ਗਲੀਆਂ ਅੱਗੇ ਗੇਟ ਲਗਾਉਣਾ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਨਾਜਾਇਜ਼: ਗੁਰਮੁਖ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਮਰਨ ਕੌਰ ਸਦਿਉੜਾ ਸੁਪਤਨੀ ਗੁਰਮੇਲ ਸਿੰਘ ਵਲੋਂ ਉਨ੍ਹਾਂ ਦੇ ਪਤੀ ਗੁਰਮੇਲ ਸਿੰਘ ਉਪਰ ਸਿਆਸੀ ਦਬਾਅ ਕਾਰਨ ਕੀਤੇ ਗਏ.......

Gurmukh Singh With Others

ਮੋਗਾ,  ਸਿਮਰਨ ਕੌਰ ਸਦਿਉੜਾ ਸੁਪਤਨੀ ਗੁਰਮੇਲ ਸਿੰਘ ਵਲੋਂ ਉਨ੍ਹਾਂ ਦੇ ਪਤੀ ਗੁਰਮੇਲ ਸਿੰਘ ਉਪਰ ਸਿਆਸੀ ਦਬਾਅ ਕਾਰਨ ਕੀਤੇ ਗਏ ਐਸ.ਐਚ.ਓ. ਗੁਰਪ੍ਰੀਤ ਸਿੰਘ ਵਲੋਂ 09-06-2018 9P3 ਧਾਰਾ 341, 506, 148 ਅਤੇ 149 ਤਹਿਤ ਦਰਜ ਕੀਤੇ ਕਥਿਤ ਝੂਠੇ ਪਰਚੇ ਸਬੰਧੀ ਇਕ ਵਿਸ਼ਾਲ ਪ੍ਰੈਸ ਕਾਨਫ਼ਰੰਸ ਕੀਤੀ ਗਈ। ਉਨ੍ਹਾਂ ਇਸ ਮੌਕੇ ਮੀਡੀਆ ਨੂੰ ਅਪਣਾ ਦੁਖੜਾ ਸੁਣਾਉਂਦਿਆਂ ਦਸਿਆ ਕਿ ਸਾਡਾ ਘਰ ਸੁਭਾਸ਼ ਨਗਰ ਵਿਚ ਮਾਧੋ ਸਿੰਘ ਵਾਲੀ ਗਲੀ ਵਿਖੇ ਸਥਿਤ ਹੈ।

ਸੁਭਾਸ਼ ਨਗਰ ਵੈਲਫ਼ੇਅਰ ਸੁਸਾਇਟੀ ਵਲੋਂ ਸਾਰੇ ਸੁਭਾਸ਼ ਨਗਰ ਨੂੰ ਤਿੰਨ ਵੱਖ-ਵੱਖ ਨਾਜਾਇਜ਼ ਗੇਟ ਲਗਾ ਰੱਖੇ ਹਨ ਜੋ ਹਾਈ ਕੋਰਟ ਵਲੋਂ 2008 ਵਿਚ ਪਾਸ ਕੀਤੇ ਕਾਨੂੰਨ ਰਾਹੀਂ ਨਾਜਾਇਜ਼ ਘੋਸ਼ਿਤ ਕੀਤੇ ਹੋਏ ਹਨ। ਕੁਝ ਕੁ ਮਹੀਨੇ ਪਹਿਲਾਂ ਮੇਰੇ ਸਤਿਕਾਰਯੋਗ ਸਹੁਰਾ ਅਚਾਨਕ ਤਬੀਅਤ ਖਰਾਬ ਹੋਣ ਕਾਰਣ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਨੂੰ ਰਾਤ ਸਮੇਂ ਹਸਪਤਾਲ ਲਿਜਾਣ ਸਮੇਂ ਅਤੇ ਇਲਾਜ ਦੌਰਾਨ ਪਰਵਾਰਕ ਮੈਂਬਰਾਂ ਨੂੰ ਦੱਤ ਰੋਡ ਤੋਂ ਗੇਟ ਖੁਲ੍ਹਵਾ ਕੇ ਆਉਣਾ-ਜਾਣਾ ਪੈਂਦਾ ਸੀ।

