ਕੋਵਿਡ ਮਰੀਜ਼ਾਂ ਦੇ ਇਲਾਜ ਅਤੇ ਲਾਸ਼ਾਂ ਦੇ ਮਾਮਲੇ ਵਿਚ ਕੇਂਦਰ ਅਤੇ ਰਾਜਾਂ ਤੋਂ ਮੰਗਿਆ ਜਵਾਬ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਸਪਤਾਲਾਂ ਵਿਚ ਲਾਸ਼ਾਂ ਨੂੰ ਠੀਕ ਤਰ੍ਹਾਂ ਨਹੀਂ ਰਖਿਆ ਜਾ ਰਿਹਾ

1

ਨਵੀਂ ਦਿੱਲੀ, 12 ਜੂਨ : ਸੁਪਰੀਮ ਕੋਰਟ ਨੇ ਹਸਪਤਾਲਾਂ ਵਿਚ ਕੋਵਿਡ-19 ਤੋਂ ਪੀੜਤ ਮਰੀਜ਼ਾਂ ਦੇ ਇਲਾਜ ਅਤੇ ਉਨ੍ਹਾਂ ਨਾਲ ਲਾਸ਼ਾਂ ਨੂੰ ਰੱਖੇ ਜਾਣ ਦੀਆਂ ਘਟਨਾਵਾਂ ਦਾ ਖ਼ੁਦ ਹੀ ਨੋਟਿਸ ਲੈਂਦਿਆਂ ਇਸ ਨੂੰ ਦਿਲ ਬਣਾਉਣ ਵਾਲਾ ਦਸਿਆ ਅਤੇ ਸ਼ੁਕਰਵਾਰ ਨੂੰ ਕੇਂਦਰ ਤੇ ਵੱਖ ਵੱਖ ਰਾਜਾਂ ਸਰਕਾਰਾਂ ਕੋਲੋਂ ਜਵਾਬ ਮੰਗਿਆ। ਜੱਜ ਅਸ਼ੋਕ ਭੂਸ਼ਣ, ਜੱਜ ਸੰਜੇ ਕਿਸ਼ਨ ਕੌਲ ਅਤੇ ਜੱਜ ਐਮ ਆਰ ਸ਼ਾਹ ਦੇ ਬੈਂਚ ਨੇ ਇਸ ਸਥਿਤੀ 'ਤੇ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਹਸਪਤਾਲ ਨਾ ਤਾਂ ਲਾਸ਼ਾਂ ਨੂੰ ਠੀਕ ਤਰ੍ਹਾਂ ਰੱਖਣ ਵਲ ਧਿਆਨ ਦੇ ਰਹੇ ਹਨ ਅਤੇ ਨਾ ਹੀ ਮ੍ਰਿਤਕਾਂ ਬਾਰੇ ਉਨ੍ਹਾਂ ਦੇ ਪਰਵਾਰ ਨੂੰ ਸੂਚਿਤ ਕਰ ਰਹੇ ਹਨ ਜਿਸ ਦਾ ਨਤੀਜਾ ਇਹ ਹੋ ਰਿਹਾ ਹੈ ਕਿ ਉਹ ਅੰਤਮ ਸਸਕਾਰ ਵਿਚ ਵੀ ਸ਼ਾਮਲ ਨਹੀਂ ਹੋ ਰਹੇ।


    ਬੈਂਚ ਨੇ ਵੀਡੀਉ ਕਾਨਫ਼ਰੰਸ ਜ਼ਰੀਏ ਸੁਣਵਾਈ ਦੌਰਾਨ ਕੇਂਦਰ ਨਾਲ ਹੀ ਮਹਾਰਾਸ਼ਟਰ, ਪਛਮੀ ਬੰਗਾਲ ਅਤੇ ਤਾਮਿਲਨਾਡੂ ਨੂੰ ਨੋਟਿਸ ਜਾਰੀ ਕੀਤੇ। ਬੈਂਚ ਨੇ ਸੁਣਵਾਈ ਦੌਰਾਨ ਕਿਹਾ, 'ਦਿੱਲੀ ਦੀ ਹਾਲਤ ਤਾਂ ਬੇਹੱਦ ਭਿਆਨਕ ਅਤੇ ਦੁਖਦਾਇਕ ਹੈ।' ਅਦਾਲਤ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਹੋ ਰਹੀ। ਅਦਾਲਤ ਨੇ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਮਰੀਜ਼ਾਂ ਲਈ ਪ੍ਰਬੰਧਾਂ ਦਾ ਜਾਇਜ਼ਾ ਲੈ ਕੇ ਹਸਪਤਾਲ ਦੇ ਸਟਾਫ਼ ਅਤੇ ਮਰੀਜ਼ਾਂ ਦੀ ਦੇਖਭਾਲ ਬਾਰੇ ਸਥਿਤੀ ਰੀਪੋਰਟ ਪੇਸ਼ ਕਰਨ ਲਈ ਆਖਿਆ। ਸਿਖਰਲੀ ਅਦਾਲਤ ਨੇ ਪਿਛਲੇ ਵੀਰਵਾਰ ਨੂੰ ਦੇਸ਼ ਦੇ ਵੱਖ ਵੱਖ ਰਾਜਾਂ ਵਿਚ ਕੋਵਿਡ ਮਰੀਜ਼ਾਂ ਦੀ ਠੀਕ ਤਰ੍ਹਾਂ ਦੇਖਭਾਲ ਨਾ ਹੋਣ ਅਤੇ ਪੀੜਤਾਂ ਦੀਆਂ ਲਾਸ਼ਾਂ ਦਾ ਠੀਕ ਤਰ੍ਹਾਂ ਸਸਕਾਰ ਨਾ ਕਰਨ ਦੀਆਂ ਖ਼ਬਰਾਂ ਦਾ ਨੋਟਿਸ ਲਿਆ ਸੀ। ਮੁੱਖ ਜੱਜ ਐਸ ਏ ਬੋਬੜੇ ਨੇ ਇਹ ਮਾਮਲਾ ਜੱਜ ਅਸ਼ੋਕ ਭੂਸ਼ਣ ਦੀ ਅਗਵਾਈ ਵਾਲੇ ਬੈਂਚ ਨੂੰ ਸੌਂਪ ਦਿਤਾ ਸੀ। (ਏਜੰਸੀ)