ਰਵਨੀਤ ਬਿੱਟੂ ਤੇ ਕੋਟਲੀ ਨੇ ਰਾਜੋਆਣਾ ਦੀ ਰਿਹਾਈ ਦੀ ਮੰਗ ਦਾ ਕੀਤਾ ਵਿਰੋਧ

ਏਜੰਸੀ

ਖ਼ਬਰਾਂ, ਪੰਜਾਬ

ਰਵਨੀਤ ਬਿੱਟੂ ਤੇ ਕੋਟਲੀ ਨੇ ਰਾਜੋਆਣਾ ਦੀ ਰਿਹਾਈ ਦੀ ਮੰਗ ਦਾ ਕੀਤਾ ਵਿਰੋਧ

image

 

ਚੰਡੀਗੜ੍ਹ, 11 ਮਈ (ਭੁੱਲਰ) : ਸਵਰਗੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਵਾਰ ਨਾਲ ਸਬੰਧਤ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਸਾਬਕਾ ਮੰਤਰੀ ਗੁਰਕੀਰਤ ਕੋਟਲੀ ਨੇ ਮੁੱਖ ਮੰਤਰੀ ਹਤਿਆ ਕਾਂਡ 'ਚ ਸਜ਼ਾ ਭੁਗਤ ਰਹੇ ਰਾਜੋਆਣਾ ਦੀ ਰਿਹਾਈ ਦੀ ਮੰਗ ਦਾ ਜ਼ੋਰਦਾਰ ਵਿਰੋਧ ਕੀਤਾ ਹੈ | ਅੱਜ ਉਨ੍ਹਾਂ ਇਥੇ ਪੰਜਾਬ ਰਾਜ ਭਵਨ 'ਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ  ਮਿਲ ਕੇ ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ 'ਤੇ ਚਿੰਤਾ ਪ੍ਰਗਟ ਕਰਨ ਦੇ ਨਾਲ ਪੰਥਕ ਇਕੱਠ ਕਰ ਕੇ ਭਾਈ ਰਾਜੋਆਣਾ ਦੀ ਰਿਹਾਈ ਦੀ ਮੰਗ ਦਾ ਵਿਰੋਧ ਕੀਤਾ ਹੈ |
ਰਾਜਪਾਲ ਨੂੰ  ਮਿਲਣ ਤੋਂ ਬਾਅਦ ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੌਣ ਹੈ ਰਾਜੋਆਣਾ? ਪੰਜਾਬ 'ਚ ਅੱਗ ਕੌਣ ਲਾ ਰਿਹਾ ਹੈ | ਉਨ੍ਹਾਂ ਕਿਹਾ ਕਿ ਅਜਿਹੇ ਅਤਿਵਾਦੀ ਰਿਹਾਅ ਹੋਣਗੇ ਤਾਂ ਪੰਜਾਬ ਲਈ ਅਜਿਹੀ ਸਥਿਤੀ 'ਚ ਖ਼ਤਰਾ ਹੋਰ ਵਧ ਜਾਵੇਗਾ |
ਉਨ੍ਹਾਂ ਕਿਹਾ ਕਿ ਰਾਜੋਆਣਾ ਦੀ ਰਿਹਾਈ ਲਈ ਮੰਗ ਉਠਾ ਰਹੇ ਬਾਦਲਾਂ ਦੇ ਰਾਜੋਆਣਾ ਨਾਲ ਸਬੰਧਾਂ 'ਤੇ ਕੀਤੀਆਂ ਜਾ ਰਹੀਆਂ ਮੁਲਾਕਾਤਾਂ ਦੀ ਜਾਂਚ ਹੋਣੀ ਚਾਹੀਦੀ ਹੈ | ਪੰਥਕ ਇਕੱਠ 'ਚ ਰਾਜੋਆਣਾ ਦੀ ਰਿਹਾਈ ਦੀ ਚੁੱਕੀ ਜਾ ਰਹੀ ਮੰਗ ਬਾਰੇ ਉਨ੍ਹਾਂ ਕਿਹਾ ਕਿ ਇਹ ਇਕੱਠ ਸੱਦਣ ਵਾਲੇ ਜਥੇਦਾਰ ਅਕਾਲ ਤਖ਼ਤ ਬਾਦਲਾਂ ਦੀ ਕਠਪੁਤਲੀ ਹਨ ਅਤੇ ਐਸ.ਜੀ.ਪੀ.ਸੀ. ਵੀ ਬਾਦਲਾਂ ਦਾ ਇਕ ਟੋਲਾ ਹੈ | ਉਨ੍ਹਾਂ ਕਿਹਾ ਕਿ ਉਹ ਆਮ ਸਿੱਖ ਬੰਦੀਆਂ ਦੀ ਰਿਹਾਈ ਵਿਰੁਧ ਨਹੀਂ ਪਰ ਰਾਜੋਆਣਾ ਵਰਗੇ ਅਤਿਵਾਦੀਆਂ ਦੀ ਰਿਹਾਈ ਦਾ ਹਰ ਪੱਧਰ 'ਤੇ ਵਿਰੋਧ ਕਰਨਗੇ ਤਾਂ ਜੋ ਪੰਜਾਬ ਦੀ ਅਮਨ-ਸ਼ਾਂਤੀ ਮੁੜ ਭੰਗ ਨਾ ਹੋਵੇ |