ਮੁੱਖ ਮੰਤਰੀ ਵਲੋਂ ਸਹਿਕਾਰੀ ਖੰਡ ਮਿੱਲਾਂ ਦੇ ਬਕਾਏ ਦੇ ਨਿਪਟਾਰੇ ਲਈ ਸ਼ੂਗਰਫ਼ੈੱਡ ਨੂੰ 149 ਕਰੋੜ ਦੀ ..

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨਾਂ ਦੇ ਭੁਗਤਾਨ ਲਈ ਵਿੱਤ ਵਿਭਾਗ ਵਲੋਂ 150 ਕਰੋੜ ਰੁਪਏ ਨੂੰ ਪ੍ਰਵਾਨਗੀ

Amarinder Singh

ਚੰਡੀਗੜ੍ਹ, 11 ਜੂਨ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਹਿਕਾਰੀ ਖੰਡ ਮਿੱਲਾਂ ਵਲੋਂ ਗੰਨਾ ਉਤਪਾਦਕਾਂ ਨੂੰ ਅਦਾ ਕੀਤੇ ਜਾਣ ਵਾਲੇ 299 ਕਰੋੜ ਰੁਪਏ ਦੇ ਪੂਰੇ ਬਕਾਏ ਦਾ ਭੁਗਤਾਨ ਕਰਨ ਲਈ ਸ਼ੂਗਰਫ਼ੈੱਡ ਨੂੰ 149 ਕਰੋੜ ਰੁਪਏ ਦੀ ਬਾਕੀ ਰਾਸ਼ੀ ਦੀ ਅਦਾਇਗੀ ਕਰਨ ਦੇ ਹੁਕਮ ਦਿਤੇ।

ਇਸੇ ਦੌਰਾਨ ਮੁੱਖ ਮੰਤਰੀ ਦੀ ਹਦਾਇਤਾਂ 'ਤੇ ਵਿੱਤ ਵਿਭਾਗ ਨੇ ਸਹਿਕਾਰੀ ਖੰਡ ਮਿੱਲਾਂ ਦੇ ਕਿਸਾਨਾਂ ਨੂੰ ਬਕਾਇਆ ਰਾਸ਼ੀ ਦਾ ਭੁਗਤਾਨ ਕਰਨ ਲਈ 150 ਕਰੋੜ ਰੁਪਏ ਦੀ ਪ੍ਰਵਾਨਗੀ ਦੇ ਦਿੱਤੀ ਹੈ ਜਦਕਿ 149 ਕਰੋੜ ਰੁਪਏ ਦੀ ਬਾਕੀ ਰਾਸ਼ੀ ਸ਼ੂਗਰਫੈੱਡ ਵਲੋਂ ਅਪਣੇ ਵਸੀਲਿਆਂ ਤੋਂ ਅਦਾ ਕੀਤੀ ਜਾਵੇਗੀ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਵਿੱਤੀ ਤੌਰ 'ਤੇ ਯੋਗ ਵਿਧੀ ਉਲੀਕਣ ਲਈ ਆਖਿਆ ਤਾਂ ਕਿ ਭਵਿੱਖ ਵਿੱਚ ਅਜਿਹੀ ਸਥਿਤੀ ਨੂੰ ਉਤਪੰਨ ਹੋਣ ਤੋਂ ਰੋਕਿਆ ਜਾ ਸਕੇ ਅਤੇ ਗੰਨਾ ਉਤਪਾਦਕਾਂ ਨੂੰ ਸਮੇਂ ਸਿਰ ਅਤੇ ਨਿਰੰਤਰ ਅਦਾਇਗੀ ਕਰਨੀ ਯਕੀਨੀ ਬਣਾਈ ਜਾ ਸਕੇ। ਇਸੇ ਦੌਰਾਨ ਮੁੱਖ ਮੰਤਰੀ ਨੇ ਨਿਜੀ ਖੰਡ ਮਿੱਲਾਂ ਨੂੰ ਕਿਸਾਨਾਂ ਦੇ ਬਕਾਏ ਦਾ ਨਿਪਟਾਰਾ ਤੁਰੰਤ ਕਰਨ ਦੇ ਹੁਕਮ ਦਿਤੇ।

