ਅਕਾਲ ਤਖ਼ਤ 'ਤੇ ਸਾਰੇ ਹਾਰ ਚੁਕੇ ਅਕਾਲੀ ਗੁਟ ਇਕ ਵਾਰ ਤਾਂ ਇਕੱਠੇ ਬੈਠੇ ਨਜ਼ਰ ਆਏ
ਅਕਾਲ ਤਖ਼ਤ 'ਤੇ ਸਾਰੇ ਹਾਰ ਚੁਕੇ ਅਕਾਲੀ ਗੁਟ ਇਕ ਵਾਰ ਤਾਂ ਇਕੱਠੇ ਬੈਠੇ ਨਜ਼ਰ ਆਏ
ਸਿੱਖ ਬੰਦੀਆਂ ਦੀ ਰਿਹਾਈ ਲਈ ਕੰਮ ਕਰਨ ਦਾ ਐਲਾਨ
ਅੰਮਿ੍ਤਸਰ, 11 ਮਈ (ਪਰਮਿੰਦਰ ਅਰੋੜਾ): ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਏ ਪੰਥਕ ਇਕਠ ਵਿਚ ਵਖਰਾ ਨਜ਼ਾਰਾ ਦੇਖਣ ਨੂੰ ਮਿਲਿਆ | ਲੰਮੇ ਸਮੇ ਬਾਅਦ ਇਹ ਸਾਰੀਆਂ ਚੋਣਾਂ ਵਿਚ ਹਾਰ ਦਾ ਮੁੰਹ ਵੇਖ ਚੁਕੇ ਅਕਾਲੀ ਗੁਟ ਤੇ ਸਿਖ ਬੰਦੀਆਂ ਦੀ ਰਿਹਾਈ ਲਈ ਕੰਮ ਕਰਨ ਦਾ ਸੰਕਲਪ ਲੈਣ ਵਾਲੇ ਕਿੰਨੀ ਦੂਰ ਤਕ ਇਕੱਠੇ ਚਲਦੇ ਹਨ, ਇਹ ਤਾਂ ਸਮਾਂ ਹੀ ਦਸੇਗਾ ਪਰ ਆਮ ਵਿਚਾਰ ਇਹੀ ਹੈ ਕਿ ਬੰਦੀਆਂ ਦੀ ਰਿਹਾਈ ਪੰਥਕ ਇਕੱਠ ਜਾਂ ਗਰਮਾ ਗਰਮ ਤਕਰੀਰਾਂ ਨਹੀਂ ਕਰਵਾ ਸਕਦੀਆ ਸਗੋਂ ਪਰਦੇ ਪਿੱਛੇ ਚੁਪਚਾਪ ਕੀਤੀ ਗੱਲਬਾਤ ਹੀ ਕਰਵਾ ਸਕਦੀ ਹੈ | ਮੋਦੀ ਸਰਕਾਰ ਦਾ ਮਨੋਵਿਗਿਆਨ ਸਮਝ ਕੇ ਕੰਮ ਕਰਨਾ ਜ਼ਰੂਰੀ ਹੈ | ਉਹ ਇਕ ਧੇਲਾ ਵੀ ਉਦੋਂ ਦਿੰਦੀ ਹੈ ਜਦੋਂ ਸਿਆਸੀ ਖੇਤਰ ਵਿਚ ਉਹਨੂੰ ਇਕ ਪੌਂਡ ਮਿਲਦਾ ਹੋਵੇ | ਇਕੱਠ ਵਿਚ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਖ਼ਾਲਿਸਤਾਨ ਦਾ ਵਾਜਾ ਬੰਦੀਆਂ ਦੀ ਰਿਹਾਈ ਨੂੰ ਹੋਰ ਵੀ ਅਸੰਭਵ ਬਣਾ ਦੇਵੇਗਾ | ਵੇਖਣ ਨੂੰ ਮਿਲਿਆ ਕਿ ਰਾਜਨੀਤੀ ਵਿਚ ਇਕ ਦੂਜੇ ਨੂੰ ਪਾਣੀ ਪੀ ਪੀ ਕੇ ਕੋਸਣ ਵਾਲੇ ਸਿਆਸਤਦਾਨ ਇਕ ਦੂਜੇ ਦਾ ਨਾਮ ਲੈ ਕੇ ਇਕ ਦੂਜੇ ਦੀ ਤਾਰੀਫ਼ ਕਰਦੇ ਨਜ਼ਰ ਆਏ |
