ਕੋਰੋਨਾ ਤੋਂ ਬਾਅਦ ਹੁਣ 'ਫ਼ੰਗਸ ਇੰਫੈਕਸ਼ਨ' ਹੋ ਰਹੀ ਹੈ ਘਾਤਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਛਾਤੀ, ਨੱਕ ਅਤੇ ਅੱਖਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ ਜ਼ਿਆਦਾ ਪ੍ਰਭਾਵ

File Photo

ਫਰੀਦਕੋਟ (ਸੁਖਜਿੰਦਰ ਸਹੋਤਾ)- ਦੁਨੀਆ ਅੰਦਰ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਜਾਰੀ ਹੈ ਜਿਸ ਨਾਲ ਬਹੁਤ ਲੋਕ ਇਸ ਬਿਮਾਰੀ ਦੀ ਚਪੇਟ ਵਿਚ ਆ ਚੁੱਕੇ ਹਨ। ਹਾਲਾਂਕਿ ਇਸ ਬਿਮਾਰੀ 'ਚ ਠੀਕ ਹੋਣ ਦੀ ਦਰ ਕਾਫ਼ੀ ਜ਼ਿਆਦਾ ਹੈ ਪਰ ਨਵੀਆਂ ਖੋਜਾਂ 'ਚ ਇਹ ਸਾਹਮਣੇ ਆ ਰਿਹਾ ਹੈ ਕਿ ਜੋ ਲੋਕ ਇਸ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ।

ਉਹ ਹੁਣ ਨਵੀਂ ਬਿਮਾਰੀ ਫ਼ੰਗਸ ਇੰਫੈਕਸ਼ਨ ਦੇ ਪ੍ਰਭਾਵ 'ਚ ਆ ਰਹੇ ਹਨ ਅਤੇ ਖ਼ਾਸ ਕਰ ਫ਼ੰਗਲ ਇੰਫੈਕਸ਼ਨ ਉਨ੍ਹਾਂ ਮਰੀਜਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਜੋ ਸ਼ੂਗਰ ਦੇ ਮਰੀਜ਼ ਸਨ ਜਾਂ ਜਿਨ੍ਹਾਂ 'ਚ ਇਮਿਊਨਿਟੀ ਪਾਵਰ ਬਹੁਤ ਘੱਟ ਹੈ। ਜਿਨ੍ਹਾਂ ਨੂੰ ਕੋਰੋਨਾ ਇਲਾਜ ਦੌਰਾਨ ਸਟੀਅਰਿਡ ਵਰਗੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਇਹ ਫ਼ੰਗਲ ਇੰਫੈਕਸ਼ਨ ਜਿਸ ਨੂੰ ਮਾਹਿਰਾਂ ਵੱਲੋਂ ਬਲੈਕ ਫ਼ੰਗਸ ਦਾ ਨਾਮ ਦਿੱਤਾ ਜਾ ਰਿਹਾ ਹੈ ਇੰਨੀ ਘਾਤਕ ਹੋ ਸਕਦੀ ਹੈ ਕੇ ਇਸ ਬਿਮਾਰੀ ਤੋਂ ਪੀੜਤ ਮਰੀਜ਼ ਦੇ ਸਰੀਰ ਦੇ ਉਸ ਹਿੱਸੇ ਨੂੰ ਸਰਜਰੀ ਕਰ ਰੀਮੂਵ ਕਰਨਾ ਪੈ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ ਦੇ ਵਾਈਸ ਚਾਂਸਲਰ ਡਾ ਰਾਜ ਬਹਾਦੁਰ ਨੇ ਦੱਸਿਆ ਕਿ ਕਰੋਨਾ ਬਿਮਾਰੀ ਦੌਰਾਨ ਕਈ ਤਰ੍ਹਾਂ ਦੀਆਂ ਐਂਟੀ ਐਲਰਜਿਕ ਦਵਾਈਆਂ ਜਾ ਸਟਰੋਗ ਸਟੀਅਰਿਡ ਦੇਣੇ ਪੈਂਦੇ ਹਨ ਜਿਸ ਨਾਲ ਜੋ ਸ਼ੂਗਰ ਦੇ ਮਰੀਜ਼ ਹਨ ਜਾਂ ਜਿਨ੍ਹਾਂ ਦੀ ਇਮਿਊਨਿਟੀ ਪਾਵਰ ਘੱਟ ਹੈ ਉਹ ਫ਼ੰਗਸ ਇੰਫੈਕਸ਼ਨ ਦੇ ਸ਼ਿਕਾਰ ਹੋ ਜਾਂਦੇ ਹਨ, ਜਿਨ੍ਹਾਂ ਦੀ ਤੁਰੰਤ ਜਾਂਚ ਕਰ ਇਸ ਦਾ ਇਲਾਜ਼ ਸ਼ੁਰੂ ਕਰਨਾ ਪੈਂਦਾ ਹੈ ਅਤੇ ਜੇਕਰ ਫ਼ੰਗਸ ਇੰਫੈਕਸ਼ਨ ਜ਼ਿਆਦਾ ਹੋਵੇ ਤਾਂ ਸਰਜਰੀ ਕਰ ਸਰੀਰ ਦੇ ਉਸ ਹਿੱਸੇ ਨੂੰ ਰੀਮੂਵ ਕਰਨਾ ਪੈ ਸਕਦਾ ਹੈ ਕਿਉਂਕਿ ਕੋਰੋਨਾ ਸਾਹ ਦੀ ਇੰਫੈਕਸ਼ਨ ਨਾਲ ਹੁੰਦਾ ਹੈ।

