CBSC 12ਵੀਂ ਦੇ ਨਤੀਜੇ, ਚੰਡੀਗੜ੍ਹ ਦੇ 'ਇੰਸਟੀਚਿਊਟ ਫਾਰ ਬਲਾਇੰਡ' ਸਕੂਲ ਦੀਆਂ ਕੁੜੀਆਂ ਨੇ ਮਾਰੀ ਬਾਜ਼ੀ 

ਏਜੰਸੀ

ਖ਼ਬਰਾਂ, ਪੰਜਾਬ

ਕੁਰੂਕਸ਼ੇਤਰ ਦੀ ਗਗਨਜੋਤ ਕੌਰ ਨੇਤਰਹੀਣ ਹੈ ਪਰ ਫਿਰ ਵੀ ਉਸ ਨੇ 12ਵੀਂ ਸੀਬੀਐਸਈ ਦੀ ਪ੍ਰੀਖਿਆ ਵਿੱਚ 95.6 ਅੰਕ ਪ੍ਰਾਪਤ ਕੀਤੇ ਹਨ

File Photo

ਚੰਡੀਗੜ੍ਹ- ਅੱਜ 12ਵੀਂ ਜਮਾਤ ਦਾ ਸੀਬੀਐੱਸਈ ਦਾ ਨਤੀਜਾ ਐਲਾਨਿਆ ਗਿਆ ਤੇ ਚੰਡੀਗੜ੍ਹ ਇੰਡੀਅਨ ਬਲਾਈਂਡ ਇੰਸਟੀਚਿਊਟ ਵਿਚ ਪੜ੍ਹਦੀਆਂ ਹੋਣਹਾਰ ਵਿਦਿਆਰਥੀਆਂ ਨੇ ਇਸ ਵਿਚ ਮੱਲਾਂ ਮਾਰੀਆਂ। CBSE 12ਵੀਂ ਦੇ ਨਤੀਜਿਆਂ 'ਚ ਦਿਵਿਆਂਗ ਵਿਦਿਆਰਥੀਆਂ 'ਚ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿਪਲੀ ਦੀ ਰਹਿਣ ਵਾਲੀ ਗਗਨਜੋਤ ਕੌਰ ਨੇ ਪਹਿਲਾ, ਯਮੁਨਾਨਗਰ ਦੀ ਕਸ਼ਿਸ਼ ਨੇ ਦੂਜਾ ਜਦਕਿ ਤੀਜਾ ਸਥਾਨ ਅਨੀਤਾ ਦੇਵੀ ਨੇ ਹਾਸਲ ਕੀਤਾ ਹੈ।  

ਕੁਰੂਕਸ਼ੇਤਰ ਦੀ ਗਗਨਜੋਤ ਕੌਰ ਨੇਤਰਹੀਣ ਹੈ ਪਰ ਫਿਰ ਵੀ ਉਸ ਨੇ 12ਵੀਂ ਸੀਬੀਐਸਈ ਦੀ ਪ੍ਰੀਖਿਆ ਵਿੱਚ 95.6 ਅੰਕ ਪ੍ਰਾਪਤ ਕੀਤੇ ਹਨ।  ਕਸ਼ਿਸ਼ ਸੈਣੀ ਨੇ 94.20% ਜਦਕਿ ਅਨੀਤਾ ਦੇਵੀ ਨੇ 93% ਅਂਕ ਹਾਸਲ ਕੀਤੇ ਹਨ। ਗਗਨਜੋਤ ਕੌਰ ਨੇ ਪਹਿਲਾਂ ਸਥਾਨ ਹਾਸਲ ਕਰਨ ਤੋਂ ਬਾਅਦ ਕਿਹਾ ਕਿ ਉਸ ਦੇ ਸਫ਼ਰ ਵਿਚ ਕਈ ਲੋਕਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਜਿਸ ਵਿਚ ਉਸ ਦੇ ਮਾਤਾ ਪਿਤਾ ਅਤੇ ਉਸ ਦੀ ਅਧਿਆਪਕਾ ਭਾਵਨਾ ਵੀ ਸ਼ਾਮਲ ਹੈ।

