ਕੌਮੀ ਆਫ਼ਤਾਂ ਦੌਰਾਨ ਮਦਦ ਲਈ ਸਿੱਖ ਧਰਮ ਦੁਨੀਆਂ ਵਿਚ ਸੱਭ ਤੋਂ ਅੱਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਾਨ ਦੇਣ ਦੇ ਮਾਮਲੇ ਵਿਚ ਧਰਮ ਅਤੇ ਸਮਾਜ ਦੇ ਠੇਕੇਦਾਰ ਸੱਭ ਤੋਂ ਫਾਡੀ

Sikh

ਸੰਗਰੂਰ (ਪਪ) : ਦੇਸ਼ ਵਿਚ ਮਹਾਂਮਾਰੀ ਜਾਂ ਐਮਰਜੈਂਸੀ ਦੌਰਾਨ ਜਦੋਂ ਵੀ ਲਾਲਚੀ ਅਤੇ ਵਪਾਰੀ ਵਰਗ ਕਿਸੇ ਜ਼ਰੂਰੀ ਵਸਤੂ ਦੀ ਕਾਲਾਬਾਜ਼ਾਰੀ ਸ਼ੁਰੂ ਕਰਦਾ ਹੈ ਤਾਂ ਐਨ ਉਸੇ ਵੇਲੇ ਸਿੱਖ ਧਰਮ ਨੂੰ ਮੰਨਣ ਵਾਲੇ ਪੈਰੋਕਾਰ ਗੁਰਦੁਆਰਿਆਂ ਅੰਦਰ ਉਨ੍ਹਾਂ ਹੀ ਵਸਤਾਂ ਦਾ ਲੰਗਰ ਲਗਾ ਦਿੰਦੇ ਹਨ।  ਕੋਰੋਨਾ ਮਹਾਂਮਾਰੀ ਦੌਰਾਨ ਇਸ ਨਾਮੁਰਾਦ ਬੀਮਾਰੀ ਨਾਲ ਪੀੜਤ ਲੋਕਾਂ ਲਈ ਜਦੋਂ ਦੇਸ਼ ਦੇ ਹਜ਼ਾਰਾਂ ਹਸਪਤਾਲਾਂ ਅੰਦਰ ਆਕਸੀਜਨ ਦੀ ਭਾਰੀ ਘਾਟ ਸੀ

ਅਤੇ ਵਪਾਰੀ ਵਰਗ ਆਕਸੀਜਨ ਦੇ ਇਨ੍ਹਾਂ ਸਿਲੰਡਰਾਂ ਦੀ ਦੋਗੁਣੇ-ਚੌਗੁਣੇ ਰੇਟ ’ਤੇ ਕਾਲਾਬਾਜ਼ਾਰੀ ਕਰ ਰਿਹਾ ਸੀ ਤਾਂ ਸਿੱਖਾਂ ਨੇ ਪੂਜਾ ਦੇ ਧਨ ਨਾਲ ਦਿੱਲੀ ਦੇ ਪ੍ਰਸਿੱਧ ਅਤੇ ਇਤਿਹਾਸਕ ਗੁਰਦੁਆਰਿਆਂ ਜਿਵੇਂ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਰਕਾਬਗੰਜ ਸਾਹਿਬ ਅਤੇ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਕੋਰੋਨਾ ਮਹਾਂਮਾਰੀ ਨਾਲ ਪੀੜਤ ਅਤੇ ਸਾਹ ਲੈਣ ਤੋਂ ਔਖੇ ਲੋਕਾਂ ਲਈ ਆਕਸੀਜਨ ਦਾ ਮੁਫ਼ਤ ਲੰਗਰ ਲਗਾਇਆ।

 

 

ਇਸ ਲੰਗਰ ਵਿਚ ਉਹ ਪੀੜਤ ਲੋਕ ਜਿਹੜੇ ਗੁਰਦੁਆਰਾ ਸਾਹਿਬ ਆਉਣ ਤੋਂ ਅਸਮਰਥ ਸਨ, ਨੂੰ ਘਰ ਲੈਜਾਣ ਲਈ ਵੀ ਆਕਸੀਜਨ ਸਿਲੰਡਰ ਤਕਸੀਮ ਕੀਤੇ ਗਏ। ਇਨ੍ਹਾਂ ਦਿਨ੍ਹਾਂ ਅੰਦਰ ਅੰਤਰਰਾਸ਼ਟਰੀ ਪੱਧਰ ਦੀ ‘ਖ਼ਾਲਸਾ ਏਡ’ ਸੁਸਾਇਟੀ ਜਿਹੜੀ ਸਮੁੱਚੇ ਸੰਸਾਰ ਅੰਦਰ ਲੋਕ ਭਲਾਈ ਦੇ ਕਾਰਜ ਕਰਨ ਲਈ ਪ੍ਰਸਿੱਧ ਹੈ, ਵਲੋਂ ਦਿੱਲੀ ਦੇ ਕਈ ਹਸਪਤਾਲਾਂ ਨੂੰ ਕੋਰੋਨਾ ਸੰਕਟ ਤੋਂ ਬਚਾਉਣ ਲਈ ਸਬੰਧਤ ਬਹੁਤ ਸਾਰਾ ਕੀਮਤੀ ਸਮਾਨ ਭੇਜਿਆ ਗਿਆ ਤਾਂ ਇਸ ਸਮਾਨ ਦੀ ਕਾਲਾਬਜ਼ਾਰੀ ਕਰਨ ਦੀ ਕੋਸ਼ਿਸ਼ ਦਿੱਲੀ ਹਾਈਕੋਰਟ ਦੀ ਦਖਲਅੰਦਾਜ਼ੀ ਨਾਲ ਰੋਕੀ ਗਈ।

