ਸਰਹਿੰਦ ਫ਼ਤਿਹ ਦਿਵਸ ’ਤੇ ਦਿੱਲੀ ਲਈ ਰਵਾਨਾ ਹੋਣਗੇ ਕਿਸਾਨਾਂ ਦੇ ਜਥੇ

ਏਜੰਸੀ

ਖ਼ਬਰਾਂ, ਪੰਜਾਬ

ਸਰਹਿੰਦ ਫ਼ਤਿਹ ਦਿਵਸ ’ਤੇ ਦਿੱਲੀ ਲਈ ਰਵਾਨਾ ਹੋਣਗੇ ਕਿਸਾਨਾਂ ਦੇ ਜਥੇ

image

ਚੰਡੀਗੜ੍ਹ, 11 ਮਈ (ਸੁਰਜੀਤ ਸਿੰਘ ਸੱਤੀ) : ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਦੀ ਅਗਵਾਈ ’ਚ ਸੂਬੇ ਭਰ ’ਚੋਂ ਕਿਸਾਨਾਂ ਦੇ ਕਾਫ਼ਲੇ ਅੱਜ 12 ਮਈ ਨੂੰ ‘ਸਰਹਿੰਦ ਫ਼ਤਿਹ ਦਿਵਸ’ ਮੌਕੇ ਦਿੱਲੀ ਦੇ ਕਿਸਾਨ-ਮੋਰਚਿਆਂ ਸਿੰਘੂ ਅਤੇ ਟਿਕਰੀ ਲਈ ਖਨੌਰੀ ਅਤੇ ਸ਼ੰਭੂ ਪੰਜਾਬ-ਹਰਿਆਣਾ ਬਾਰਡਰ ਤੋਂ ਰਵਾਨਾ ਹੋਣਗੇ।
ਬੰਦਾ ਸਿੰਘ ਬਹਾਦਰ ਨੇ 12 ਮਈ 1710 ਈਸਵੀ ਨੂੰ ਮੁਗ਼ਲ ਫ਼ੌਜਾਂ ਦਾ ਖ਼ਾਤਮਾ ਕਰ ਕੇ ਚੱਪੜਚਿੜੀ ਦੇ ਮੈਦਾਨ ’ਚੋਂ ਆਜ਼ਾਦੀ ਦੀ ਲੜਾਈ ਆਰੰਭੀ ਸੀ ਅਤੇ ਸੂਬਾ ਸਰਹਿੰਦ ਨੂੰ ਮੌਤ ਦੇ ਘਾਟ ਉਤਰਾ ਕੇ ਜਿਥੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਬਦਲਾ ਲਿਆ, ਉਥੇ ਸੈਂਕੜੇ ਸਾਲਾਂ ਦੀ ਗੁਲਾਮੀ ਤੋਂ ਬਾਅਦ ਪਹਿਲੇ ਸਿੱਖ ਰਾਜ ਦੀ ਸਥਾਪਨਾ ਕਰ ਕੇ ਬੇਜ਼ਮੀਨੇ ਲੋਕਾਂ ਨੂੰ ਜ਼ਮੀਨਾਂ ਦੀ ਮਾਲਕੀ ਦੇ ਅਧਿਕਾਰ ਦਿਤੇ ਗਏ ਸੀ।
ਸੰਯੁਕਤ ਕਿਸਾਨ ਮੋਰਚਾ ’ਚ ਸ਼ਾਮਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਦੇ ਪੱਕੇ-ਧਰਨਿਆਂ ਦੇ 221ਵੇਂ ਦਿਨ ਵੀ ਵੀ ਜੋਸ਼ੋ-ਖ਼ਰੋਸ਼ ਨਾਲ ਜਾਰੀ ਰਹੇ। 3 ਖੇਤੀ ਕਾਨੂੰਨ, ਬਿਜਲੀ ਸੋਧ ਬਿਲ-2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਵਾਉਣ ਲਈ ਕਿਸਾਨਾਂ ਦਾ ਜ਼ਜ਼ਬਾ ਬਰਕਰਾਰ ਹੈ।
ਪੰਜਾਬ ਭਰ ’ਚ 108 ਥਾਵਾਂ ਟੋਲ-ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ, ਅਡਾਨੀਆਂ ਦੀ ਖੁਸ਼ਕ ਬੰਦਰਗਾਹ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਜਾਰੀ ਧਰਨਿਆਂ ’ਚ ਲਗਾਤਾਰ ਕੇਂਦਰ-ਸਰਕਾਰ ਵਿਰੁਧ ਵਰ੍ਹਦਿਆਂ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਵਿਰੁਧ ਕੇਂਦਰ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਕੇਂਦਰ-ਸਰਕਾਰ ਨੂੰ ਲੋਕ ਹਿਤਾਂ ਦੀ ਕੋਈ ਪ੍ਰਵਾਹ ਨਹੀਂ ਹੈ। ਸਿਰਫ਼ ਤੇ ਸਿਰਫ਼ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰ ਦੀ ਚਿੰਤਾ ਹੈ। 
ਕਿਸਾਨੀ-ਧਰਨਿਆਂ ’ਚ ਸੰਬੋਧਨ ਕਰਦਿਆਂ ਆਗੂਆਂ ਤੇ ਬੁਲਾਰਿਆਂ ਨੇ ਕਿਹਾ ਕਿ  ਸਰਕਾਰ ਸਾਡੇ ਅੰਦੋਲਨ ਨੂੰ ਬਦਨਾਮ ਕਰਨ ਦਾ ਕੋਈ ਨਾ ਕੋਈ ਬਹਾਨਾ ਲੱਭਦੀ ਰਹਿੰਦੀ ਹੈ। ਪਿਛਲੇ ਦਿਨੀਂ ਦਿੱਲੀ ਦੇ ਕਿਸਾਨ ਮੋਰਚੇ ’ਚ ਸ਼ਾਮਲ ਹੋਣ ਆਈ ਬੰਗਾਲ ਦੀ ਇਕ ਲੜਕੀ ਦੀ ਮੰਦਭਾਗੀ ਮੌਤ ਨੂੰ ਸਰਕਾਰ ਤੇ ਬੀਜੇਪੀ ਨੇਤਾ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਵਰਤਣ ਦੀ ਕੋਸ਼ਿਸ਼ ਕਰ ਰਹੇ ਹਨ। ਸੰਯੁਕਤ ਮੋਰਚੇ ਦੇ ਆਗੂ ਪਹਿਲਾਂ ਹੀ ਇਸ ਮੰਦਭਾਗੀ ਘਟਨਾ ’ਤੇ ਦੁੱਖ ਪਰਗਟ ਕਰ ਚੁੱਕੇ ਹਨ। ਕਿਸਾਨ ਆਗੂ ਪੁਲਿਸ ਵਲੋਂ ਇਸ ਘਟਨਾ ਦੀ ਵਿਸਥਾਰਪੂਰਵਕ ਜਾਂਚ ਕਰਨ ਦੀ ਮੰਗ ਕਰ ਰਹੇ ਹਨ ਅਤੇ ਇਸ ਜਾਂਚ ਵਿਚ ਪੂਰਨ ਸਹਿਯੋਗ ਦਾ ਭਰੋਸਾ ਦਿਵਾ ਰਹੇ ਹਨ। ਲੜਕੀ ਦੇ ਪਿਤਾ  ਨੇ ਵੀ ਸੰਯੁਕਤ ਕਿਸਾਨ ਮੋਰਚੇ ਨੂੰ ਕਲੀਨ ਚਿੱਟ ਦੇ ਦਿਤੀ ਹੈ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਤੇ ਬੀਜੇਪੀ ਅੰਦੋਲਨ ਨੂੰ ਬਦਨਾਮ ਕਰਨ ਲਈ ਇਸ ਪ੍ਰਕਾਰ ਦੇ ਘਟੀਆ ਹੱਥਕੰਡਿਆਂ ਦੀ ਵਰਤੋਂ ਨਾ ਕਰੇ।