ਕੈਪਟਨ ਨੇ ਰਖਿਆ ਮੁੱਖ ਸਕੱਤਰ ਨੂੰ ਮੰਤਰੀ ਮੰਡਲ ਮੀਟਿੰਗ ਤੋਂ ਬਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੰਤਰੀਆਂ ਨੇ ਕੀਤਾ ਐਲਾਨ, ''ਜਿਸ ਮੀਟਿੰਗ 'ਚ ਕਰਨ ਅਵਤਾਰ ਆਵੇਗਾ ਉਸ 'ਚ ਅਸੀ ਨਹੀਂ ਆਵਾਂਗੇ''

File Photo

ਚੰਡੀਗੜ੍ਹ, 11 ਮਈ (ਗੁਰਉਪਦੇਸ਼ ਭੁੱਲਰ) : ਪੰਜਾਬ ਮੰਤਰੀ ਮੰਡਲ ਦੀ ਕੋਰੋਨਾ ਮਹਾਂਮਾਰੀ ਦੇ ਸੰਕਟ ਦੇ ਚਲਦੇ ਅੱਜ ਹੋਈ ਮੰਤਰੀ ਮੰਡਲ ਦੀ ਮੀਟਿੰਗ ਵੀ ਨਵਾਂ ਇਤਿਹਾਸ ਬਣਾ ਗਈ ਜਦੋਂ ਮੰਤਰੀ ਮੰਡਲ ਦੇ ਸਾਰੇ ਮੈਂਬਰਾਂ ਨੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਿਰੁਧ ਮਤਾ ਪਾਸ ਕਰ ਦਿਤਾ। ਅੱਜ ਮੰਤਰੀਆਂ ਨੇ ਅਪਣੀ ਇਕਜੁੱਟਤਾ ਤੇ ਤਾਕਤ ਵਿਖਾਈ ਜਿਸ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਨੂੰ ਮੀਟਿੰਗ ਤੋਂ ਬਾਹਰ ਰਖਿਆ।

ਮੰਤਰੀਆਂ ਨਾਲ ਵਿਵਾਦ 'ਚ ਉਲਝੇ ਸੂਬੇ ਦੇ ਸੱਭ ਤੋਂ ਵੱਡੇ ਅਧਿਕਾਰੀ ਮੁੱਖ ਸਕੱਤਰ ਲਈ ਇਹ ਪਹਿਲਾ ਝਟਕਾ ਸੀ। ਮੰਤਰੀਆਂ ਵਲੋਂ ਅਪਣਾਏ ਸਖ਼ਤ ਰੁਖ ਤੋਂ ਸਪੱਸ਼ਟ ਹੈ ਕਿ ਹੁਣ ਇਸ ਮੁੱਖ ਸਕੱਤਰ ਦਾ ਅਹੁਦੇ 'ਤੇ ਬਣੇ ਰਹਿਣਾ ਮੁਸ਼ਕਲ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਆਬਕਾਰੀ ਨੀਤੀ ਦੇ ਮੁੱਦੇ ਨੂੰ ਲੈ ਕੇ ਹੋਈ ਪ੍ਰੀ-ਕੈਬਨਿਟ ਮੀਟਿੰਗ ਵਿਚ ਮੰਤਰੀਆਂ ਦੀ ਮੁੱਖ ਸਕੱਤਰ ਨਾਲ ਗਰਮਾ ਗਰਮੀ ਹੋਈ ਸੀ ਅਤੇ ਇਹ ਵੀ ਸ਼ਾਇਦ ਪਹਿਲੀ ਵਾਰ ਸੀ ਕਿ ਉੱਚ ਅਧਿਕਾਰੀਆਂ ਦੀ ਮੀਟਿੰਗ 'ਚੋਂ ਸਾਰੇ ਮੰਤਰੀ ਵਾਕ ਆਊਟ ਕਰ ਗਏ ਸਨ ਜਿਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੰਤਰੀ ਮੰਡਲ ਦੀ ਮੀਟਿੰਗ ਰੱਦ ਕਰ ਕੇ ਅੱਜ ਆਬਕੀ ਨੀਤੀ 'ਤੇ ਚਰਚਾ ਲਈ ਮੁੜ ਮੀਟਿੰਗ ਸੱਦੀ ਗਈ ਸੀ।