ਅੱਜ ਦੇ ਇਸ ਪੰਥਕ ਇਕੱਠ ਵਿਚ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ, ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਅਕਾਲੀ ਦਲ ਦਿੱਲੀ ਸਟੇਟ ਦੇ ਪ੍ਰਧਾਨ ਸ. ਐਮ ਪੀ ਐਸ ਚੱਢਾ, ਜਾਗੋ ਪਾਰਟੀ ਦੇ ਸ ਮਨਜੀਤ ਸਿੰਘ ਜੀ ਕੇ, ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਆਦਿ ਸਿਰ ਜੋੜ ਕੇ ਸਲਾਹਾਂ ਕਰ ਰਹੇ ਸਨ | ਇਹ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਸੀ ਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੇ ਪੈਰੀਂ ਹੱਥ ਲਗਾਇਆ ਤੇ ਉਨ੍ਹਾਂ ਨਾਲ ਕਾਫ਼ੀ ਗੱਲਾਂ ਵੀ ਕੀਤੀਆਂ |
ਅੱਜ ਦੇ ਪੰਥਕ ਇਕੱਠ ਵਿਚ ਸ. ਮਾਨ ਨੇ ਖ਼ਾਲਿਸਤਾਨ ਦੀ ਮੰਗ ਤੇ ਬੋਲਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਨ 1946 ਵਿਚ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਸੀ | ਮਾਸਟਰ ਤਾਰਾ ਸਿੰਘ ਤੇ ਗਿਆਨੀ ਕਰਤਾਰ ਸਿੰਘ ਨੇ ਇਸ ਮਤੇ ਦੀ ਹਮਾਇਤ ਕੀਤੀ ਸੀ | ਉਸ ਮਤੇ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਇਸ ਹਾਲ ਵਿਚ ਖ਼ਾਲਿਸਤਾਨ ਦਾ ਮਤਾ ਪਾਸ ਹੋ ਚੁਕਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਮਤੇ ਦੀ ਤਾਈਦ ਕਰੇ | ਮਾਨ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਾਸ ਕੀਤੇ ਇਸ ਮਤੇ ਨੂੰ ਧਿਆਨ ਵਿਚ ਰਖ ਕੇ ਅਪਣਾ ਭਵਿੱਖ ਦਾ ਪ੍ਰੋਗਰਾਮ ਤੈਅ ਕਰੇ | ਉਨ੍ਹਾਂ ਕਿਹਾ ਕਿ 1947 ਵਿਚ ਭਾਰਤ ਨੂੰ ਆਜ਼ਾਦ ਕਰਵਾਉਣ ਵਿਚ ਸਿੱਖਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ | ਅੰਗਰੇਜ਼ ਤਾਂ ਚਲੇ ਗਏ, ਹਿੰਦੂ ਨੂੰ ਭਾਰਤ ਤੇ ਮੁਸਲਮਾਨਾਂ ਨੂੰ ਪਾਕਿਸਤਾਨ ਮਿਲਿਆ | ਸਿੱਖ ਪਾਕਿਸਤਾਨ ਵਿਚ ਮੁਸਲਮਾਨਾਂ ਦੇ ਗ਼ੁਲਾਮ ਹਨ ਤੇ ਭਾਰਤ ਵਿਚ ਹਿੰਦੂਆਂ ਦੇ ਗ਼ੁਲਾਮ ਹਨ | ਉਨ੍ਹਾਂ ਕਿਹਾ ਕਿ ਪ੍ਰੋਫ਼ੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਦੀ ਸਜ਼ਾ ਮਿਲੀ | ਮੁੱਖ ਜੱਜ ਨੇ ਪ੍ਰੋਫ਼ੈਸਰ ਭੁੱਲਰ ਨੂੰ ਰਿਹਾਅ ਕੀਤਾ ਪਰ ਦੂਜੇ ਜੱਜਾਂ ਨੇ ਫਾਂਸੀ ਦੀ ਸਜ਼ਾ ਦਿਤੀ | ਉਨ੍ਹਾਂ ਕਿਹਾ ਕਿ ਮੈਂ, ਸ. ਪ੍ਰਕਾਸ਼ ਸਿੰਘ ਬਾਦਲ, ਸੁਖਦੇਵ ਸਿੰਘ ਢੀਡਸਾ ਆਦਿ ਲਾਲ ਕਿ੍ਸ਼ਨ ਅਡਵਾਨੀ ਨੂੰ ਮਿਲੇ ਸੀ | ਉਸ ਨੇ ਹਾਂ ਪੱਖੀ ਹੁੰਗਾਰਾ ਦਿਤਾ ਸੀ | ਸ. ਮਾਨ ਨੇ ਕਿਹਾ ਕਿ ਬਰਗਾੜੀ ਮਾਮਲੇ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਸਾਡੇ ਨਾਲ ਕੀਤੇ ਵਾਅਦੇ ਪੂਰੇ ਨਹੀ ਕੀਤੇ | ਬਰਗਾੜੀ ਵਿਖੇ ਲੱਗੇ ਮੋਰਚੇ ਨੂੰ 314 ਦਿਨ ਹੋ ਚੁਕੇ ਹਨ | ਇਕ ਜੂਨ ਨੂੰ ਅਸੀ ਇਕ ਵੱਡਾ ਦਿਨ ਮਨਾਵਾਂਗੇ ਤੇ ਦੁਨੀਆਂ ਨੂੰ ਦਸਾਂਗੇ ਕਿ ਸਾਡੇ ਬੰਦੀ ਸਿੱਖ ਰਿਹਾਅ ਨਹੀ ਹੋਏ | ਉਨ੍ਹਾਂ ਕਿਹਾ ਕਿ ਸਾਡੇ ਬੰਦੀ ਸਿਰਫ਼ ਇੰਡੀਆ ਵਿਚ ਨਹੀਂ, ਆਸਟਰੀਆ ਵਿਚ ਵੀ ਬੰਦੀ ਹਨ | ਸਾਡਾ ਬੰਦੀ 34 ਸਾਲ ਆਸਟਰੀਆ ਜੇਲ ਵਿਚ ਬੰਦ ਰਿਹਾ | ਜਦੋਂ ਹਕੂਮਤ ਹੁੰਦੀ ਹੈ ਤਾਂ ਅਸੀ ਪ੍ਰਵਾਹ ਨਹੀਂ ਕਰਦੇ | ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਮੌਜੂਦਾ ਗਵਰਨਰ ਨੂੰ ਮਿਲਣ ਲਈ ਇਕ ਵਫ਼ਦ ਭੇਜਿਆ ਜਾਵੇ | ਇਕ ਯਾਦ ਪੱਤਰ ਰਾਹੀ ਬੰਦੀ ਸਿੱਖਾਂ ਦੀ ਰਿਹਾਈ ਲਈ ਮੰਗ ਕੀਤੀ ਜਾਵੇ | ਇਸ ਮੌਕੇ 'ਤੇ ਉਨ੍ਹਾਂ ਨਾਲ ਸ. ਜ਼ਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਹਰਪਾਲ ਸਿੰਘ ਬਲੇਰ ਵੀ ਹਾਜ਼ਰ ਸਨ |
