ ਨੂੰ ਵੰਡੀ ਸਮੱਗਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਤਹਿਤ 207 ਲਾਭਪਾਤਰੀਆਂ ਨੂੰ ਵੰਡੀ ਸਮੱਗਰੀ

1

ਮੁਕੇਰੀਆਂ, 12 ਮਈ (ਹਰਦੀਪ ਸਿੰਘ ਭੰਮਰਾ) : ਕੋਰੋਨਾ ਵਾਇਰਸ ਦੇ ਖ਼ਤਰੇ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਲਾਗੂ ਕੀਤੇ ਗਏ ਲਾਕਡਾਊਨ ਦੌਰਾਨ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਹਤ ਦੇਣ ਲਈ ਆਰੰਭ ਕੀਤੀ ਗਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਮੁਕੇਰੀਆਂ ਦੇ ਪਿੰਡ ਖਿੱਚੀਆਂ ਵਿੱਚ ਸੁਪਰਵਾਇਜ਼ਰ ਬਲਵਿੰਦਰ ਸਿੰਘ ਦੀ ਦੇਖ-ਰੇਖ ਹੇਠ ਡੀਪੂ ਹੋਲਡਰ ਆਸ਼ਾ ਰਾਣੀ ਵੱਲੋਂ ਲਾਭਪਾਤਰੀਆਂ ਨੂੰ ਕਣਕ ਅਤੇ ਦਾਲ ਤਕਸੀਮ ਕੀਤੀ ਗਈ। ਇਸੇ ਦੌਰਾਨ ਸਵੇਰੇ ਰਾਹਤ ਸਮੱਗਰੀ ਦੀ ਵੰਡ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ਲੋੜਵੰਦ ਲੋਕ ਰਾਸ਼ਨ ਡਿਪੂ ਨੇੜੇ ਇਕੱਠੇ ਹੋਏ ਗਏ ਜਿਨ੍ਹਾਂ ਨੂੰ ਪੁਲਿਸ ਪ੍ਰਸ਼ਾਸ਼ਨ ਦੀ ਮਦਦ ਸਰੀਰਿਕ ਦੂਰੀ ਬਣਾ ਕੇ ਰੱਖਣ ਅਤੇ ਮਾਸਕ ਦੀ ਵਰਤੋਂ ਕਰਨ ਦੀ ਅਪੀਲ ਕਰਨ ਤੋਂ ਬਾਅਦ ਰਾਹਤ ਸਮੱਗਰੀ ਦੀ ਵੰਡ ਸ਼ੁਰੂ ਕੀਤੀ ਗਈ। ਇਸ ਸਮੇਂ ਗੱਲਬਾਤ ਕਰਦੇ ਹੋਏ ਸੁਪਰਵਾਇਜ਼ਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਹਰੇਕ ਲਾਭਪਾਤਰੀ ਨੂੰ ਸਮਾਰਟ ਕਾਰਡ ਯੋਜਨਾ ਅਧੀਨ ਕਣਕ ਤੇ ਦਾਲ ਦੀ ਮੁੱਫ਼ਤ ਵੰਡ ਕੀਤੀ ਜਾਣੀ ਹੈ।

ਉਨ੍ਹਾਂ ਦੱਸਿਆ ਕਿ ਯੋਜਨਾ ਤਹਿਤ ਪ੍ਰਤੀ ਲਾਭਪਾਤਰੀ ਨੂੰ 5 ਕਿੱਲੋ ਕਣਕ ਅਤੇ ਹਰੇਕ ਪਰਿਵਾਰ ਨੂੰ 1 ਕਿੱਲੋ ਦਾਲ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਅਗਲੇ ਤਿੰਨ ਮਹੀਨੇ ਲਈ ਰਾਹਤ ਮੁਹੱਈਆ ਕਰਵਾਈ ਜਾਵੇਗੀ। ਜਦਕਿ ਪਿੰਡ ਖਿੱਚੀਆਂ ਵਿਖੇ 207 ਦੇ ਕਰੀਬ ਲਾਭਪਾਤਰੀਆਂ ਨੂੰ ਕਰੀਬ ਸਾਢੇ 6 ਕੁਇੰਟਲ ਦਾਲ ਅਤੇ 150 ਕੁਇੰਟਲ ਕਣਕ ਤਕਸੀਮ ਕੀਤੀ ਗਈ ਹੈ।


ਉਨ੍ਹਾਂ ਦੱਸਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਚਾਲੂ ਕਰਫਿਊ ਅਤੇ ਲਾਕਡਾਊਨ ਕਾਰਨ ਕੋਈ ਵੀ ਗਰੀਬ ਤੇ ਲੋੜਵੰਦ ਪਰਿਵਾਰ ਭੁੱਖਾ ਨਾ ਸੌਂਵੇ। ਉਨ੍ਹਾਂ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਰਾਹਤ ਸਮੱਗਰੀ ਲੈਣ ਲਈ ਆਉਣ ਵੇਲੇ ਕੋਰੋਨਾ ਵਾਇਰਸ ਤੋਂ ਬਚਣ ਲਈ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਇਸ ਮੌਕੇ ਸਰਪੰਚ ਬਲਵਿੰਦਰ ਸਿੰਘ ਬਿੰਦੀ, ਸੁਰਿੰਦਰ ਸਿੰਘ ਗੋਲੜਾ, ਪੰਚ ਦਿਲਦਾਰ ਸਿੰਘ, ਪ੍ਰੇਮ ਲਾਲ, ਪਰਮਜੀਤ ਕੌਰ ਆਦਿ ਵੀ ਹਾਜ਼ਰ ਸਨ।