ਸਿਰਫ਼ ਸਾਨੂੰ ਹੀ ਇਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ, ਹੋਰ ਵੀ ਮੁਹੱਲਾ ਨਿਵਾਸੀਆਂ ਨੂੰ ਪ੍ਰੇਸ਼ਾਨੀ ਆਉਂਦੀ ਹੈ ਪਰ ਸਿਆਸੀ ਦਬਾਅ ਕਾਰਨ ਜੋ ਕੋਈ ਵੀ ਇਸ ਵਿਰੁਧ ਆਵਾਜ਼ ਉਠਾਉਂਦਾ ਹੈ, ਉਸ ਨੂੰ ਸਾਡੇ ਵਾਂਗ ਕਥਿਤ ਝੂਠੇ ਮੁਕੱਦਮਿਆਂ ਵਿਚ ਫਸਾਉਣ ਦੀਆਂ ਧਮਕੀਆਂ ਦਿਤੀਆਂ ਜਾਂਦੀਆਂ ਹਨ। ਗੇਟ ਬੰਦ ਹੋਣ ਕਾਰਨ ਕਿਸੇ ਆਫਤ ਸਮੇਂ ਨਾ ਤਾਂ ਫ਼ਾਇਰ ਬ੍ਰਿਗੇਡ ਅਤੇ ਨਾ ਹੀ ਐਂਬੂਲੈਂਸ ਸਮੇਂ ਸਿਰ ਮੁਹੱਲੇ ਵਿਚ ਪਹੁੰਚ ਸਕਦੀਆਂ ਹਨ। ਕੀ ਅਜਿਹੀ ਸਥਿਤੀ ਵਿਚ ਸੁਭਾਸ਼ ਨਗਰ ਵੈਲਫ਼ੇਅਰ ਸੁਸਾਇਟੀ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਜ਼ਿੰਮੇਵਾਰੀ ਉਠਾਏਗੀ? 

ਗੁਰਮੁਖ ਸਿੰਘ, ਜਿਨ੍ਹਾਂ ਦੇ ਬੇਟੇ ਹੀਰਾ ਸਿੰਘ ਨੂੰ ਵੀ ਝੂਠੇ ਪਰਚੇ ਵਿਚ ਫਸਾਇਆ ਗਿਆ ਹੈ, ਨੇ ਦਸਿਆ ਕਿ ਇਕ ਪਾਸੇ ਤਾਂ ਕੈਪਟਨ ਸਰਕਾਰ ਵਲੋਂ ਪਿਛਲੇ ਸਮੇਂ ਵਿਚ ਦਰਜ ਕਥਿਤ ਝੂਠੇ ਮੁਕੱਦਮਿਆਂ 'ਤੇ ਨਜ਼ਰਸਾਨੀ ਲਈ ਕਮਿਸ਼ਨ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਮੁਹੱਲੇ ਵਿਚ ਮੋਗਾ ਦੇ ਮੇਅਰ ਦਾ ਸਹੁਰਾ ਪਰਵਾਰ ਰਹਿੰਦਾ ਹੈ ਅਤੇ ਇਸ ਘਟਨਾ ਦੇ ਪਿੱਛੇ ਉਨ੍ਹਾਂ ਦੇ ਸਹੁਰਾ ਪਰਮਜੀਤ ਗਰਗ ਵਿਰੁਧ ਵੀ ਗੁਰਮੁਖ ਸਿੰਘ ਨੇ ਦੋਸ਼ ਲਾਉਂਦਿਆਂ ਕਿਹਾ ਕਿ ਜੋ ਮੁਹੱਲਾ ਨਿਵਾਸੀ ਵੈਲਫ਼ੇਅਰ ਸੁਸਾਇਟੀ ਨੂੰ ਪੈਸੇ ਨਹੀਂ ਦਿੰਦੇ, ਉਨ੍ਹਾਂ ਨੂੰ ਲੋੜ ਪੈਣ 'ਤੇ ਰਾਤ ਨੂੰ ਗੇਟ ਨਹੀਂ ਖੋਲ੍ਹਿਆ ਜਾਂਦਾ।

