ਮਿਡ-ਡੇ-ਮੀਲ ਵਰਕਰਾਂ ਦੇ ਪਿੰਡ-ਪਿੰਡ ਰੋਸ ਮੁਜ਼ਾਹਰੇ ਰੋਸ ਹਫ਼ਤੇ ਦੀ ਲੜੀ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਿਡ-ਡੇ-ਮੀਲ ਵਰਕਰਾਂ ਦੇ ਪਿੰਡ-ਪਿੰਡ ਰੋਸ ਮੁਜ਼ਾਹਰੇ ਰੋਸ ਹਫ਼ਤੇ ਦੀ ਲੜੀ ਜਾਰੀ

1

ਜਲੰਧਰ-ਕਰਤਾਰਪੁਰ, 12 ਮਈ (ਲੱਖਞਿੰਦਰ ਸਿੰਘ ਲੱਕੀ-ਨੱਸੀ) : ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਸੈਂਕੜੇ ਮਿਡ-ਡੇ-ਮੀਲ ਵਰਕਰਾਂ ਨੇ ਵੱਖ ਵੱਖ ਥਾਈਂ ਇਕੱਠੇ ਹੋ ਕੇ ਪੰਜਾਬ ਸਰਕਾਰ ਦੇ ਖ਼ਿਲਾਫ ਦੂਸਰੇ ਦਿਨ ਵੀ ਰੋਸ ਮੁਜ਼ਾਹਰੇ ਕੀਤੇ।


ਵੱਖ ਵੱਖ ਥਾਵਾਂ 'ਤੇ ਵਰਕਰਾਂ ਦੇ ਮੁਜ਼ਾਹਰਿਆਂ ਵਿਚ ਬੋਲਦਿਆਂ ਯੂਨੀਅਨ ਆਗੂਆਂ ਨੇ ਕਿਹਾ ਕਿ ਮਿਡ-ਡੇ-ਮੀਲ ਵਰਕਰਾਂ ਸਕੂਲਾਂ ਅੰਦਰ ਸਿਰਫ 1700 ਰੁਪਏ ਪ੍ਰਤੀ ਮਹੀਨਾ 'ਤੇ ਕੰਮ ਕਰਦੀਆਂ ਹਨ ਅਤੇ ਆਪਣਾ ਗੁਜ਼ਾਰਾ ਕਰਨ ਲਈ ਲੋਕਾਂ ਦੇ ਘਰਾਂ ਵਿਚ ਸਾਫ ਸਫਾਈ ਅਤੇ ਖ਼ੇਤ ਮਜ਼ਦੂਰੀ ਦਾ ਕੰਮ ਵੀ ਕਰਦੀਆਂ ਹਨ। ਵੱਖ ਵੱਖ ਥਾਵਾਂ 'ਤੇ ਕੀਤੇ ਗਏ ਰੋਸ ਪ੍ਰਦਰਸ਼ਨਾਂ ਵਿਚ ਸ਼ਾਮਿਲ ਹੋਈਆਂ ਮਿਡ-ਡੇ-ਮੀਲ ਵਰਕਰਾਂ ਨੇ ਆਪਣੀ ਪੀੜਾ ਦੱਸਦਿਆਂ ਕਿਹਾ ਕਿ, ''ਕਰੋਨਾ ਲੌਕਡਾਉਨ ਅਤੇ ਕਰਫਿਊ ਦੇ ਸਮੇਂ ਵਿਚ ਸਾਡੇ ਪਰਿਵਾਰਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ, ਇੱਕ ਤਾਂ ਪੰਜਾਬ ਸਰਕਾਰ ਨੇ ਗ਼ਰੀਬ ਵਰਕਰਾਂ ਦੀ ਮਾਰਚ ਮਹੀਨੇ ਦੀ ਤਨਖਾਹ ਕੱਟ ਲਈ ਹੈ, ਦੂਸਰਾ 'ਕਰੋਨਾ ਵਾਇਰਸ' ਦੇ ਫੈਲਣ ਦੇ ਡਰ ਕਾਰਨ ਲੋਕਾਂ ਨੇ ਵੀ ਸਾਨੂੰ ਆਪਣੇ ਘਰਾਂ ਅਤੇ ਖੇਤਾਂ ਅੰਦਰ ਕੰਮ ਕਰਨ ਤੋਂ ਰੋਕ ਦਿੱਤਾ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਇਸ ਬਾਬਤ ਅਸੀਂ ਸਰਕਾਰ ਨੂੰ ਇਹਨਾਂ ਵਰਕਰਾਂ ਦੀ ਮਾਰਚ ਮਹੀਨੇ ਦੀ ਤਨਖਾਹ ਦੇਣ ਅਤੇ ਲੌਕਡਾਊਨ ਸਮੇਂ ਦੌਰਾਨ 3000/- ਰੁਪਏ ਗੁਜ਼ਾਰਾ ਭੱਤਾ ਦੇਣ ਦੀ ਅਪੀਲ ਕੀਤੀ ਸੀ, ਪਰ ਪੰਜਾਬ ਸਰਕਾਰ ਸਾਡੇ ਵੱਲ ਕੋਈ ਧਿਆਨ ਨਹੀਂ ਦਿੱਤਾ।


ਮਿਡ-ਡੇ-ਮੀਲ ਵਰਕਰਾਂ ਵਲੋਂ 11 ਮਈ ਤੋਂ 17 ਮਈ 2020 ਤੱਕ ਪੰਜਾਬ ਸਰਕਾਰ ਵਿਰੁੱਧ ਮਨਾਏ ਜਾ ਰਹੇ ਰੋਸ ਹਫਤੇ ਦੇ ਦੂਸਰੇ ਦਿਨ ਕਰਤਾਰਪੁਰ ਸ਼ਹਿਰ ਅਤੇ ਸਰਾਏ ਖਾਸ ਵਿਖੇ ਆਪਣੀਆਂ ਮੰਗਾਂ ਦੀਆਂ ਤਖ਼ਤੀਆਂ ਲੈ ਕੇ ਅਤੇ ਜਥੇਬੰਦੀ ਦੇ ਬੈਨਰ ਤੇ ਲਾਲ ਝੰਡੇ ਲਹਿਰਾ ਕੇ ਸਰਕਾਰ ਵਿਰੁੱਧ ਰੋਸ ਰੈਲੀਆਂ ਕੀਤੀਆਂ।
ਯੂਨੀਅਨ ਨੇ ਮੰਗ ਕੀਤੀ ਕਿ ਮਿਡ-ਡੇ-ਮੀਲ ਵਰਕਰਾਂ ਨੂੰ ਮਾਰਚ 2020 ਦੀ ਤਨਖਾਹ ਦਿੱਤੀ ਜਾਵੇ, ਪੰਜਾਬ ਸਰਕਾਰ ਵਲੋਂ ਅਪ੍ਰੈਲ 2020 ਤੋਂ ਵਰਕਰਾਂ ਨੂੰ 3 ਹਜ਼ਾਰ ਰੁਪਏ ਤਨਖਾਹ ਸਾਲ ਵਿਚ 12 ਮਹੀਨੇ ਦੇਣ ਦੇ ਕੀਤੇ ਗਏ ਵਾਅਦੇ ਨੂੰ ਤੁਰੰਤ ਪੂਰਾ ਕੀਤਾ ਜਾਵੇ ਅਤੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਵਲੋਂ ਵਰਕਰਾਂ 'ਤੇ ਘੱਟੋ ਘੱਟ ਉਜ਼ਰਤਾਂ ਲਾਗੂ ਕੀਤੀਆਂ ਜਾਣ।