ਮੁੱਖ ਮੰਤਰੀ ਨੇ ਇਹ ਮੀਟਿੰਗ ਵੀਡਿਓ ਕਾਨਫ਼ਰੰਸ ਰਾਹੀਂ ਕਰਨੀ ਸੀ। ਮੰਤਰੀਆਂ ਦੇ ਸਖ਼ਤ ਰੁਖ ਨੂੰ ਵੇਖਦਿਆਂ ਮੁੱਖ ਮੰਤਰੀ ਨੇ ਪਹਿਲਾਂ ਹੀ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਮੀਟਿੰਗ 'ਚ ਨਾ ਆਉਣ ਦਾ ਇਸ਼ਾਰਾ ਕਰ ਦਿਤਾ ਸੀ। ਮੁੱਖ ਸਕੱਤਰ ਦੀ ਥਾਂ ਮੁੱਖ ਮੰਤਰੀ ਵਲੋਂ ਐਡੀਸ਼ਨਲ ਮੁੱਖ ਸਕੱਤਰ ਸਤੀਸ਼ ਚੰਦਰਾ ਦੀ ਡਿਊਟੀ ਲਾਈ ਗਈ। ਜ਼ਿਕਰਯੋਗ ਹੈ ਕਿ ਅੱਜ ਮੰਤਰੀ ਮੰਡਲ ਦੀ ਮੀਟਿੰਗ ਤੋਂ ਪਹਿਲਾਂ ਸਾਰੇ ਮੰਤਰੀ ਪੰਜਾਬ ਭਵਨ ਵਿਚ ਇਕੱਠੇ ਹੋਏ ਸਨ ਅਤੇ ਸਾਰੇ ਮੁੱਖ ਸਕੱਤਰ ਵਿਰੁਧ ਇਕਸੁਰ ਸਨ।

ਮੰਤਰੀ ਮੰਡਲ ਦੀ ਮੀਟਿੰਗ ਦੇ ਸ਼ੁਰੂ ਵਿਚ ਹੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਲੋਂ ਕੈਪਟਨ ਅਮਰਿੰਦਰ ਸਿੰਘ ਸਾਹਮਣੇ ਮੁੱਖ ਸਕੱਤਰ ਦੇ ਰਵੱਈਏ ਨੂੰ ਲੈ ਕੇ ਗੱਲ ਰੱਖੀ ਗਈ ਅਤੇ ਇਸ ਦੀ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਤਾਈਦ ਕੀਤੀ। ਮੁੱਖ ਮੰਤਰੀ ਨੇ ਇਸ ਬਾਰੇ ਲਿਖਤੀ ਨੋਟ ਦਰਜ ਕਰਵਾਉਣ ਲਈ ਕਿਹਾ ਤਾਂ ਸਾਰੇ ਮੰਤਰੀਆਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਅਪਣੇ ਵਿਚਾਰ ਦਰਜ ਕਰਵਾ ਦਿਤੇ। ਆਬਕਾਰੀ ਨੀਤੀ 'ਤੇ ਤਾਂ ਚਰਚਾ ਹੀ ਨਹੀਂ ਹੋਈ ਅਤੇ ਸਾਰੇ ਮੰਤਰੀਆਂ ਨੇ ਲੋਕ ਹਿੱਤਾਂ ਦਾ ਧਿਆਨ ਰੱਖ ਕੇ ਨਫ਼ੇ-ਨੁਕਸਾਨ ਦੇਖ ਕੇ ਇਸ ਬਾਰੇ ਫ਼ੈਸਲਾ ਲੈਣ ਦੇ ਅਧਿਕਾਰ ਵੀ ਮੁੱਖ ਮੰਤਰੀ ਨੂੰ ਦੇ ਦਿਤੇ ਹਨ।

