ਅਫ਼ਗਾਨਿਸਤਾਨ ਤੋਂ ਝਾੜੂ ਵਿਚ ਲੁਕਾ ਕੇ ਲਿਆਂਦੀ 5 ਕਿਲੋ ਹੈਰੋਇਨ ਬਰਾਮਦ

ਏਜੰਸੀ

ਖ਼ਬਰਾਂ, ਪੰਜਾਬ

DRI ਨੇ ਅੰਮ੍ਰਿਤਸਰ ਦੀ ਅਟਾਰੀ ਸਰਹੱਦ ਤੋਂ ਕੀਤੀ ਜ਼ਬਤ

File Photo

ਅੰਮ੍ਰਿਤਸਰ - ਅੰਮ੍ਰਿਤਸਰ ਵਿਚ ਅਫ਼ਗਾਨਿਸਤਾਨ ਤੋਂ ਝਾੜੂ ਵਿਚ ਲੁਕਾ ਕੇ ਲਿਆਂਦੀ ਹੈਰੋਇਨ ਦੀ ਖੇਪ ਡੀਆਰਆਈ ਵੱਲੋਂ ਜ਼ਬਤ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਡੀਆਰਆਈ ਨੇ ਸਾਡੇ ਪੰਜ ਕਿਲੋ ਹੈਰੋਇਨ ਦੀ ਖੇਪ ਨੂੰ ਅਟਾਰੀ ਬਾਰਡਰ 'ਤੇ ਬਣੀ ਇੰਟੀਗ੍ਰੇਟਿਡ ਚੈੱਕ ਪੋਸਟ ਤੋਂ ਜ਼ਬਤ ਕੀਤੀ ਹੈ। ਹੈਰੋਇਨ ਨੂੰ ਬੜੀ ਚਲਾਕੀ ਨਾਲ ਅਫ਼ਗ਼ਾਨ ਤਸਕਰ ਵੱਲੋਂ ਝਾੜੂ ਦੇ ਬਣੇ ਤੀਲਿਆਂ ਦੇ ਚਾਰ ਹਜ਼ਾਰ ਬਲਾਕ ਵਿਚ ਲੁਕਾ ਕੇ ਭੇਜਿਆ ਗਿਆ ਸੀ।

ਡੀਆਰਆਈ ਦੇ ਅਧਿਕਾਰੀਆਂ ਨੂੰ ਖੂਫ਼ੀਆ ਜਾਣਕਾਰੀ ਮਿਲੀ ਸੀ ਕਿ ਝਾੜੂ ਦੇ ਤੀਲਿਆਂ ਦੇ ਵਿਚ ਲੁਕਾ ਕੇ ਹੈਰੋਇਨ ਦੀ ਖੇਪ ਅੰਮ੍ਰਿਤਸਰ ਲਿਆਂਦੀ ਜਾ ਰਹੀ ਹੈ। ਅੰਤਰਾਸ਼ਟਰੀ ਬਾਜ਼ਾਰ ਵਿਚ ਇਸ ਦੀ ਕੀਮਤ 38 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਇਸ ਝਾੜੂ ਦੇ ਉਪਰ ਅਫ਼ਗਾਨੀ ਝਾੜੂ ਦਾ ਲੇਬਲ ਲਗਾਇਆ ਗਿਆ ਸੀ। ਅਫ਼ਗ਼ਾਨ ਤਸਕਰ ਵੱਲੋਂ ਇਸ ਦੇ ਲਈ ਜਾਅਲੀ ਆਈਡੀ ਦਾ ਇਸਤੇਮਾਲ ਕੀਤਾ ਗਿਆ ਸੀ। ਉਕਤ ਤਸਕਰ ਵੱਲੋਂ ਇਹ ਆਈਡੀ ਆਪਣੀ ਪਤਨੀ ਦੇ ਨਾਮ 'ਤੇ ਬਣਾਈ ਗਈ ਸੀ। ਮਿਲੀ ਜਾਣਕਾਰੀ ਮੁਤਾਬਕ ਪਤਾ ਲੱਗਿਆ ਹੈ ਕਿ ਉਕਤ ਅਫ਼ਗਾਨ ਨਾਗਰਿਕ 2018 ਵਿਚ ਦਿੱਲੀ ਪੁਲਿਸ ਵੱਲੋਂ ਦਰਜ ਕੀਤੇ ਐਨਡੀਪੀਐਸ ਮਾਮਲੇ ਦੇ ਤਹਿਤ ਜ਼ਮਾਨਤ 'ਤੇ ਬਾਹਰ ਸੀ।