ਹੋਰ ਤਾਂ ਹੋਰ ਇਸੇ ਮੁਹੱਲੇ ਵਿਚ ਮੌਜੂਦ ਦਿਮਾਗੀ ਰੋਗਾਂ ਦੇ ਹਸਪਤਾਲ 'ਚ ਰਾਤ ਐਮਰਜੈਂਸੀ ਆਉਣ ਵਾਲੇ ਮਰੀਜ਼ਾਂ ਨੂੰ ਬੰਦ ਗੇਟਾਂ ਕਾਰਨ ਪ੍ਰੇਸ਼ਾਨੀ ਸਹਿਣੀ ਪੈਂਦੀ ਹੈ ਅਤੇ ਕਈ ਵਾਰ ਜਾਨ ਤੋਂ ਹੱਥ ਧੋਣੇ ਪੈਂਦੇ ਹਨ।  69R ਵਿਚ ਦਰਜ ਦੋਸ਼ਾਂ ਨੂੰ ਝੁਠਲਾਉਂਦਿਆਂ ਗੁਰਮੁਖ ਸਿੰਘ ਨੇ ਕਿਹਾ ਕਿ ਗੇਟ ਨੂੰ ਸਿਰਫ਼ ਖੋਲ੍ਹ ਕੇ ਰਖਿਆ ਗਿਆ ਅਤੇ ਗੇਟ ਵੀ ਉਥੇ ਹੀ ਮੌਜੂਦ ਹੈ।

ਉਨ੍ਹਾਂ ਮੌਕੇ 'ਤੇ ਪੱਤਰਕਾਰਾਂ ਨੂੰ ਮਾਧੋ ਵਾਲੀ ਗਲੀ ਦੇ ਮੋੜ 'ਤੇ ਪਿਆ ਗੇਟ ਵੀ ਦਿਖਾਇਆ ਜਿਸ ਨੂੰ ਕਿਤੋਂ ਵੀ ਕੱਟਿਆ ਨਹੀਂ ਗਿਆ ਸੀ। ਮੁਹੱਲਾ ਨਿਵਾਸੀ ਸੁਰਿੰਦਰ ਕੌਰ ਸੱਗੂ ਨੇ ਦਸਿਆ ਕਿ Àਸ ਨੂੰ ਜਦ ਵੀ ਬੀਮਾਰੀ ਦੀ ਹਾਲਤ ਵਿਚ ਹਸਪਤਾਲ ਜਾਣ ਦੀ ਲੋੜ ਪੈਂਦੀ ਹੈ ਤਾਂ ਗੁਰਮੇਲ ਸਿੰਘ ਦਾ ਪਰਵਾਰ ਹੀ ਉਸ ਦੀ ਮਦਦ ਕਰਦੇ ਹਨ ਪਰ ਗੇਟ ਬੰਦ ਹੋਣ ਕਾਰਨ ਕਈ ਵਾਰ ਦੇਰੀ ਹੋ ਜਾਂਦੀ ਹੈ। 

ਜ਼ਿਕਰਯੋਗ ਹੈ ਕਿ ਅਕਾਲਸਰ ਰੋਡ ਮਾਧੋ ਵਾਲੀ ਗਲੀ ਦਾ ਗੇਟ ਰਾਤ 9 ਵਜੇ ਹੀ ਬੰਦ ਕਰ ਦਿਤਾ ਜਾਂਦਾ ਹੈ ਜਦਕਿ ਦੱਤ ਰੋਡ ਵਾਲੇ ਪਾਸੇ ਸਿਆਸੀ ਰਸੂਖ ਵਾਲੇ ਘਰਾਂ ਦੇ ਨੇੜਲਾ ਗੇਟ ਰਾਤ 10 ਵਜੇ ਤਕ ਖੁੱਲ੍ਹਾ ਹੁੰਦਾ ਹੈ ਅਤੇ ਗਾਰਡ ਦੀ ਸਹੂਲਤ ਵੀ ਸਿਰਫ਼ ਉਸੇ ਗੇਟ 'ਤੇ ਹੀ ਹੁੰਦੀ ਹੈ ਤੇ ਇੰਜ ਮੁਹੱਲੇ ਵਿਚ ਹੀ ਸਿਆਸੀ ਲੋਕ ਜਾਣ ਬੁੱਝ ਕੇ ਵਖਰੇਵਾਂ ਪੈਦਾ ਕਰ ਰਹੇ ਹਨ।

