ਮਿਸ਼ਨ ਤੰਦਰੁਸਤ ਪੰਜਾਬ: ਸ਼ਹਿਰ ਲੁਧਿਆਣਾ 'ਚ ਸਥਾਪਤ ਕੀਤੇ ਜਾਣਗੇ 200 ਪੋਰਟੇਬਲ ਪਖ਼ਾਨੇ
ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਸਾਫ਼ ਹਵਾ, ਪਾਣੀ, ਭੋਜਨ ਅਤੇ ਵਾਤਾਵਰਣ ਮੁਹਈਆ ਕਰਾਉਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ........
ਲੁਧਿਆਣਾ,: ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਸਾਫ਼ ਹਵਾ, ਪਾਣੀ, ਭੋਜਨ ਅਤੇ ਵਾਤਾਵਰਣ ਮੁਹਈਆ ਕਰਾਉਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਸ਼ਹਿਰ ਲੁਧਿਆਣਾ ਵਿਚ ਨਗਰ ਨਿਗਮ ਵਲੋਂ 40 ਲੱਖ ਰੁਪਏ ਦੀ ਲਾਗਤ ਨਾਲ 200 ਪੋਰਟੇਬਲ (ਆਸਾਨੀ ਨਾਲ ਇਧਰ-ਓਧਰ ਲਿਜਾਏ ਜਾਣ ਵਾਲੇ) ਪਖ਼ਾਨੇ ਲਗਾਏ ਜਾਣੇ ਹਨ। ਇਹ ਪਖ਼ਾਨੇ ਝੁੱਗੀਆਂ ਝੌਂਪੜੀਆਂ ਵਾਲੇ ਅਤੇ ਉਨ੍ਹਾਂ ਖੇਤਰਾਂ ਵਿਚ ਲਗਾਏ ਜਾਣਗੇ ਜਿਥੇ ਹਾਲੇ ਵੀ ਲੋਕ ਰਾਤ ਬਰਾਤੇ ਖੁੱਲ੍ਹੇਆਮ ਮਲ ਤਿਆਗ ਕਰਦੇ ਹਨ।
ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਨੇ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਇਕ ਮਹੀਨੇ ਵਿਚ ਸ਼ਹਿਰ ਦੇ ਸਾਰੇ 95 ਵਾਰਡਾਂ ਨੂੰ 'ਖੁੱਲ੍ਹੇਆਮ ਮਲ ਤਿਆਗ ਮੁਕਤ' ਕਰਨ ਦਾ ਤਹਈਆ ਕੀਤਾ ਹੈ। ਇਸ ਕੰਮ ਨੂੰ ਪਹਿਲ ਦੇ ਆਧਾਰ 'ਤੇ ਨੇਪਰੇ ਚੜ੍ਹਾਉਣ ਲਈ ਨਗਰ ਨਿਗਮ ਵਲੋਂ ਟੈਂਡਰ ਪ੍ਰਕਿਰਿਆ ਵੀ ਲਗਭਗ ਮੁਕੰਮਲ ਕਰ ਲਈ ਗਈ ਹੈ। ਜਾਣਕਾਰੀ ਅਨੁਸਾਰ ਨਗਰ ਨਿਗਮ ਲੁਧਿਆਣਾ ਦੇ 70 ਵਾਰਡ ਪਹਿਲਾਂ ਹੀ 'ਖੁੱਲ੍ਹੇਆਮ ਮਲ ਤਿਆਗ ਮੁਕਤ' ਹੋ ਚੁੱਕੇ ਹਨ ਜਦਕਿ 25 ਵਾਰਡਾਂ ਨੂੰ ਮੁਕਤ ਕਰਾਉਣ ਲਈ ਨਗਰ ਨਿਗਮ ਵਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਨਗਰ ਨਿਗਮ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪੋਰਟੇਬਲ ਪਖ਼ਾਨੇ ਮਰਾਠਾ ਰੋਡ, ਸਬ-ਰਜਿਸਟਰਾਰ ਦਫ਼ਤਰ ਹੰਬੜ੍ਹਾਂ ਰੋਡ, ਗੁਲਮੋਹਰ ਹੋਟਲ ਸਾਹਮਣੇ ਭਾਰਤ ਨਗਰ ਚੌਕ, ਦੁਗਰੀ ਨਹਿਰ ਕੋਲ, ਰੇਲਵੇ ਲਾਈਨ ਜੱਸੀਆਂ ਰੋਡ ਨੇੜੇ ਪੁੱਲ, ਦਾਣਾ ਮੰਡੀ ਦੇ ਪਿੱਛੇ, ਦਾਣਾ ਮੰਡੀ ਨੇੜੇ ਝੁੱਗੀਆਂ, ਨਵੀਂ ਸਬਜ਼ੀ ਮੰਡੀ, ਨੇੜੇ ਬੁੱਢਾ ਨਾਲਾ, ਲੋਕਲ ਸਬਜ਼ੀ ਮੰਡੀ, ਨਗਰ ਨਿਗਮ ਦੇ ਜ਼ੋਨ ਏ ਦਫ਼ਤਰ ਕੋਲ ਪੈਂਦੇ ਖਾਲੀ ਪਲਾਟਾਂ ਕੋਲ, ਜੱਸੀਆਂ ਰੋਡ (ਨੰਬਰ-4 ਝੁੱਗੀਆਂ), ਮੰਨਾ ਸਿੰਘ ਨਗਰ (ਵਿਹੜਾ), ਰੇਲਵੇ ਲਾਈਨ (ਘੰਟਾ ਘਰ), ਢੰਡਾਰੀ ਕਲਾਂ ਰੇਲਵੇ ਸਟੇਸ਼ਨ (ਦਿੱਲੀ-ਅੰਬਾਲਾ ਰੋਡ),
ਫ਼ੌਜੀ ਮੁਹੱਲਾ ਰੇਲਵੇ ਲਾਈਨ, ਜੱਸੀਆਂ ਰੋਡ ਨੇੜੇ ਤਰਸੇਮ ਚੈਰੀਟੇਬਲ ਹਸਪਤਾਲ, ਭਾਈ ਰਣਧੀਰ ਸਿੰਘ ਨਗਰ ਝੁੱਗੀਆਂ ਜ਼ੋਨ-ਡੀ ਦਫ਼ਤਰ, ਜੱਸੀਆਂ ਰੋਡ ਤਰਸੇਮ ਚੈਰੀਟੇਬਲ ਹਸਪਤਾਲ ਦੇ ਪਿੱਛੇ, ਭਗਤ ਸਿੰਘ ਨਗਰ ਨੇੜੇ ਸ਼ਾਮ ਨਗਰ ਰੇਲਵੇ ਲਾਂਘਾ, ਦਮੋਰੀਆ ਪੁਲ ਨੇੜੇ ਰੇਲਵੇ ਲਾਈਨ, ਆਕਾਸ਼ ਪੁਰੀ, ਪੰਜਾਬੀ ਬਾਗ, ਦਾਣਾ ਮੰਡੀ ਗਿੱਲ ਸੜਕ, ਗਿੱਲ ਰੋਡ ਨਹਿਰ ਦੇ ਪੁਲ ਕੋਲ, ਖੋਖਾ ਮਾਰਕੀਟ ਨੇੜੇ ਝੁੱਗੀਆਂ ਗਊਸ਼ਾਲਾ ਪਲਾਟ ਸਾਹਮਣੇ, ਜੀਵਨ ਨਗਰ ਸੜਕ ਝੁੱਗੀਆਂ ਦੇ ਸੱਜੇ ਪਾਸੇ, ਤਾਜਪੁਰ ਸੜਕ ਨੇੜੇ ਝੁੱਗੀਆਂ ਕੋਲ ਅਤੇ ਹੋਰ ਸਥਾਨਾਂ 'ਤੇ ਸਥਾਪਤ ਕੀਤੇ ਜਾਣੇ ਹਨ।
ਇਨ੍ਹਾਂ ਸਥਾਨਾਂ 'ਤੇ ਪੰਜ ਜਾਂ ਇਸ ਤੋਂ ਵਧੇਰੇ ਪਖ਼ਾਨਾ ਸੈੱਟ ਸਥਾਪਤ ਕੀਤੇ ਜਾਣਗੇ ਜੋ ਔਰਤਾਂ ਅਤੇ ਮਰਦਾਂ ਲਈ ਅਲੱਗ-ਅਲੱਗ ਹੋਣਗੇ। ਇਸ ਤੋਂ ਇਲਾਵਾ ਸ਼ਹਿਰ ਵਿਚ ਸਮਾਰਟ ਸਿਟੀ ਪ੍ਰੋਜੈਕਟ ਤਹਿਤ 50 ਹੋਰ ਅਤਿ ਆਧੁਨਿਕ ਪੱਕੇ ਪਖ਼ਾਨੇ ਸਥਾਪਤ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਨਾਲ ਸ਼ੁਰੂ ਕੀਤੇ ਗਏ
'ਮਿਸ਼ਨ ਤੰਦਰੁਸਤ ਪੰਜਾਬ' ਬਾਰੇ ਗੱਲ ਕਰਦਿਆਂ ਮੈਂਬਰ ਲੋਕ ਸਭਾ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਸ ਮਿਸ਼ਨ ਦੇ ਸ਼ੁਰੂ ਹੋਣ ਨਾਲ ਸੂਬੇ ਦੀ ਹਵਾ, ਪਾਣੀ, ਭੋਜਨ ਅਤੇ ਵਾਤਾਵਰਣ ਦੇ ਸ਼ੁੱਧ ਹੋਣ ਦੀ ਆਸ ਬੱਝੀ ਹੈ। ਇਸ ਮਿਸ਼ਨ ਨਾਲ ਪੰਜਾਬੀਆਂ ਨੂੰ ਸਹੀ ਮਾਅਨਿਆਂ ਵਿਚ ਤੰਦਰੁਸਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਤਹਿਤ 12 ਵਿਭਾਗਾਂ ਨੇ ਅਪਣੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਨਾਲ ਸੂਬੇ ਨੂੰ ਤੰਦਰੁਸਤ ਕਰਨ ਲਈ ਉਪਰਾਲੇ ਕਰਨੇ ਹਨ।