ਹੁਣ ਇੰਡਸਟਰੀ ਲਈ ਵਰਤੇ ਜਾਣਗੇ ਹਰੇ ਰੰਗ ਦੇ ਸਟੈਂਪ ਪੇਪਰ - CM ਭਗਵੰਤ ਸਿੰਘ ਮਾਨ
- ਇਕ ਹੀ ਸਟੈਂਪ ਪੇਪਰ ਵਿਚ ਹੋਣਗੇ ਸਾਰੇ ਕਲੀਅਰੈਂਸ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਇੰਡਸਟਰੀ ਲਈ ਕਲਰਕੋਡਿੰਗ ਸਟੈਂਪ ਪੇਪਰ ਦਾ ਐਲਾਨ ਕੀਤਾ ਹੈ। ਦਰਅਸਲ ਮੁੱਖ ਮੰਤਰੀ ਨੇ ਅੱਜ ਇੰਡਸਟਰੀ ਲਈ ਹਰੇ ਰੰਗ ਦੇ ਸਟੈਂਪ ਪੇਪਰ ਦੀ ਸ਼ੁਰੂਆਤ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਕੋਈ ਇੰਡਸਟਰੀਲਿਸਟ ਇੰਡਸਟਰੀ ਦੀ ਰਜਿਸਟਰੀ ਕਰਵਾਏਗਾ ਤਾਂ ਉਸ ਨੂੰ ਹਰੇ ਰੰਗ ਦਾ ਸਟੈਂਪ ਪੇਪਰ ਦਿੱਤਾ ਜਾਵੇਗਾ।
ਜਿਸ ਨੂੰ ਦੋ ਹਫ਼ਤਿਆਂ ਵਿਚ ਕਲੀਅਰੈਂਸ ਦਿੱਤੀ ਜਾਵੇਗੀ। ਇਸ ਨਾਲ ਫੈਕਟਰੀ ਦਾ ਨਿਰਮਾਣ ਜਲਦੀ ਸ਼ੁਰੂ ਕੀਤਾ ਜਾ ਸਕੇਗਾ। ਇਸ ਨਾਲ ਬਹੁਤ ਸਾਰੇ ਇੰਡਸਟਰੀਲਿਸਟਾਂ ਦੀ ਖੱਜਲ-ਖੁਆਰੀ ਘੱਟ ਜਾਵੇਗੀ ਅਤੇ ਵਪਾਰੀਆਂ ਨੂੰ ਦਫ਼ਤਰਾਂ ਦੇ ਗੇੜੇ ਨਹੀਂ ਲਾਉਣੇ ਪੈਣਗੇ, ਪਹਿਲਾਂ ਵਪਾਰੀਆਂ ਦਾ ਪੈਸਾ ਲੱਗਾ ਹੁੰਦਾ ਸੀ ਅਤੇ ਵਿਆਜ਼ ਪੈਂਦਾ ਰਹਿੰਦਾ ਸੀ, ਜਿਸ ਨਾਲ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੁੰਦਾ ਸੀ। ਇਸ ਗ੍ਰੀਨ ਸਟਾਮ ਪੇਪਰ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਐੱਨ. ਓ. ਸੀ. ਲੈਣ ਲਈ ਸਰਕਾਰੀ ਦਫ਼ਤਰਾਂ ਦੇ ਗੇੜੇ ਲਾਉਣੇ ਪੈਂਦੇ ਸਨ, ਇਹ ਸਾਰਾ ਕੁਝ ਖ਼ਤਮ ਕਰ ਦਿੱਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਫੈਕਟਰੀ ਬਣ ਕੇ ਤਿਆਰ ਹੋ ਗਈ ਤਾਂ ਉਦੋਂ ਪਲਿਊਸ਼ਨ ਅਤੇ ਫਾਰੈੱਸਟ ਸਰਟੀਫਿਕੇਟ ਦੀ ਉਸੇ ਸਟੈਂਪ ਪੇਪਰ ’ਤੇ ਮੋਹਰ ਲੱਗ ਜਾਵੇਗੀ। ਇਸ ਅਸਟਾਮ ਪੇਪਰ ਦਾ ਮਤਲਬ ਹੈ ਕਿ ਫੈਕਟਰੀ ਮਾਲਕ ਨੇ ਸਾਰੀਆਂ ਐੱਨ. ਓ. ਸੀ. ਕਲੀਅਰ ਕਰ ਲਈਆਂ ਹਨ। ਜੇਕਰ ਸਾਲ-ਦੋ ਸਾਲ ਬਾਅਦ ਕੋਈ ਅਧਿਕਾਰੀ ਫੈਕਟਰੀ ਵਿਚ ਕਿਸੇ ਤਰ੍ਹਾਂ ਦੀ ਚੈਕਿੰਗ ਕਰਨ ਆਉਂਦਾ ਹੈ ਤਾਂ ਉਸ ਨੂੰ ਇਹ ਸਟੈਂਪ ਪੇਪਰ ਹੀ ਦਿਖਾਇਆ ਜਾਵੇਗਾ।
ਉਕਤ ਅਫ਼ਸਰ ਇਹ ਸਟੈਂਪ ਪੇਪਰ ਦੇਖੇਗਾ ਕਿ ਜਿਸ ਕੰਮ ਲਈ ਇਹ ਜ਼ਮੀਨ ਖਰੀਦੀ ਗਈ ਸੀ ਕੀ ਇਹ ਉਸੇ ਲਈ ਇਸਤੇਮਾਲ ਹੋ ਰਹੀ ਹੈ ਜਾਂ ਨਹੀਂ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਵਿਚ ਪੰਜਾਬ ਅਜਿਹਾ ਪਹਿਲਾ ਸੂਬਾ ਹੈ, ਜਿਸ ਵਿਚ ਇਹ ਸਟੈਂਪ ਪੇਪਰ ਦੀ ਕਲਰਕੋਡਿੰਗ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਉਮੀਦ ਹੈ ਕਿ ਇਹ ਜ਼ਰੂਰ ਕਾਮਯਾਬ ਹੋਵੇਗਾ।