ਇਸ ਲਈ ਫ਼ੰਗਸ ਇੰਫੈਕਸ਼ਨ ਦੇ ਲੱਛਣ ਜ਼ਿਆਦਾਤਰ ਨੱਕ 'ਚੋ ਖੂਨ ਆਉਣਾ ,ਛਾਤੀ ਦੀ ਇੰਫੈਕਸ਼ਨ ਆਦਿ ਅਤੇ ਅੱਖਾਂ ਦੀ ਰੌਸ਼ਨੀ 'ਤੇ ਜਿਆਦਾ ਪ੍ਰਭਾਵ ਛੱਡ ਰਹੀ ਹੈ ਅਤੇ ਕਈ ਵਾਰ ਕਈ ਮਾਮਲਿਆ 'ਚ ਅੱਖਾਂ 'ਚ ਫ਼ੰਗਸ ਇੰਫੈਕਸ਼ਨ ਹੋਣ ਦੇ ਚਲੱਦੇ ਅੱਖ ਕੱਢਣੀ ਵੀ ਪੈ ਸਕਦੀ ਹੈ। ਇਸ ਲਈ ਜੇ ਇਸ ਤਰ੍ਹਾਂ ਦੇ ਲੱਛਣ ਆਉਣ ਤਾਂ ਐਂਟੀ ਫ਼ੰਗਸ ਡਰੱਗਜ਼ ਜਾਂ ਜ਼ਰੂਰਤ ਪਏ ਤਾਂ ਸਰਜਰੀ ਇਸ ਦਾ ਇਲਾਜ਼ ਹੈ ਅਤੇ ਭਾਰਤ ਸਰਕਾਰ ਵੱਲੋਂ ਵੀ ਐਡਵਾਈਜ਼ਰੀ ਜਾਰੀ ਕਰ ਇਸ ਨੂੰ ਕੰਟਰੋਲ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹਾਲੇ ਤੱਕ ਇਹ ਚੀਜ਼ ਸਾਹਮਣੇ ਨਹੀਂ ਆਈ ਕਿ ਦੇਸ਼ ਦੇ ਕਿਸ ਹਿੱਸੇ 'ਚ ਇਸ ਦਾ ਜ਼ਿਆਦਾ ਅਸਰ ਹੈ  ਪਰ ਜਿਸ ਤਰ੍ਹਾਂ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ ਇਸ ਪ੍ਰਤੀ ਵੀ ਸਾਨੂੰ ਸੁਚੇਤ ਹੋਣਾ ਪਵੇਗਾ।