ਹੁਣ ਮੁੱਖ ਸਕੱਤਰ ਵਿਰੁਧ ਕਾਰਵਾਈ ਅਤੇ ਸ਼ਰਾਬ ਦੀ ਵਿਕਰੀ ਸਬੰਧੀ ਆਬਕਾਰੀ ਨੀਤੀ ਵਿਚ ਸੋਧ ਸਬੰਧੀ ਫ਼ੈਸਲੇ ਦੀ ਗੇਂਦ ਮੁੱਖ ਮੰਤਰੀ ਦੇ ਪਾਲੇ 'ਚ ਸੁੱਟ ਦਿਤੀ ਹੈ। ਸ਼ਰਾਬ ਦੀ ਹੋਮ ਡਿਲੀਵਰੀ ਦਾ ਬਹੁਤੇ ਮੰਤਰੀਆਂ ਅਤੇ ਕਾਂਗਰਸ ਆਗੂਆਂ ਵਲੋਂ ਵਿਰੋਧ ਹੋ ਰਿਹਾ ਹੈ, ਜਿਸ ਕਰ ਕੇ ਹੋ ਸਕਦਾ ਹੈ ਕਿ ਇਸ ਮਾਮਲੇ 'ਤੇ ਫ਼ੈਸਲਾ ਨਾ ਹੀ ਕੀਤਾ ਜਾਵੇ। ਮੰਤਰੀ ਮੰਡਲ ਮੀਟਿੰਗ ਬਾਅਦ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸਾਰੇ ਮੰਤਰੀਆਂ ਨੇ ਇਕਜੁੱਟ ਹੋ ਕੇ ਮੁੱਖ ਸਕੱਤਰ ਵਿਰੁਧ ਕਾਰਵਾਈ ਲਈ ਮਤਾ ਪਾਸ ਕਰ ਦਿਤਾ ਹੈ ਅਤੇ ਹੁਣ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਨਾ ਹੈ। ਉਨ੍ਹਾਂ ਸਪੱਸ਼ਟ ਐਲਾਨ ਕੀਤਾ ਕਿ ਜਿਸ ਮੀਟਿੰਗ ਵਿਚ ਕਰਨ ਅਵਤਾਰ ਸਿੰਘ ਸ਼ਾਮਲ ਹੋਣਗੇ ਉਸ ਵਿਚ ਮੈਂ ਕਦੇ ਵੀ ਸ਼ਾਮਲ ਨਹੀਂ ਹੋਵਾਂਗਾ।

ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਇਹੀ ਗੱਲ ਆਖੀ। ਮਨਪ੍ਰੀਤ ਬਾਦਲ ਨੇ ਕਿਹਾ ਕਿ ਹੁਣ ਫ਼ੈਸਲਾ ਮੁੱਖ ਮੰਤਰੀ ਨੇ ਕਰਨਾ ਹੈ ਕਿ ਮੁੱਖ ਸਕੱਤਰ ਨੂੰ ਰੱਖਣਾ ਹੈ ਜਾਂ ਮੰਤਰੀਆਂ ਨਾਲ ਰਹਿਣਾ ਹੈ। ਉਨ੍ਹਾਂ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਉਨ੍ਹਾਂ ਦੀ ਕੋਈ ਈਗੋ ਦੀ ਲੜਾਈ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਉਨ੍ਹਾਂ ਦੀ ਮਾਤਾ ਦੀ ਮੌਤ ਹੋਈ ਹੈ ਅਤੇ ਇਸ ਸਮੇਂ ਉਨ੍ਹਾਂ ਦੇ ਪਿਤਾ ਆਈ.ਸੀ.ਯੂ. 'ਚ ਮੌਤ ਦੀ ਲੜਾਈ ਲੜ ਰਹੇ ਹਨ, ਅਜਿਹੇ ਸਮੇਂ 'ਚ ਕੋਈ ਈਗੋ ਜਾਂ ਹੰਕਾਰ ਨਹੀਂ ਰਹਿ ਜਾਂਦਾ।