ਜ਼ਿਕਰਯੋਗ ਹੈ ਕਿ ਸੂਬੇ ਵਿਚ ਚਾਰ ਨਿੱਜੀ ਖੰਡ ਮਿੱਲਾਂ ਦੇ ਗੰਨੇ ਦੇ ਬਕਾਏ ਦੇ ਤੌਰ 'ਤੇ ਕੁੱਲ 1253 ਕਰੋੜ ਦੀ ਰਾਸ਼ੀ ਬਣਦੀ ਹੈ, ਜਿਸ ਵਿੱਚੋਂ 876 ਕਰੋੜ ਰੁਪਏ ਦਾ ਭੁਗਤਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ ਅਤੇ 377 ਕਰੋੜ ਰੁਪਏ ਬਕਾਇਆ ਹਨ। ਦੂਜੇ ਪਾਸੇ ਸਹਿਕਾਰੀ ਖੰਡ ਮਿੱਲਾਂ ਦੀ 486 ਕਰੋੜ ਰੁਪਏ ਦੀ ਰਾਸ਼ੀ ਵਿੱਚੋਂ 229 ਕਰੋੜ ਰੁਪਏ ਸ਼ੂਗਰਫ਼ੈੱਡ ਵਲੋਂ ਅਦਾ ਕੀਤੇ ਜਾ ਚੁੱਕੇ ਹਨ ਜਦਕਿ ਸਾਲ 2019-20 ਅਤੇ ਸਾਲ 2018-19 ਦੇ ਕ੍ਰਮਵਾਰ 257 ਕਰੋੜ ਅਤੇ 42 ਕਰੋੜ ਰੁਪਏ ਬਕਾਇਆ ਹਨ।

ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਦਾ ਕੀਤਾ ਧੰਨਵਾਦ
ਚੰਡੀਗੜ੍ਹ, 11 ਜੂਨ (ਗੁਰਉਪਦੇਸ਼ ਭੁੱਲਰ): ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਗੰਨਾ ਕਾਸ਼ਤਕਾਰਾਂ ਦੀ ਬਕਾਇਆ ਰਾਸ਼ੀ ਜਾਰੀ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ 'ਚ ਇਹ ਮੁੱਦਾ ਬਾਜਵਾ ਅਤੇ 3 ਹੋਰ ਵਿਧਾਇਕਾਂ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਉਠਾਇਆ ਸੀ। ਸ: ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਦਖ਼ਲ ਦੇ ਕੇ ਗੰਨੇ ਦੇ ਬਕਾਏ ਦੀ ਅਦਾਇਗੀ ਲਈ 150 ਕਰੋੜ ਰੁਪਏ ਵਿੱਤ ਵਿਭਾਗ ਅਤੇ 149 ਕਰੋੜ ਰੁਪਏ ਸ਼ੂਗਰਫੈੱਡ ਤੋਂ ਜਾਰੀ ਕਰਵਾਉਣਾ ਸਵਾਗਤਯੋਗ ਕਦਮ ਹੈ। ਉਨ੍ਹ ਨਾਲ ਹੀ ਉਮੀਦ ਪ੍ਰਗਟ ਕੀਤੀ ਕਿ ਮੁੱਖ ਮੰਤਰੀ ਪ੍ਰਾਈਵੇਟ ਗੰਨਾ ਮਿੱਲਾਂ ਦੇ 383 ਕਰੋੜ ਰੁਪਏ ਦੇ ਬਕਾਏ ਨੂੰ ਜਾਰੀ ਕਰਵਾਉਣ ਲਈ ਵੀ ਦਖ਼ਲ ਦੇ ਕੇ ਮਸਲਾ ਹਲ ਕਰਵਾਉਣਗੇ।