ਪੰਜਾਬ 'ਚ ਮੁੜ ਲਾਗੂ ਹੋਈ ਤਾਲਾਬੰਦੀ
ਸਨਿਚਰਵਾਰ-ਐਤਵਾਰ ਤੇ ਜਨਤਕ ਛੁੱਟੀ ਵਾਲੇ ਦਿਨ ਬਾਹਰ ਨਿਕਲਣ 'ਤੇ ਪੂਰਨ ਪਾਬੰਦੀ
ਚੰਡੀਗੜ੍ਹ, 11 ਜੂਨ (ਸਪੋਕਸਮੈਨ ਸਮਾਚਾਰ ਸੇਵਾ) : ਕੋਵਿਡ ਦੇ ਸਮੂਹਕ ਫੈਲਾਅ ਦੇ ਖ਼ਤਰੇ ਦੇ ਡਰੋਂ ਅਤੇ ਮਾਹਰਾਂ ਵਲੋਂ ਇਸ ਮਹਾਂਮਾਰੀ ਦਾ ਸਿਖ਼ਰ ਹਾਲੇ ਦੋ ਮਹੀਨਿਆਂ ਬਾਅਦ ਆਉਣ ਦੇ ਸੰਕੇਤਾਂ ਦੇ ਖ਼ਦਸ਼ਿਆਂ ਦੇ ਚਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਹਫ਼ਤੇ ਦੇ ਆਖਰੀ ਦਿਨਾਂ (ਸਨਿਚਰਵਾਰ ਤੇ ਐਵਤਾਰ) ਅਤੇ ਜਨਤਕ ਛੁੱਟੀ ਵਾਲੇ ਦਿਨਾਂ ਵਿਚ ਸਖ਼ਤੀ ਦੇ ਹੁਕਮ ਦਿੰਦਿਆਂ ਸਿਰਫ਼ ਈ-ਪਾਸ ਧਾਰਕਾਂ ਨੂੰ ਹੀ ਆਉਣ-ਜਾਣ ਦੀ ਆਗਿਆ ਦੇਣ ਦਾ ਫ਼ੈਸਲਾ ਕੀਤਾ ਹੈ।
ਕੋਵਿਡ-19 ਦੀ ਸਥਿਤੀ ਦਾ ਜਾਇਜ਼ਾ ਲੈਣ ਅਤੇ ਇਸ ਦੇ ਅੱਗੇ ਫੈਲਾਅ ਨੂੰ ਰੋਕਣ ਲਈ ਸੂਬੇ ਦੀਆਂ ਤਿਆਰੀਆਂ ਸਬੰਧੀ ਸੱਦੀ ਵੀਡੀਉ ਕਾਨਫ਼ਰੰਸ ਮੀਟਿੰਗ ਵਿਚ ਮੁੱਖ ਮੰਤਰੀ ਨੇ ਨਿਰਦੇਸ਼ ਦਿੰਦਿਆਂ ਕਿਹਾ ਕਿ ਮੈਡੀਕਲ ਸਟਾਫ਼ ਅਤੇ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾਉਣ ਵਾਲਿਆਂ ਨੂੰ ਛੱਡ ਕੇ ਬਾਕੀ ਸਾਰੇ ਨਾਗਰਿਕਾਂ ਨੂੰ ਹਫ਼ਤੇ ਦੇ ਆਖਰੀ ਦਿਨਾਂ ਅਤੇ ਛੁੱਟੀ ਵਾਲੇ ਦਿਨ ਆਉਣ-ਜਾਣ ਲਈ 'ਕੋਵਾ' ਐਪ ਤੋਂ ਈ-ਪਾਸ ਡਾਊਨਲੋਡ ਕਰਨਾ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਉਦਯੋਗਾਂ ਨੂੰ ਸਾਰੇ ਦਿਨਾਂ ਵਿਚ ਆਮ ਵਾਂਗ ਕੰਮ ਕਰਨ ਦੀ ਇਜਾਜ਼ਤ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਇਨ੍ਹਾਂ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਹੁਕਮ ਦਿੰਦਿਆਂ ਕਿਹਾ ਕਿ ਵੱਡੇ ਇਕੱਠ ਹੋਣ ਤੋਂ ਰੋਕਿਆ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਸਖ਼ਤ ਕਦਮ ਵਿਸ਼ਵ ਭਰ ਵਿਚ ਕੋਵਿਡ ਕੇਸਾਂ ਦੇ ਭਾਰੀ ਵਾਧੇ ਦੇ ਚੱਲਦਿਆਂ ਚੁੱਕੇ ਜਾਣੇ ਅਤਿ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਸਖ਼ਤ ਬੰਦਿਸ਼ਾਂ ਹੀ ਮਹਾਂਮਾਰੀ ਦੇ ਸਿਖ਼ਰ ਨੂੰ ਜਿੰਨਾ ਸੰਭਵ ਹੋਵੇ, ਓਨਾ ਟਾਲ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਵਾਇਰਸ ਨੂੰ ਰੋਕਣ ਦੀ ਅਗਾਊਂ ਦਵਾਈ ਜਾਂ ਇਲਾਜ ਨਾ ਹੋਣ ਦੀ ਸੰਭਾਵਨਾ ਨੂੰ ਦੇਖਦਿਆਂ ਸਿਰਫ਼ ਸਖ਼ਤ ਪ੍ਰੋਟੋਕੋਲ ਹੀ ਮਹਾਂਮਾਰੀ ਵਿਰੁਧ ਲੜਾਈ ਦਾ ਇਕੋ-ਇਕ ਰਸਤਾ ਹੈ। ਮੀਟਿੰਗ ਉਪਰੰਤ ਸਰਕਾਰੀ ਬੁਲਾਰੇ ਨੇ ਦਸਿਆ ਕਿ ਮਾਹਰਾਂ ਵਲੋਂ ਸਮੀਖਿਆ ਕਰਨ ਤੋਂ ਬਾਅਦ ਦਿੱਲੀ ਤੋਂ ਆਉਣ ਵਾਲਿਆਂ ਸਖ਼ਤ ਰੋਕ ਲਗਾਉਣ ਦਾ ਫ਼ੈਸਲਾ ਕੀਤਾ ਗਿਆ।
ਇਹ ਪੱਖ ਸਾਹਮਣੇ ਲਿਆਉਂਦਿਆਂ ਕਿ ਸੂਬੇ ਅੰਦਰ ਬਾਹਰੋਂ ਪੁੱਜੇ ਜ਼ਿਆਦਾਤਰ ਵਿਅਕਤੀਆਂ ਵਲੋਂ ਗ਼ੈਰ-ਜ਼ਿੰਮੇਵਾਰਾਨਾ ਵਰਤਾਉ ਕੀਤਾ ਗਿਆ ਅਤੇ ਸਿਹਤ ਅਧਿਕਾਰੀਆਂ ਪਾਸ ਰੀਪੋਰਟ ਨਹੀਂ ਕੀਤੀ ਗਈ, ਮੁੱਖ ਮੰਤਰੀ ਨੇ ਕਿਹਾ ਕਿ ਜਿਥੇ ਜ਼ਰੂਰਤ ਹੈ, ਉਥੇ ਸਖ਼ਤ ਫ਼ੈਸਲੇ ਲੈਣੇ ਪੈਣਗੇ ਕਿਉਂ ਜੋ ਕੇਸਾਂ ਦਾ ਵਾਧਾ ਹਾਲੇ ਜਾਰੀ ਹੈ ਅਤੇ ਆਉਂਦੇ ਦਿਨਾਂ ਵਿਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।
ਪੰਜਾਬ 'ਚ ਵੱਡੀ ਗਿਣਤੀ ਲੋਕਾਂ ਦੇ ਸੂਬੇ ਤੋਂ ਬਾਹਰੋਂ ਆਉਣ, ਭਾਵੇਂ ਇਨ੍ਹਾਂ ਵਿਚੋਂ ਪਾਜੇਟਿਵ ਕੇਸ ਜ਼ਿਆਦਾ ਸਾਹਮਣੇ ਨਹੀਂ ਆਏ, ਸਬੰਧੀ ਆਪਣੇ ਸਰੋਕਾਰ ਪ੍ਰਗਟਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕੋਰੋਨਾ ਵਿਰੁਧ ਸੂਬੇ ਦੀ ਲੜਾਈ ਪ੍ਰਤੀ ਕੋਈ ਢਿੱਲ ਨਹੀਂ ਵਰਤੀ ਜਾਵੇਗੀ।