ਪ੍ਰਦੇਸ਼ ਕਾਂਗਰਸ 'ਚ ਵੀ ਹਿਲਜੁਲ , ਸੁਨੀਲ ਜਾਖੜ ਨੇ ਮੰਤਰੀਆਂ ਦੇ ਕਦਮ ਨੂੰ ਸਹੀ ਠਹਿਰਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੰਤਰੀਆਂ ਅਤੇ ਮੁੱਖ ਸਕੱਤਰ ਵਿਚਕਾਰ ਵਿਵਾਦ ਦੇ ਦੋ-ਤਿੰਨ ਦੇ ਘਟਨਾਕ੍ਰਮ ਬਾਅਦ ਹੁਣ ਪੰਜਾਬ ਕਾਂਗਰਸ ਅੰਦਰ ਵੀ ਹਿਲਜੁਲ ਸ਼ੁਰੂ ਹੋ ਚੁੱਕੀ ਹੈ

File Photo

ਚੰਡੀਗੜ੍ਹ, 11 ਮਈ (ਗੁਰਉਪਦੇਸ਼ ਭੁੱਲਰ): ਮੰਤਰੀਆਂ ਅਤੇ ਮੁੱਖ ਸਕੱਤਰ ਵਿਚਕਾਰ ਵਿਵਾਦ ਦੇ ਦੋ-ਤਿੰਨ ਦੇ ਘਟਨਾਕ੍ਰਮ ਬਾਅਦ ਹੁਣ ਪੰਜਾਬ ਕਾਂਗਰਸ ਅੰਦਰ ਵੀ ਹਿਲਜੁਲ ਸ਼ੁਰੂ ਹੋ ਚੁੱਕੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਮੰਤਰੀਆਂ ਦੇ ਕਦਮ ਨੂੰ ਪੂਰੀ ਤਰ੍ਹਾਂ ਵਾਜਿਬ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਮੀਟਿੰਗ 'ਚੋਂ ਵਾਕਆਊਟ ਦਾ ਫ਼ੈਸਲਾ ਸਹੀ ਸੀ। ਜਾਖੜ ਦਾ ਕਹਿਣਾ ਹੈ ਕਿ ਅਫ਼ਸਰਸ਼ਾਹੀ ਮੁੱਖ ਮੰਤਰੀ ਦੀ ਸ਼ਰਾਫ਼ਤ ਦਾ ਨਾਜਾਇਜ਼ ਫ਼ਾਇਦਾ ਉਠਾ ਰਹੀ ਹੈ। ਲੋਕਾਂ ਦੇ ਚੁਣੇ ਪ੍ਰਤੀਨਿਧਾਂ ਵਲੋਂ ਲੋਕਾਂ ਦੇ ਮਸਲਿਆਂ ਲਈ ਆਵਾਜ਼ ਉਠਾਉਣਾ ਪੂਰੀ ਤਰ੍ਹਾਂ ਲੋਕ ਹਿਤ ਹੈ।

ਉਨ੍ਹਾਂ ਕਿਹਾ ਕਿ ਸ਼ਰਾਬ ਦੀ ਹੋਮ ਡਿਲਵਰੀ ਦੇ ਉਹ ਵੀ ਹੱਕ 'ਚ ਨਹੀਂ ਤੇ ਇਸ ਦਾ ਗ਼ਲਤ ਸੰਦੇਸ਼ ਜਾਵੇਗਾ। ਸੰਸਦ ਮੈਂਬਰ ਬਿੱਟੂ ਵਲੋਂ ਮੰਤਰੀਆਂ ਬਾਰੇ ਕੀਤੀ ਟਿਪਣੀ 'ਤੇ ਉਨ੍ਹਾਂ ਕਿਹਾ ਕਿ ਅਸਤੀਫ਼ੇ ਦੇਣ ਦਾ ਸਵਾਲ ਹੀ ਨਹੀਂ ਬਲਕਿ ਅਫ਼ਸਰਾਂ ਦੀ ਲਗਾਮ ਕਸਣਾ ਜ਼ਰੂਰੀ ਹੈ। ਇਸੇ ਦੌਰਾਨ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਪਾਰਟੀ ਵਿਧਾਇਕ ਦਲ ਦੀ ਮੀਟਿੰਗ ਬੁਲਾਉਣ ਦੀ ਮੰਗ ਕਰ ਦਿਤੀ। ਉਨ੍ਹਾਂ ਕਿਹਾ ਕਿ ਮੰਤਰੀ ਹੀ ਨਹੀਂ ਬਲਕਿ ਵਿਧਾਇਕਾਂ ਨੂੰ ਵੀ ਅਫ਼ਸਰਸ਼ਾਹੀ ਵਿਰੁਧ ਬਹੁਤ ਸ਼ਿਕਾਇਤਾਂ ਹਨ।