ਬਲੈਕਮੇਲ ਕਰ ਕੇ ਔਰਤ ਨਾਲ ਬਲਾਤਕਾਰ ਕਰਨ ਵਾਲਾ ਬਠਿੰਡਾ ਦਾ ASI ਬਰਖ਼ਾਸਤ

ਏਜੰਸੀ

ਖ਼ਬਰਾਂ, ਪੰਜਾਬ

ਐੱਸ. ਐੱਸ. ਪੀ. ਬਠਿੰਡਾ ਭੁਪਿੰਦਰ ਅਜੀਤ ਸਿੰਘ ਵਿਰਕ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਏ. ਐੱਸ. ਆਈ. ਨੂੰ ਬਰਖ਼ਾਸਤ ਕਰਨ ਦੇ ਹੁਕਮ ਜਾਰੀ ਕੀਤੇ ਹਨ।

File Photo

ਬਠਿੰਡਾ : ਬਠਿੰਡਾ ਜ਼ਿਲ੍ਹੇ ਦੇ ਪਿੰਡ ਬਾਠ ਵਿਚ ਇਕ ਵਿਧਵਾ ਔਰਤ ਨੂੰ ਬਲੈਕਮੇਲ ਕਰਕੇ ਜਬਰ-ਜ਼ਿਨਾਹ ਕਰਨ ਦੇ ਮਾਮਲੇ ’ਚ ਜ਼ਿਲ੍ਹਾ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਸੀ. ਆਈ. ਏ. ਸਟਾਫ ਵਨ ’ਚ ਤਾਇਨਾਤ ਏ. ਐਸ. ਆਈ. ਗੁਰਵਿੰਦਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਬਰਖ਼ਾਸਤ ਕਰ ਦਿੱਤਾ ਹੈ। ਐੱਸ. ਐੱਸ. ਪੀ. ਬਠਿੰਡਾ ਭੁਪਿੰਦਰ ਅਜੀਤ ਸਿੰਘ ਵਿਰਕ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਏ. ਐੱਸ. ਆਈ. ਨੂੰ ਬਰਖ਼ਾਸਤ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਐੱਸ. ਐੱਸ. ਪੀ. ਨੇ ਦੱਸਿਆ ਕਿ ਬਠਿੰਡਾ ਸੀ. ਆਈ. ਏ. ਸਟਾਫ ਦੇ ਏ. ਐੱਸ. ਆਈ. ਗੁਰਵਿੰਦਰ ਸਿੰਘ ਦੀ ਸ਼ਰਮਨਾਕ ਹਰਕਤ ਸਾਹਮਣੇ ਆਉਣ ਤੋਂ ਬਾਅਦ ਉਸ ਖ਼ਿਲਾਫ਼ 376 ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੀੜਤ ਵਿਧਵਾ ਦੇ ਪੁੱਤਰ ’ਤੇ ਜਿਹੜਾ ਮਾਮਲਾ ਦਰਜ ਕੀਤਾ ਗਿਆ ਹੈ, ਉਸ ਦੀ ਜਾਂਚ ਲਈ ਐੱਸ. ਆਈ. ਟੀ. ਗਠਿਤ ਕੀਤੀ ਗਈ ਹੈ, ਜੋ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇਗੀ, ਜੇਕਰ ਮਾਮਲੇ ਵਿਚ ਮੁਲਜ਼ਮ ਪੁਲਿਸ ਮੁਲਾਜ਼ਮ ਹੋਰ ਦੋਸ਼ੀ ਪਾਇਆ ਗਿਆ ਤਾਂ ਉਕਤ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਧਰ ਅੱਜ ਪੁਲਿਸ ਪੀੜਤ ਵਿਧਵਾ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਬਠਿੰਡਾ ਲੈ ਕੇ ਆਈ। ਇਸ ਦੌਰਾਨ ਪੱਤਰਕਾਰਾਂ ਨੂੰ ਆਪਣੇ ਨਾਲ ਬੀਤੀ ਸਾਰੀ ਘਟਨਾ ਦੱਸਦਿਆਂ ਮਹਿਲਾ ਨੇ ਕਿਹਾ ਕਿ ਏ. ਐੱਸ. ਆਈ. ਨੇ ਉਸ ਨੂੰ ਧਮਕੀਆਂ ਦਿੱਤੀਆਂ ਸਨ ਕਿ ਉਹ ਉਸ ਦੇ ਲੜਕੇ ਖ਼ਿਲਾਫ਼ ਅਜਿਹਾ ਮੁਕੱਦਮਾ ਦਰਜ ਕਰੇਗਾ ਕਿ ਉਸ ਨੇ ਦਸ ਸਾਲ ਜੇਲ੍ਹ ’ਚੋਂ ਨਹੀਂ ਨਿਕਲਣਾ। ਉਨ੍ਹਾਂ ਦੱਸਿਆ ਕਿ ਛੇ ਤਰੀਕ ਨੂੰ ਮੇਰੇ ਪੁੱਤਰ ਨੂੰ ਘਰੋਂ ਚੁੱਕ ਲਿਆ ਗਿਆ ਸੀ ਅਤੇ ਘਰੋਂ 50-60 ਹਜ਼ਾਰ ਰੁਪਏ ਵੀ ਚੁੱਕ ਲਏ ਗਏ।

ਉਸ ਨੇ ਦੱਸਿਆ ਕਿ ਜਦੋਂ ਉਹ ਸੀ. ਆਈ. ਏ. ਸਟਾਫ ਗਈ ਤਾਂ ਉਸ ਕੋਲੋਂ ਦੋ ਲੱਖ ਰੁਪਏ ਦੀ ਮੰਗ ਕੀਤੀ ਤਾਂ ਉਸ ਨੇ ਕੁੱਝ ਪੈਸੇ ਆਪਣੀ ਭੈਣ ਤੋਂ ਲਏ ਅਤੇ ਕੁੱਝ ਫਾਇਨਾਂਸ ਕੰਪਨੀ ਤੋਂ ਲੈ ਕੇ ਦਿੱਤੇ। ਉਨ੍ਹਾਂ ਦੱਸਿਆ ਕਿ ਉਹ ਆਪਣੇ ਪੁੱਤਰ ਜਿਸ ਕਰਕੇ ਮਜਬੂਰ ਹੋਈ ਹੈ। ਉਸ ਨੇ ਦੱਸਿਆ ਕਿ ਉਹ ਰਾਤ ਨੂੰ 11 ਵਜੇ ਘਰ ਧੱਕੇ ਨਾਲ ਆਇਆ ਸੀ। ਵਿਧਵਾ ਔਰਤ ਨੇ ਦੱਸਿਆ ਕਿ ਉਸ ਨੇ ਜਾਣ ਬੁੱਝ ਕੇ ਉਸ ਦੇ ਪੁੱਤਰ ਨੂੰ ਫਸਾਇਆ ਹੈ।