ਇਸ ਸਬੰਧੀ ਡੀ.ਜੀ.ਪੀ., ਆਈ.ਜੀ., ਕਮਿਸ਼ਨਰ ਨਗਰ ਨਿਗਮ, ਡੀ.ਐਸ.ਪੀ. ਸਿਟੀ ਮੋਗਾ ਅਤੇ ਐਸ.ਐਚ.ਓ. ਸਿਟੀ-1 ਮੋਗਾ ਨੂੰ ਦਰਖਾਸਤਾਂ ਦਿਤੀਆਂ ਗਈਆਂ ਹਨ। ਉਮੀਦ ਹੈ ਕਿ ਪ੍ਰਸ਼ਾਸਨ ਯੋਗ ਕਾਰਵਾਈ ਕਰ ਕੇ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਗੇਟ ਨੂੰ ਉਤਾਰਦਿਆਂ ਹੋਇਆਂ ਜੋ ਝੂਠਾ ਪਰਚਾ ਗੁਰਮੇਲ ਸਿੰਘ ਅਤੇ ਹੀਰਾ ਸਿੰਘ ਉਪਰ ਕਰਵਾਇਆ ਗਿਆ ਹੈ, ਨੂੰ ਖਾਰਜ ਕਰੇਗਾ।

ਇਸ ਮੌਕੇ ਦਵਿੰਦਰ ਸਿੰਘ ਰਣਿਆਂ, ਗੁਰਮੁਖ ਸਿੰਘ ਖਾਲਸਾ, ਅਖਤਿਆਰ ਸਿੰਘ, ਪਰਮਜ਼ੋਤ ਸਿੰਘ, ਜਗਜੀਤ ਸਿੰਘ, ਜਗਰੂਪ ਸਿੰਘ, ਰੁਪਿੰਦਰ ਪਾਲ ਸਿੰਘ, ਸ਼ਾਮ ਸਿੰਘ ਰਾਣਾ, ਸੁਖਦੇਵ ਸਿੰਘ, ਮੰਦਰ ਸਿੰਘ, ਨਵਦੀਪ ਗੁਪਤਾ, ਰਣਵੀਰ ਸਿੰਘ, ਬਿਕਰਮਜੀਤ ਸਿੰਘ, ਸੁਰਿੰਦਰ ਕੌਰ, ਰੇਖਾ ਰਾਣੀ, ਸਿਮਰਨ ਕੌਰ, ਹਰਵਿੰਦਰ ਕੌਰ, ਅਮਰਜ਼ੀਤ ਸਿੰਘ ਕਲਕੱਤਾ, ਜਗਤਾਰ ਸਿੰਘ ਮਾਧੋ, ਕੁਲਵਿੰਦਰ ਸਿੰਘ, ਬਲਬੀਰ ਸਿੰਘ ਭਾਊ ਅਤੇ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ।

ਇਸ ਮਾਮਲੇ ਸਬੰਧੀ ਜਦੋਂ ਥਾਣਾ ਸਿਟੀ ਅਧਿਕਾਰੀ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ  ਜੋ ਬਿਆਨ ਦਰਜ ਕਰਵਾਏ ਗਏ ਹਨ, ਉਸ ਤਹਿਤ ਤਫ਼ਤੀਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਤਫ਼ਤੀਸ਼ ਦੌਰਾਨ ਬਿਆਨ ਗ਼ਲਤ ਪਾਏ ਗਏ ਤਾਂ ਪਰਚਾ ਕੈਂਸਲ ਕੀਤਾ ਜਾਵੇਗਾ।