ਭਾਜਪਾ ਨੂੰ ਵੱਡਾ ਝਟਕਾ, ਮਮਤਾ ਬੈਨਰਜੀ ਦੀ ਮੌਜੂਦਗੀ ਵਿਚ ਮੁਕੁਲ ਰਾਏ ਨੇ ਕੀਤੀ ਤਿ੍ਣਮੂਲ 'ਚ ਵਾਪਸੀ
ਭਾਜਪਾ ਨੂੰ ਵੱਡਾ ਝਟਕਾ, ਮਮਤਾ ਬੈਨਰਜੀ ਦੀ ਮੌਜੂਦਗੀ ਵਿਚ ਮੁਕੁਲ ਰਾਏ ਨੇ ਕੀਤੀ ਤਿ੍ਣਮੂਲ 'ਚ ਵਾਪਸੀ
ਜੋ ਵਾਪਸ ਆਉਣਾ ਚਾਹੁੰਦੇ ਹਨ ਆ ਸਕਦੇ ਹਨ : ਮਮਤਾ
ਕੋਲਕਾਤਾ, 11 ਜੂਨ : ਭਾਜਪਾ ਦੇ ਕੌਮੀ ਉਪ ਪ੍ਰਧਾਨ ਮੁਕੁਲ ਰਾਏ ਭਗਵਾਂ ਪਾਰਟੀ ਨੂੰ ਜ਼ੋਰਦਾਰ ਝਟਕਾ ਦਿੰਦੇ ਹੋਏ ਸ਼ੁਕਰਵਾਰ ਨੂੰ ਅਪਣੇ ਪੁੱਤਰ ਸ਼ੁਭਾਂਸ਼ੂ ਨਾਲ ਅਪਣੀ ਪੁਰਾਣੀ ਪਾਰਟੀ ਤਿ੍ਣਮੂਲ ਕਾਂਗਰਸ ਵਿਚ ਵਾਪਸ ਪਰਤ ਆਏ | ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਸੂਬੇ ਦੀ ਸੱਤਾਧਾਰੀ ਪਾਰਟੀ ਦੇ ਹੋਰ ਆਗੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ | ਭਾਜਪਾ ਵਿਚ ਰਾਸ਼ਟਰੀ ਉਪ ਪ੍ਰਧਾਨ ਦਾ ਅਹੁਦਾ ਸੰਭਾਲਣ ਵਾਲੇ ਰਾਏ ਨੇ ਕਿਹਾ ਕਿ ਉਹ ''ਸਾਰੇ ਜਾਣੇ ਪਛਾਣੇ ਚਿਹਰਿਆਂ ਨੂੰ ਫਿਰ ਤੋਂ ਦੇਖ ਕੇ ਖ਼ੁਸ਼ ਹਨ |''
ਟੀਐਮਸੀ ਛੱਡ ਕੇ ਨਵੰਬਰ 2017 ਵਿੱਚ ਭਾਜਪਾ ਵਿਚ ਸ਼ਾਮਲ ਹੋਏ ਮੁਕੁਲ ਰਾਏ ਅੱਜ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ ਪਾਰਟੀ ਵਿਚ ਸ਼ਾਮਲ ਹੋਏ | ਇਸ ਮੌਕੇ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਨੇ ਪਾਰਟੀ ਦਾ ਝੰਡਾ ਲਹਿਰਾਇਆ ਅਤੇ ਮੁਕੁਲ ਰਾਏ ਨੂੰ ਜੱਫੀ ਪਾਈ | ਇਸ ਤੋਂ ਬਾਅਦ ਮੁਕੁਲ ਰਾਏ ਨੇ ਕਿਹਾ ਕਿ ਘਰ ਆ ਕੇ ਚੰਗਾ ਲੱਗ ਰਿਹਾ ਹੈ | ਬੰਗਾਲ ਮਮਤਾ ਬੈਨਰਜੀ ਨਾਲ ਸਬੰਧਤ ਹੈ ਅਤੇ ਇਸੇ ਤਰ੍ਹਾਂ ਰਹੇਗਾ | ਮੈਂਥੋਂ ਭਾਜਪਾ ਵਿਚ ਰਿਹਾ ਨਹੀਂ ਜਾ ਰਿਹਾ ਸੀ | ਇਸ ਨਾਲ ਹੀ ਮਮਤਾ ਬੈਨਰਜੀ ਨੇ ਕਿਹਾ ਕਿ,Tਮੈਨੂੰ ਖ਼ੁਸ਼ੀ ਹੈ ਕਿ ਮੁਕੁਲ ਘਰ ਪਰਤਿਆ ਹੈ | ਕਈ ਹੋਰ ਨੇਤਾ ਜੋ ਭਾਜਪਾ ਵਿਚ ਗਏ ਹਨ ਵਾਪਸ ਆਉਣਾ ਚਾਹੁੰਦੇ ਹਨ | ਅਸੀਂ ਕਦੇ ਕਿਸੇ ਦੀ ਪਾਰਟੀ ਨਹੀਂ ਤੋੜੀ | ਅਸੀਂ ਏਜੰਸੀਆਂ ਨਹੀਂ ਵਰਤੀਆਂ | ਜਿਹੜੇ ਆਉਣਾ ਚਾਹੁੰਦੇ ਹਨ ਉਹ ਪਾਰਟੀ ਵਿਚ ਆ ਰਹੇ ਹਨ | ਟੀਐਮਸੀ ਵਿਚ ਜਗ੍ਹਾ ਸਿਰਫ ਇਮਾਨਦਾਰ ਆਗੂਆਂ ਲਈ ਹੈ |'' (ਪੀ.ਟੀ.ਆਈ)