ਤਿੰਨ ਦਿਨ ਪਹਿਲਾਂ ਬਾਲੀਵੁਡ ਦੇ ਪ੍ਰਸਿੱਧ ਗ਼ੈਰ ਸਿੱਖ ਬਜ਼ੁਰਗ ਅਦਾਕਾਰ ਅਮਿਤਾਬ ਬੱਚਨ ਵਲੋਂ ਦਿੱਲੀ ਦੀ ਗੁਰੂ ਤੇਗ ਬਹਾਦਰ ਵੈਲਫ਼ੇਅਰ ਸੁਸਾਇਟੀ ਨੂੰ ਦੋ ਕਰੋੜ ਰੁਪਏ ਦੀ ਵਿੱਤੀ ਮੱਦਦ ਇਸ ਲਈ ਦਿਤੀ ਗਈ ਕਿ ਸਿੱਖਾਂ ਦੀ ਇਹ ਸੰਸਥਾ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਬਹੁਤ ਵਧੀਆ ਕੰਮ ਕਰ ਰਹੀ ਹੈ ਪਰ ਪੰਜਾਬ ਦੇ ਕਈ ਸੈਂਕੜੇ ਨਾਮੀ ਸਿਆਸਤਦਾਨ ਜਿਹੜੇ ਵਿਧਾਇਕ ਅਤੇ ਸੰਸਦ ਮੈਂਬਰ ਬਣਨ ਤੋਂ ਬਾਅਦ ਲੱਖਾਂ ਰੁਪਏ ਤਨਖ਼ਾਹਾਂ ਅਤੇ ਪੈਨਸ਼ਨਾਂ ਦੇ ਰੂਪ ਵਿਚ ਲੈ ਚੁੱਕੇ ਹਨ ਜਾਂ ਲੈ ਰਹੇ ਹਨ, ਨੇ ਹੁਣ ਤਕ ਕੋਰੋਨਾ ਮਹਾਂਮਾਰੀ ਦੌਰਾਨ ਪੀੜਤ ਲੋਕਾਂ ਦੀ ਸਹਾਇਤਾ ਦੇ ਰੂਪ ਵਿਚ ਕਾਣੀ ਕੌਡੀ ਵੀ ਦਾਨ ਨਹੀਂ ਕੀਤੀ। 

ਇਸੇ ਤਰ੍ਹਾਂ ਦੀ ਹਾਲਤ ਸਾਡੇ ਅਰਬਪਤੀ ਸਿੱਖ ਸਿਆਸਤਦਾਨਾਂ, ਸੰਤਾਂ, ਪ੍ਰਚਾਰਕਾਂ, ਅਖੌਤੀ ਬਾਬਿਆਂ, ਡੇਰੇਦਾਰਾਂ ਅਤੇ ਵੱਡੀਆਂ ਜਾਗੀਰਾਂ ਦੇ ਮਾਲਕਾਂ ਦੀ ਹੈ ਜਿਨ੍ਹਾਂ ਕੋਰੋਨਾ ਮਹਾਂਮਾਰੀ ਤੋਂ ਗ਼ਰੀਬ ਲੋਕਾਂ ਨੂੰ ਬਚਾਉਣ ਲਈ ਸਿੱਖ ਸੰਸਥਾਵਾਂ ਵਲੋਂ ਚਲਾਏ ਆਕਸੀਜਨ ਦੇ ਅਸ਼ਵਮੇਧ ਯੱਗ ਅਤੇ ਹੋਰ ਕਈ ਕਾਰਜਾਂ ਵਿਚ ਹੁਣ ਤਕ ਇਕ ਧੇਲਾ ਵੀ ਮਦਦ ਦੇ ਰੂਪ ਵਿਚ ਨਹੀਂ ਭੇਜਿਆ।