ਸਤਲੁਜ ਦਰਿਆ ’ਚ ਪਹਿਲੀ ਵਾਰ ਨਜ਼ਰ ਆਈ ‘ਇੰਡਸ-ਡਾਲਫ਼ਿਨ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫ਼ਿਰੋਜਪੁਰ ਡਿਵੀਜਨ ’ਚ ਪੈਂਦੀ ਕੌਮਾਂਤਰੀ ਨਮ-ਧਰਤੀ ਹਰੀਕੇ ਝੀਲ ’ਤੇ ਕੋਵਿੱਡ-19 ਦੌਰਾਨ ਕੁਦਰਤ ਵਿਸ਼ੇਸ਼

File Photo

ਫ਼ਿਰੋਜਪੁਰ, 11 ਜੂਨ (ਜਗਵੰਤ ਸਿੰਘ ਮੱਲ੍ਹੀ) : ਫ਼ਿਰੋਜਪੁਰ ਡਿਵੀਜਨ ’ਚ ਪੈਂਦੀ ਕੌਮਾਂਤਰੀ ਨਮ-ਧਰਤੀ ਹਰੀਕੇ ਝੀਲ ’ਤੇ ਕੋਵਿੱਡ-19 ਦੌਰਾਨ ਕੁਦਰਤ ਵਿਸ਼ੇਸ਼ ਮਿਹਰਬਾਨ ਨਜ਼ਰ ਆ ਰਹੀ ਹੈ। ਝੀਲ ’ਚ ਜਿੱਥੇ ਬੀਤੇ ਦਿਨੀਂ ਕਈ ਪੰਛੀਆਂ ਦੀਆਂ ਪ੍ਰਜਾਤੀਆਂ ਪਹਿਲੀ ਵਾਰ ਨਜ਼ਰ ਆਈਆਂ ਸਨ। ਜੋ ਸਰਦ ਰੁੱਤ ਬੀਤ ਜਾਣ ਮਗਰੋਂ ਕਦੀ ਇਥੇ ਨਹੀਂ ਦੇਖੀਆਂ ਗਈਆਂ ਸਨ। ਉਥੇ ਹੁਣ ਸਾਫ਼ ਪਾਣੀਆਂ ਅਤੇ ਸ਼ਾਂਤ ਵਾਤਾਵਰਣ ’ਚ ਰਹਿਣ ਵਾਲੀ ‘ਇੰਡਸ-ਰਿਵਰ-ਡਾਲਫ਼ਿਨ’ ਵੀ ਝੀਲ ਦੇ ਇਤਿਹਾਸ ’ਚ ਅੱਜ ਪਹਿਲੀ ਵਾਰ ਹੀ ਅਠਖੇਲੀਆਂ ਕਰਦੀ ਨਜ਼ਰ ਆਈ। 

ਇਸ ਬਾਬਤ ਹੋਰ ਜਾਣਕਾਰੀ ਦਿੰਦਿਆਂ ਰੇਂਜ ਅਫ਼ਸਰ ਕਮਲਜੀਤ ਸਿੰਘ ਨੇ ਦਸਿਆ ਕਿ ਉਹ ਜੰਗਲੀ ਜੀਵ ਵਿਭਾਗ ਦੇ ਕਰਮਚਾਰੀਆਂ ਜਸਪਾਲ ਸਿੰਘ, ਬਖ਼ਸ਼ੀਸ਼ ਸਿੰਘ ਅਤੇ ਰੇਸ਼ਮ ਸਿੰਘ ਨਾਲ ਪੰਛੀ ਰੱਖ ’ਚ ਮੋਟਰ ਬੋਟ ਰਾਹੀਂ ਗਸ਼ਤ ਕਰ ਰਹੇ ਸਨ। ਗਸ਼ਤ ਦੌਰਾਨ ਹੀ ਦੇਖਿਆ ਗਿਆ ਕਿ ਸਤਲੁਜ ਦਰਿਆ ਦੀ ਬੀਟ ਦੇਵਾ ਸਿੰਘ ਵਾਲਾ ਵਿਚ ਸਤਲੁਜ ਦਾ ਪਾਣੀ ਸਾਫ਼ ਹੋਣ ਕਾਰਨ ਦੁਰਲੱਭ ਪ੍ਰਜਾਤੀ ਦੀ ਇੰਡਸ ਡਾਲਫ਼ਿਨ ਕੁਦਰਤ ਦਾ ਆਨੰਦ ਲੈਂਦਿਆਂ ਅਠਖੇਲੀਆਂ ਕਰ ਰਹੀ ਸੀ।  

ਉਨ੍ਹਾਂ ਦਸਿਆ ਕਿ ਤਾਜ਼ੇ ਅਤੇ ਸਾਫ਼ ਪਾਣੀ ’ਚ ਰਹਿਣ ਵਾਲਾ ਇਹ ਜੀਵ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਹਰੀਕੇ ਨਮਧਰਤੀ ’ਤੇ ਪਾਣੀ ’ਚ ਪਹਿਲੀ ਵਾਰ ਨਜ਼ਰ ਆਇਆ ਹੈ। ਇਹ ਸਭ ਵਾਤਾਵਰਣ, ਕੁਦਰਤ ਅਤੇ ਪੰਛੀ ਪ੍ਰੇਮੀਆਂ ਲਈ ਬਹੁਤ ਹੀ ਅਦਭੁੱਤ ਖ਼ੁਸ਼ਖਬਰੀ ਹੈ। ਇਥੇ ਜ਼ਿਕਰਯੋਗ ਹੈ ਕਿ ਲੁਧਿਆਣਾ ਅਤੇ ਹੋਰ ਸ਼ਹਿਰਾਂ ਦੇ ਉਦਯੋਗਾਂ ਦਾ ਰਸਾਇਣ ਮਿਲਿਆ ਜ਼ਹਿਰੀਲਾ ਪਾਣੀ ਜਿਥੇ ਇਨਸਾਨਾਂ ਦੀ ਵਰਤੋਂ ਦੇ ਲਾਇਕ ਨਹੀਂ ਸੀ।

ਉਥੇ ਗੰਦੇ ਬਦਬੂਦਾਰ ਅਤੇ ਕਾਲੇ ਪਾਣੀ ਕਾਰਨ ਹਜ਼ਾਰਾਂ ਜੰਗਲੀ ਜੀਵਾਂ ਅਤੇ ਜਲ ਪ੍ਰਾਣੀਆਂ ਦੀ ਹੋਂਦ ਲਈ ਵੀ ਖ਼ਤਰਨਾਕ ਸਾਬਤ ਹੋ ਰਿਹਾ ਸੀ। ਹੁਣ ਸ਼ਾਇਦ ਕੁਦਰਤ ਦਾ ਹੀ ਵਰਤਾਰਾ ਹੈ ਕਿ ਕੋਵਿੱਡ-19 ਮਹਾਮਾਰੀ ਦੌਰਾਨ ਉਦਯੋਗਾਂ ਦੇ ਬੰਦ ਹੋਣ ਕਰਕੇ ਦਰਿਆਵਾਂ ਦਾ ਸਾਫ਼ ਪਾਣੀ ਜੰਗਲੀ, ਜਲ ਜੀਵਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ।