ਕੇਂਦਰ ਸਰਕਾਰ ਦੇ ਤਿੰਨ ਆਰਡੀਨੈਂਸ ਤੁਰਤ ਵਾਪਸ ਲੈਣ ਸਬੰਧੀ ਦਿਤਾ ਮੰਗ ਪੱਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰ ਸਰਕਾਰ ਦੇ ਤਿੰਨ ਆਰਡੀਨੈਂਸ ਤੁਰਤ ਵਾਪਸ ਲੈਣ ਸਬੰਧੀ ਦਿਤਾ ਮੰਗ ਪੱਤਰ

1

ਫਿਰੋਜ਼ਪੁਰ 12 ਜੂਨ (ਸੁਭਾਸ਼ ਕੱਕੜ): ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਤਿੰਨ ਆਰਡੀਨੈਂਸ ਵਾਪਸ ਲੈਣ ਸਬੰਧੀ ਆਮ ਆਦਮੀ ਪਾਰਟੀ ਦੇ ਵਫਦ ਡੀਸੀ ਫਿਰੋਜ਼ਪੁਰ ਨੂੰ ਮਿਲਿਆ। ਇਸ ਵਫਦ ਦੀ ਅਗਵਾਈ ਆਮ ਆਦਮੀ ਪਾਰਟੀ ਫਿਰੋਜਪੁਰ ਦੇ ਜ਼ਿਲ੍ਹਾ ਪ੍ਰਧਾਨ ਰਣਬੀਰ ਸਿੰਘ ਭੁੱਲਰ ਨੇ ਕੀਤੀ। ਉਨ੍ਹਾਂ ਨੇ ਮੰਗ ਪੱਤਰ ਵਿਚ ਲਿਖਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਜੋ ਤਿੰਨ ਆਰਡੀਨੈਂਸ ਲਾਗੂ ਕੀਤੇ ਗਏ ਹਨ ਉਹ ਪੰਜਾਬ ਦੇ ਅਧਿਕਾਰਾਂ 'ਤੇ ਹਮਲਾ ਅਤੇ ਖੇਤੀ ਲਈ ਵਿਨਾਸ਼ਕਾਰੀ ਹੈ। ਉਨ੍ਹਾਂ ਆਖਿਆ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਦ ਦੇਸ਼ ਅੱਗੇ ਅੰਨ ਸੁਰੱਖਿਆ ਦੀ ਚੁਣੌਤੀ ਆਈ ਤਾਂ ਭੁੱਖਮਰੀ ਦੇ ਦੌਰ ਵਿਚ ਗੁਜ਼ਰ ਰਹੇ ਭਾਰਤ ਨੂੰ ਅੰਨ ਲਈ ਆਤਮ ਨਿਰਭਰ ਬਣਾਇਆ।

ਹਰੀ ਕ੍ਰਾਂਤੀ ਦੇ ਨਾਂਅ ਹੇਠ ਭਾਰਤ ਸਰਕਾਰ ਨੇ ਪੰਜਾਬ ਦੇ ਕਿਸਾਨ ਨੂੰ ਕਣਕ ਅਤੇ ਝੋਨੇ ਦਾ ਫਸਲੀ ਮਾਡਲ ਦੇ ਕੇ ਦੇਸ਼ ਦੇ ਅੰਨ ਭੰਡਾਰ ਤਾਂ ਭਰ ਲਏ ਪਰ ਪੰਜਾਬ ਅਤੇ ਇਥੋਂ ਦੇ ਕਿਸਾਨ ਆਪਣੀ ਜਰਖੇਜ਼ ਮਿੱਟੀ, ਸ਼ਰਬਤੀ ਪਾਣੀ ਅਤੇ ਸਾਫ ਸੁਥਰੀ ਆਬੋ ਹਵਾ ਸਮੇਤ ਆਪਣੀ ਹੋਂਦ ਹੀ ਦਾਅ 'ਤੇ ਲਾ ਬੈਠਾ। ਕੇਂਦਰ ਸਰਕਾਰ ਵੱਲੋਂ ਤੈਅ ਕੀਤੀਆਂ ਜਾਂਦੀਆਂ ਕੀਮਤਾਂ ਅਤੇ ਲਾਗਤ ਖਰਚਿਆਂ ਨੂੰ ਪਾੜਾ ਵੱਧਦਾ ਗਿਆ ਅਤੇ ਖੇਤੀ ਘਾਟੇ ਦਾ ਸੌਦਾ ਬਣ ਗਈ। ਕਿਸਾਨਾਂ ਅਤੇ ਖੇਤੀ 'ਤੇ ਨਿਰਭਰ ਮਜ਼ਦੂਰ ਵਰਗ ਸਿਰ ਚੜਿਆ ਭਾਰੀ ਕਰਜ਼ ਆਤਮਘਾਤੀ ਹੋ ਗਿਆ। ਉਨ੍ਹਾਂ ਆਖਿਆ ਕਿ ਅੰਨਦਾਤਾ ਖੁਦਕੁਸ਼ੀਆਂ ਲਈ ਮਜ਼ਬੂਰ ਹੋ ਗਿਆ ਹੈ। ਇਸ ਵਫਦ ਵਿਚ ਐਡਵੋਕੇਟ ਰਜਨੀਸ਼ ਦਹੀਆ ਹਲਕਾ ਇੰਚਾਰਜ਼ ਫਿਰੋਜ਼ਪੁਰ ਰੂਲਰ, ਡਾ. ਅਮ੍ਰਿਤਪਾਲ ਸਿੰਘ ਸੋਢੀ ਹਲਕਾ ਇੰਚਾਰਜ਼ ਫਿਰੋਜ਼ਪੁਰ ਸਿਟੀ, ਚੰਦ ਸਿੰਘ ਗਿੱਲ ਹਲਕਾ ਇੰਚਾਰਜ਼ ਜ਼ੀਰਾ, ਡਾ. ਮਲਕੀਤ ਥਿੰਦ ਹਲਕਾ ਇੰਚਾਰਜ਼ ਗੁਰੂਹਰਸਹਾਏ ਆਦਿ ਹਾਜ਼ਰ ਸਨ।