ਕਰਨ ਅਵਤਾਰ ਸਿੰਘ ਮੀਟਿੰਗ 'ਚ ਨਾ ਆਏ
ਮੁੱਖ ਮੰਤਰੀ ਨੇ ਕਿਹਾ, ਅੱਧੇ ਦਿਨ ਦੀ ਛੁੱਟੀ ਲੈ ਕੇ ਗਏ ਸਨ

ਚੰਡੀਗੜ੍ਹ, 11 ਮਈ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅੱਜ ਦੀ ਕੈਬਨਿਟ ਮੀਟਿੰਗ 'ਚ ਹਾਜ਼ਰ ਨਹੀਂ ਹੋਏ ਕਿਉਂਕਿ ਅੱਜ ਉਨ੍ਹਾਂ ਅੱਧੇ ਦਿਨ ਦੀ ਛੁੱਟੀ ਲੈ ਲਈ ਸੀ। ਇਸ ਗੱਲ ਦੀ ਜਾਣਕਾਰੀ ਇਕ ਸਰਕਾਰੀ ਪ੍ਰੈੱਸ ਬਿਆਨ ਵਿਚ ਦਿੰਦਿਆਂ ਦਸਿਆ ਗਿਆ ਕਿ ਮੁੱਖ ਸਕੱਤਰ ਨੇ ਮੁੱਖ ਮੰਤਰੀ ਦੀ ਪ੍ਰਵਾਨਗੀ ਨਾਲ ਅੱਧੇ ਦਿਨ ਦੀ ਛੁੱਟੀ ਲਈ ਸੀ ਤੇ ਉਹ ਅੱਜ ਦੀ ਮੀਟਿੰਗ ਵਿਚ ਹਾਜ਼ਰ ਨਹੀਂ ਸਨ।

ਇਥੇ ਜ਼ਿਕਰਯੋਗ ਹੈ ਕਿ ਸਨਿਚਰਵਾਰ ਨੂੰ ਕਰਨ ਅਵਤਾਰ ਸਿੰਘ ਨਾਲ ਹੋਏ ਟਕਰਾਅ ਮਗਰੋਂ ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਖ਼ਜ਼ਾਨਾ ਮੰਤਰੀ ਮਨਪ੍ਰੀਤ
ਸਿੰਘ ਬਾਦਲ ਦੀ ਅਗਵਾਈ ਵਿਚ ਇਕ ਪ੍ਰੀ ਕੈਬਨਿਟ ਮੀਟਿੰਗ ਵਿਚੋਂ ਵਾਕ ਆਊਟ ਕਰ ਦਿਤਾ ਸੀ ਤੇ ਅੱਜ ਵੀ ਇਨ੍ਹਾਂ ਮੰਤਰੀਆਂ ਨੇ ਮੁੱਖ ਮੰਤਰੀ ਨੂੰ ਦਸਿਆ ਕਿ ਜਦੋਂ ਤੱਕ ਕਰਨ ਅਵਤਾਰ ਸਿੰਘ ਮੀਟਿੰਗਾਂ ਵਿਚ ਆਉਣਗੇ, ਉਹ ਕੈਬਨਿਟ ਮੀਟਿੰਗਾਂ ਵਿਚ ਨਹੀਂ ਆਉਣਗੇ।
ਉਧਰ ਮੁੱਖ ਮੰਤਰੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕਰਨ ਅਵਤਾਰ ਸਿੰਘ ਅੱਧੇ ਦਿਨ ਦੀ ਛੁੱਟੀ 'ਤੇ ਸਨ।

ਰਾਜਾ ਵੜਿੰਗ ਵਲੋਂ ਮੁੱਖ ਸਕੱਤਰ 'ਤੇ ਲਾਏ ਦੋਸ਼ਾਂ ਬਾਰੇ ਬਿਆਨ ਦੇਣ ਮੁੱਖ ਮੰਤਰੀ : ਖਹਿਰਾ
ਚੰਡੀਗੜ੍ਹ, 11 ਮਈ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਵਲੋਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੇ ਬੇਟੇ ਉਪਰ ਸ਼ਰਾਬ ਦੇ ਕਾਰੋਬਾਰ 'ਚ ਬੇਨਾਮੀ ਹਿੱਸਾ ਹੋਣ ਦੇ ਲਾਏ ਦੋਸ਼ਾਂ ਨੂੰ ਗੰਭੀਰ ਮਾਮਲਾ ਦਸਿਆ ਹੈ। ਉਨ੍ਹਾਂ ਅਪਣੇ ਫ਼ੇਸਬੁੱਕ ਸੰਦੇਸ਼ ਰਾਹੀਂ ਕਿਹਾ ਕਿ ਇਹ ਕਨਫ਼ਲੈਕਟ ਆਫ਼ ਇੰਟਰਸਟ ਦਾ ਮਾਮਲਾ ਹੈ ਜਿਸ ਦਾ ਅਰਥ ਹੈ ਸਰਕਾਰੀ ਅਹੁਦੇ ਦਾ ਇਸਤੇਮਾਲ ਕਰ ਕੇ ਵਪਾਰ ਕਰਨਾ।

ਉਨ੍ਹਾਂ ਕਿਹਾ ਕਿ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦਾ ਇਹ ਮਾਮਲਾ ਹੈ ਅਤੇ ਇਹ ਵਿਭਾਗ ਮੁੱਖ ਮੰਤਰੀ ਕੋਲ ਹੈ। ਇਸ ਵਿਭਾਗ ਦੇ ਵਿੱਤ ਕਮਿਸ਼ਨਰ ਖ਼ੁਦ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਹਨ। ਖਹਿਰਾ ਨੇ ਕਿਹਾ ਕਿ ਇਸ ਲਈ ਰਾਜਾ ਵੜਿੰਗ ਵਲੋਂ ਟਵੀਟ ਰਾਹੀਂ ਲਾਏ ਦੋਸ਼ਾਂ ਬਾਰੇ ਬਿਆਨ ਦੇ ਕੇ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਇਹ ਵੀ ਸਪੱਸ਼ਟ ਕਰਨ ਕਿ ਇਸ ਬਾਰੇ ਉਨ੍ਹਾਂ ਨੂੰ ਪਤਾ ਹੀ ਨਹੀਂ। ਅਜਿਹਾ ਹੈ ਤਾਂ ਉੱਚ ਪੱਧਰੀ ਜਾਂਚ ਕਰਵਾਉਣ। ਅਗਰ ਉਹ ਸਪੱਸ਼ਟ ਨਹੀਂ ਕਰਦੇ ਤਾਂ ਜ਼ਿੰਮੇਵਾਰੀ ਉਨ੍ਹਾਂ 'ਤੇ ਵੀ ਆਏਗੀ। ਖਹਿਰਾ ਨੇ ਇਹ ਵੀ ਕਿਹਾ ਕਿ ਅਗਰ ਵੜਿੰਗ ਦੇ ਤੱਥ ਸਹੀ ਹਨ ਤਾਂ ਕਾਰਵਾਈ ਹੋਵੇ ਅਗਰ ਗ਼ਲਤ ਤੱਥ ਹਨ ਤਾਂ ਉਹ ਵੜਿੰਗ ਦੀ ਜਵਾਬਤਲਬੀ ਕਰਨ। ਉਨ੍ਹਾਂ ਵੜਿੰਗ ਨੂੰ ਵੀ ਕਿਹਾ ਕਿ ਅਗਰ ਦੋਸ਼ ਸਹੀ ਹਨ ਤਾਂ ਹੁਣ ਉਸ ਨੂੰ ਪਿੱਛੇ ਨਹੀਂ ਹਟਣਾ ਚਾਹੀਦਾ।