ਉਧਰ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬੰਦੀ ਸਿੱਖਾਂ ਨੇ 1984 ਦੇ ਜ਼ੁਲਮਾਂ ਤੋਂ ਬਾਅਦ ਜਜ਼ਬਾਤਾਂ ਦੇ ਰੌਂਅ ਵਿਚ ਆ ਕੇ ਕਦਮ ਚੁਕੇ | ਉਨ੍ਹਾਂ ਖਿੜੇ ਮੱਥੇ ਸਜ਼ਾਵਾਂ ਭੁਗਤੀਆਂ | ਉਨ੍ਹਾਂ ਕਿਹਾ ਕਿ ਪ੍ਰੋਫ਼ੈਸਰ ਦਵਿੰਦਰਪਾਲ ਸਿੰਘ ਭੁੱਲਰ, ਭਾਈ ਗੁਰਦੀਪ ਸਿੰਘ ਖਹਿਰਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ ਨੇ ਕਈ ਸਾਲ ਸਜ਼ਾਵਾਂ ਭੁਗਤੀਆਂ | ਸ. ਬਾਦਲ ਨੇ ਕਿਹਾ ਕਿ ਉਹ ਪਹਿਲੀ ਵਾਰ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਪਟਿਆਲਾ ਜੇਲ ਵਿਚ ਮਿਲੇ | ਉਨ੍ਹਾਂ ਦੇ ਚਿਹਰੇ ਦਾ ਨੂਰ ਦੇਖ ਕੇ ਲਗਦਾ ਨਹੀਂ ਸੀ ਕਿ ਉਹ ਪਿਛਲੇ 28 ਸਾਲ ਤੋਂ ਜੇਲ ਵਿਚ ਬੰਦ ਹਨ | ਛੋਟੇ ਸੈੱਲ ਵਿਚ ਰਹਿਣਾ, ਪਤਾ ਨਹੀ ਕਦੋਂ ਛੁਟਣਾ ਹੈ | ਪੈਰੋਲ ਵੀ ਨਹੀ ਦਿਤੀ ਗਈ | ਉਨ੍ਹਾਂ ਕਿਹਾ ਕਿ ਸਾਡੇ ਵਿਚਕਾਰ ਸ. ਸਿਮਰਨਜੀਤ ਸਿੰਘ ਮਾਨ ਸਮੇਤ ਕਈ ਸਿੰਘ ਬੈਠੇ ਹਨ ਜਿਨ੍ਹਾਂ ਜੇਲਾਂ ਵਿਚ ਸਜ਼ਾਵਾਂ ਭੁਗਤੀਆਂ | ਅਕਾਲੀ ਦਲ ਦੀ ਲੀਡਰਸ਼ਿਪ ਵੀ ਹੈ ਜਿਨ੍ਹਾਂ ਜੇਲਾਂ ਕਟੀਆਂ | ਸਾਡੇ ਖ਼ੂਨ ਵਿਚ ਤਾਕਤ ਹੈ, ਅਸੀਂ ਲਗਾਤਾਰ ਜ਼ੁਲਮ ਵਿਰੁਧ ਲੜਦੇ ਹਾਂ | ਕੌਮ ਇਕੱਠੀ ਹੈ ਤਾਂ ਮਜ਼ਬੂਤ ਹੈ | ਉਨ੍ਹਾਂ ਕਿਹਾ ਕਿ ਸਿਆਸੀ ਨਹੀਂ, ਘਟ ਤੋਂ ਘਟ ਧਾਰਮਕ ਮੁੱਦਿਆਂ ਤੇ ਇਕ ਹੋ ਕੇ ਪੰਥ ਦੀ ਗੱਲ ਕਰੀਏ | ਸ. ਬਾਦਲ ਨੇ ਕਿਹਾ ਕਿ ਸਾਡੇ ਦੋ ਮੱੁਖ ਸੰਸਥਾਵਾਂ ਹਨ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ | ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਨੂੰ ਵਧਾਈ ਦਿੰਦੇ ਕਿਹਾ ਕਿ ਉਨ੍ਹਾਂ ਦੀ ਪਹਿਲਕਦਮੀ ਕਾਰਨ ਅੱਜ ਪੰਥ ਇਕੱਠਾ ਹੋਇਆ | ਉਨ੍ਹਾਂ ਕਿਹਾ ਕਿ ਸਿਆਸੀ ਮਤਭੇਦ ਹੋਣ ਪਰ ਧਰਮ ਦੇ ਨਾਮ ਤੇ ਇਕ ਹੋ ਜਾਈਏ |