ਗਗਨਜੋਤ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਆਪਣੀ ਪੜ੍ਹਾਈ ਸ਼ੁਰੂ ਕੀਤੀ ਤਾਂ ਉਸ ਨੂੰ ਸ਼ੁਰੂ ਵਿਚ ਕਾਫ਼ੀ ਮੁਸ਼ਕਲਾਂ ਆਈਆਂ ਪਰ ਹੌਲੀ-ਹੌਲੀ ਸਭ ਕੁਝ ਆਮ ਵਾਂਗ ਹੋ ਗਿਆ। ਉਹ ਵਿਸ਼ਵਾਸ ਨਹੀਂ ਕਰ ਸਕਦੀ ਕਿ ਉਸ ਨੇ 95.6 ਪ੍ਰਤੀਸ਼ਤ ਅੰਕ ਹਾਸਲ ਕੀਤੇ ਹਨ। ਲੋਕ ਵਧਾਈਆਂ ਦੇਣ ਆ ਰਹੇ ਹਨ ਜਿਸ ਕਰਕੇ ਗਗਨਜੋਤ ਕੌਰ ਨੂੰ ਹੋਰ ਉਤਸ਼ਾਹ ਮਿਲ ਰਿਹਾ ਹੈ। ਉਹ ਆਪਣੇ ਜੀਵਨ ਵਿਚ ਇੱਕ ਅਧਿਆਪਕ ਬਣਨਾ ਚਾਹੁੰਦੀ ਹੈ ਅਤੇ ਹੋਰ ਬੱਚਿਆਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਨਾ ਚਾਹੁੰਦੀ ਹੈ। 

ਦੂਜਾ ਸਥਾਨ ਹਾਸਲ ਕਰਨ ਵਾਲੀ ਕਸ਼ਿਸ਼ ਆਪਣੀ ਚਮੜੀ ਦੇ ਰੰਗ ਨੂੰ ਲੈ ਕੇ ਕਾਫ਼ੀ ਪਰੇਸ਼ਾਨ ਸੀ, ਅਜਿਹੇ 'ਚ ਉਸ ਨੇ ਆਪਣੇ ਆਪ ਨੂੰ ਕਿਸੇ ਤੋਂ ਵੀ ਘੱਟ ਨਹੀਂ ਸਮਝਿਆ ਅਤੇ ਉਸ ਨੇ ਦਿਨ ਰਾਤ ਇਕ ਕਰ ਦਿੱਤਾ ਅਤੇ ਅੱਜ ਉਸ ਨੇ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ ਹੈ। ਬੇਟੀ ਦੇ ਨਤੀਜੇ ਤੋਂ ਬਾਅਦ ਘਰ ਵਿਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਪਰਿਵਾਰ ਨੇ ਪਹਿਲਾਂ ਕਸ਼ਿਸ਼ ਨੂੰ ਯਮੁਨਾਨਗਰ ਅਤੇ ਬਾਅਦ ਵਿੱਚ ਚੰਡੀਗੜ੍ਹ ਵਿੱਚ ਦਾਖਲ ਕਰਵਾਇਆ। ਹਾਲਾਂਕਿ ਪਰਿਵਾਰ ਬਹੁਤ ਹੀ ਮੱਧ ਵਰਗ ਵਿਚ ਆਉਂਦਾ ਹੈ। ਇਸ ਦੇ ਬਾਵਜੂਦ ਉਨ੍ਹਾਂ ਨੇ ਕਸ਼ਿਸ਼ ਨੂੰ ਪੜ੍ਹਾਉਣ ਲਈ ਦਿਨ ਰਾਤ ਇਕ ਕਰ ਦਿੱਤਾ ਅਤੇ ਅੱਜ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ।