ਕਣਕ ਦੀ ਖ਼ਰੀਦ, ਟੀਚੇ ਤੋਂ ਹੇਠਾਂ ਰਹਿਣ ਦਾ ਡਰ : ਸਿਨਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਟੀਚਾ 135 ਲੱਖ ਟਨ ਦਾ, ਆਸ 125 ਲੱਖ ਟਨ ਦੀ

ਕੁਲ ਖ਼ਰੀਦ 117 ਲੱਖ ਟਨ 'ਤੇ ਪਹੁੰਚੀ

ਚੰਡੀਗੜ੍ਹ, 11 ਮਈ (ਜੀ.ਸੀ. ਭਾਰਦਵਾਜ) : ਖ਼ਰਾਬ ਮੌਸਮ ਦੇ ਚਲਦਿਆਂ ਅਤੇ ਪੰਜਾਬ ਵਿਚ ਕਣਕ ਦਾ ਝਾੜ ਘਟਣ ਕਰ ਕੇ, ਮੌਜੂਦਾ ਖਰੀਦ ਸੀਜ਼ਨ ਵਿਚ ਕੇਂਦਰੀ ਭੰਡਾਰ ਵਾਸਤੇ ਇਸ ਸੋਨੇ ਰੰਗੀ ਫ਼ਸਲ ਦੀ ਅੱਜ ਸ਼ਾਮ ਤੱਕ 117 ਲੱਖ ਟਨ ਦੀ ਖਰੀਦ ਹੋ ਚੁਕੀ ਸੀ ਅਤੇ ਕਿਸਾਨਾਂ ਨੂੰ ਕੁੱਲ ਅਦਾਇਗੀ 17000 ਕਰੋੜ ਰੁਪਏ ਦੀ ਕੀਤੀ ਜਾ ਚੁੱਕੀ ਹੈ।


ਅਨਾਜ ਸਪਲਾਈ ਮਹਿਕਮੇ ਦੇ ਸੀਨੀਅਰ ਅਧਿਕਾਰੀ ਤੇ ਪ੍ਰਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਦਸਿਆ ਕਿ 180 ਲੱਖ ਟਨ ਦੀ ਸੰਭਾਵੀ ਪੈਦਵਾਰ 'ਚੋਂ ਇਸ ਵਾਰ ਖਰੀਦ ਦਾ ਟੀਚਾ 130-135 ਲੱਖ ਟਨ ਦਾ ਰਖਿਆ ਸੀ ਪਰ ਲਗਦਾ ਹੈ ਇਹ ਖਰੀਦ 125-126 ਲੱਖ ਟਨ ਤਕ ਹੀ ਪਹੁੰਚੇਗੀ।

ਸਿਨਹਾ ਨੇ ਇਹ ਵੀ ਦਸਿਆ ਕਿ ਮਾਲਵਾ ਖੇਤਰ ਵਿਚ 98 ਫ਼ੀ ਸਦੀ ਖਰੀਦ ਪੂਰੀ ਹੋ ਚੁੱਕੀ ਹੈ ਅਤੇ ਹੁਣ ਰੋਜ਼ਾਨਾ ਦੋਆਬਾ ਅਤੇ ਮਾਝਾ ਇਲਾਕੇ ਦੀਆਂ ਮੰਡੀਆਂ ਵਿਚ 2 ਲੱਖ ਟਨ ਕਣਕ ਹੀ ਵੇਚਣ ਲਈ ਆ ਰਹੀ ਹੈ। ਕੇ.ਏ.ਪੀ. ਸਿਨਹਾ ਦਾ ਕਹਿਣਾ ਹੈ ਕਿ ਅਗਲੇ 10 ਕੁ ਦਿਨ ਤਕ ਇਸ ਖਰੀਦ ਦਾ ਸਿਲਸਿਲਾ ਚੱਲੇਗਾ।

ਉਨ੍ਹਾਂ ਸਪਸ਼ਟ ਕੀਤਾ ਕਿ ਕੁਲ ਖਰੀਦ ਦਾ 85 ਫ਼ੀ ਸਦੀ ਪੰਜਾਬ ਦੀਆਂ 4 ਏਜੰਸੀਆਂ ਪਨਗ੍ਰੇਨ, ਪਨਸਪ, ਮਾਰਕਫ਼ੈੱਡ ਅਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ ਖਰੀਦਿਆ ਹੈ ਜਦੋਂ ਕਿ ਕੇਂਦਰੀ ਏਜੰਸੀ ਐੱਫ਼.ਸੀ.ਆਈ. ਨੇ ਕੇਵਲ 15 ਫ਼ੀ ਸਦੀ ਹੀ ਖਰੀਦ ਕਰਨੀ ਹੈ।