ਖੇਤੀ ਕਾਨੂੰਨਾਂ ਦੇ ਹੱਲ ਲਈ ਸੰਘ ਅਧਿਕਾਰੀਆਂ ਕੋਲਵੀ ਚੁਕਿਆਜਾ ਰਿਹੈ ਮੁੱਦਾਪਰ ਕੋਈ ਸੁਣਕੇਹੀਰਾਜ਼ੀਨਹੀਂ
ਖੇਤੀ ਕਾਨੂੰਨਾਂ ਦੇ ਹੱਲ ਲਈ ਸੰਘ ਅਧਿਕਾਰੀਆਂ ਕੋਲ ਵੀ ਚੁਕਿਆ ਜਾ ਰਿਹੈ ਮੁੱਦਾ, ਪਰ ਕੋਈ ਸੁਣ ਕੇ ਹੀ ਰਾਜ਼ੀ ਨਹੀਂ
ਮੋਹਣ ਲਾਲ ਤੇ ਜੋਸ਼ੀ ਤੋਂ ਬਾਅਦ ਹੁਣ ਕੇ.ਡੀ ਭੰਡਾਰੀ ਨੇ ਵੀ ਦਿਖਾਏ ਬਗ਼ਾਵਤੀ ਤੇਵਰ
ਲੁਧਿਆਣਾ, 11 ਜੂਨ (ਪ੍ਰਮੋਦ ਕੌਸ਼ਲ) : ਖੇਤੀ ਕਾਨੂੰਨਾਂ ਵਿਰੁਧ ਕਿਸਾਨਾਂ ਦੀ ਚਲ ਰਹੀ ਲੜਾਈ ਹੋਰ ਤਕੜੀ ਹੁੰਦੀ ਜਾ ਰਹੀ ਹੈ ਅਤੇ 'ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ' ਹੁੰਦੀ ਦਾ ਪ੍ਰਤੱਖ ਸਬੂਤ ਇਸ ਗੱਲ ਤੋਂ ਮਿਲ ਰਿਹਾ ਹੈ ਕਿ ਭਾਜਪਾ ਦੇ ਸਾਬਕਾ ਵਿਧਾਇਕ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਹਰਾ ਮਾਰਨ ਲਈ ਇਕ ਇਕ ਕਰ ਕੇ ਹੁਣ ਅੱਗੇ ਆਉਣ ਲੱਗ ਪਏ ਹਨ | ਭਾਜਪਾ ਦੇ ਸਾਬਕਾ ਮੰਤਰੀ ਮਾਸਟਰ ਮੋਹਣ ਲਾਲ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਤੋਂ ਬਾਅਦ ਹੁਣ ਜਲੰਧਰ ਤੋਂ ਦੋ ਵਾਰ ਦੇ ਵਿਧਾਇਕ ਤੇ ਮੁੱਖ ਪਾਰਲੀਮਾਨੀ ਸਕੱਤਰ ਰਹੇ ਕੇ.ਡੀ ਭੰਡਾਰੀ ਨੇ ਵੀ ਹੁਣ ਅਪਣੀ ਹੀ ਪਾਰਟੀ ਵਿਰੁਧ ਬਗ਼ਾਵਤੀ ਸੁਰ ਛੇੜਦੇ ਹੋਏ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਹੈ | ਬਕੌਲ ਭੰਡਾਰੀ, 'ਮੇਰਾ ਹਲਕਾ ਨਿਰੋਲ ਸ਼ਹਿਰੀ ਇਲਾਕਾ ਹੈ ਤੇ ਮੈਨੂੰ ਵੋਟਾਂ ਮੌਕੇ ਕਿਸਾਨਾਂ ਦੀ ਨਾਰਾਜ਼ਗੀ ਦੇ ਚਲਦਿਆਂ ਵੋਟ ਨਾ ਭੁਗਤ ਕੇ ਸਿੱਧੇ ਤੌਰ 'ਤੇ ਕੋਈ ਖ਼ਾਸ ਨੁਕਸਾਨ ਵੀ ਨਹੀਂ ਹੋਣ ਵਾਲਾ, ਪਰ ਕਿਸਾਨ ਸਾਡੇ ਭਰਾ ਨੇ ਅਤੇ ਕਿਸਾਨੀ ਤੋਂ ਬਗ਼ੈਰ ਪੰਜਾਬ ਨੂੰ ਦੇਖਿਆ ਹੀ
ਨਹੀਂ ਜਾ ਸਕਦਾ ਅਤੇ ਇਹੋ ਕਾਰਨ ਹੈ ਕਿ ਮੈਂ ਕਿਸਾਨਾਂ ਦੇ ਹੱਕ ਵਿਚ ਪਹਿਲੇ ਦਿਨ ਤੋਂ ਨਿਤਰ ਕੇ ਸਾਹਮਣੇ ਆ ਰਿਹਾ ਹੈ |' ਭੰਡਾਰੀ ਨੇ ਕਿਹਾ ਕਿ ਕੁੱਝ ਲੋਕ ਇਹ ਸਵਾਲ ਜ਼ਰੂਰ ਖੜੇ ਕਰ ਰਹੇ ਹਨ ਕਿ ਪਹਿਲਾਂ 6-7 ਮਹੀਨੇ ਤੋਂ ਕਿਉਂ ਨਹੀਂ ਬੋਲੇ, ਪਰ ਉਹ ਅਜਿਹਾ ਕਹਿਣ ਵਾਲਿਆਂ ਨੂੰ ਇਹ ਜ਼ਰੂਰ ਦਸਣਾ ਚਾਹੁੰਦੇ ਹਨ ਕਿ ਪਹਿਲਾਂ ਉਹ ਸਾਰੇ ਪਾਰਟੀ ਦੇ ਅੰਦਰ ਰਹਿ ਕੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਚੁੱਕਦੇ ਹੋਏ ਖੇਤੀ ਕਾਨੂੰਨਾਂ ਦੇ ਮਸਲੇ ਨੂੰ ਹੱਲ ਕਰਨ ਲਈ ਦਬਾਅ ਬਣਾ ਰਹੇ ਸੀ | ਲਗਾਤਾਰ ਪਾਰਟੀ ਦੇ ਆਗੂਆਂ ਨਾਲ ਉਹ ਇਸ ਮਸਲੇ ਦੇ ਜਲਦ ਤੋਂ ਜਲਦ ਹੱਲ ਲਈ ਗੱਲ ਕਰਦੇ ਆ ਰਹੇ ਹਨ ਪਰ ਜਦੋਂ ਕੋਈ ਅਸਰ ਨਹੀਂ ਹੋਇਆ ਤਾਂ ਉਹ ਖੁੱਲ੍ਹ ਕੇ ਸਾਹਮਣੇ ਆਏ ਅਤੇ ਕਿਸਾਨਾਂ ਦੇ ਹੱਕ ਵਿੱਚ ਸ਼ਰੇਆਮ ਆਪਣੀ ਗੱਲ ਰੱਖ ਰਹੇ ਹਨ | ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਮਾਸਟਰ ਮੋਹਣ ਲਾਲ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਦੀ ਉਹ ਪੂਰੀ ਤੰਨਦੇਹੀ ਨਾਲ ਹਿਮਾਇਤ ਕਰਦੇ ਹਨ ਅਤੇ ਉਕਤ ਦੋਵਾਂ ਆਗੂਆਂ ਨੇ ਅਜਿਹਾ ਕੁੱਝ ਵੀ ਗਲਤ ਨਹੀਂ ਕਿਹਾ ਜਿਸਦਾ ਕਿਸੇ ਨੂੰ (ਭਾਜਪਾ ਦੇ ਆਗੂਆਂ ਨੂੰ ) ਇਤਰਾਜ਼ ਹੋਵੇ | ਭੰਡਾਰੀ ਨੇ ਕਿਹਾ ਕਿ ਕਾਨੂੰਨ ਬਣਦੇ ਵੀ ਤੇ ਉਨ੍ਹਾਂ ਵਿੱਚ ਸੋਧਾਂ ਵੀ ਹੁੰਦੀਆਂ ਹਨ | ਜੇਕਰ ਕਾਨੂੰਨਾਂ ਦਾ ਇੰਨੇਂ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਹੈ ਅਤੇ ਪੰਜਾਬ ਦੇ ਕਿਸਾਨ ਸਰਦੀ, ਗਰਮੀ, ਬਰਸਾਤ ਦੀ ਪਰਵਾਹ ਕੀਤੇ ਬਗੈਰ ਦਿੱਲੀ ਦੇ ਬਾਰਡਰਾਂ ਦੇ ਡਟੇ ਹੋਏ ਹਨ ਤਾਂ ਫਿਰ ਪਾਰਟੀ ਨੂੰ ਵੀ ਸੋਚਣਾ ਪਵੇਗਾ ਕਿ ਮਸਲੇ ਵਿੱਚ ਕੋਈ ਤਾਂ ਗੱਲ ਹੈ | ਭੰਡਾਰੀ ਦੀ ਮੰਨੀਏ ਤਾਂ ਬੀਤੇ ਸਮੇਂ ਦੌਰਾਨ ਅੰਮਿ੍ਤਸਰ, ਜਲੰਧਰ ਅਤੇ ਪਠਾਨਕੋਟ ਦੀ ਸੰਘ ਦੀ ਹੋਈ ਇੱਕ ਮੀਟਿੰਗ ਵਿੱਚ ਪਹੁੰਚੇ ਅਧਿਕਾਰੀਆਂ ਸਾਹਮਣੇ ਵੀ ਖੇਤੀ ਕਾਨੂੰਨਾਂ ਨੂੰ ਹੱਲ ਕਰਨ ਦਾ ਮੁੱਦਾ ਬਹੁਤ ਜੋਰਾਂ ਨਾਲ ਚੁੱਕਿਆ ਗਿਆ ਹੈ | ਉਨ੍ਹਾਂ ਕਿਹਾ ਕਿ ਪਾਰਟੀ ਉਨ੍ਹਾਂ ਖਿਲਾਫ ਜਿਹੜਾ ਵੀ ਐਕਸ਼ਨ ਲੈਣਾ ਚਾਹੇ ਲੈ ਸਕਦੀ ਹੈ ਪਰ ਉਹ ਅਨਿਲ ਜੋਸ਼ੀ ਦੀ ਖੁੱਲ੍ਹ ਕੇ ਹਿਮਾਇਤ ਕਰਦੇ ਹਨ ਅਤੇ ਇਸ ਗੱਲ ਤੋਂ ਪਿੱਛੇ ਨਹੀਂ ਹਟਣ ਵਾਲੇ | ਉਨ੍ਹਾਂ ਕਿਹਾ ਕਿ ਕੇਂਦਰੀ ਲੀਡਰਸ਼ਿਪ ਨੂੰ ਖੇਤੀ ਕਾਨੂੰਨਾਂ ਦੇ ਮਸਲੇ ਤੇ ਕੋਈ ਹੱਲ ਕਰਨ ਵਾਲਾ ਐਕਸ਼ਨ ਲੈਣਾ ਚਾਹੀਦਾ ਹੈ ਨਹੀਂ ਤਾਂ ਪੰਜਾਬ ਭਾਜਪਾ ਦੀ ਲੀਡਰਸ਼ਿਪ ਆਪਣਾ ਸਟੈਂਡ ਕਲੀਅਰ ਕਰੇ ਕਿ ਉਹ ਪੰਜਾਬ ਦੇ ਲੋਕਾਂ ਲਈ ਕੀ ਸੋਚ ਰੱਖਦੇ ਹਨ ਕਿਉਂਕਿ ਪੰਜਾਬ ਦੀ ਆਰਥਿਕਤਾ ਖੇਤੀ ਤੇ ਨਿਰਭਰ ਹੈ ਅਤੇ ਇਸ ਗੱਲ ਵਿੱਚ ਕੋਈ ਸ਼ੱਕ-ਸ਼ੁਭਾ ਨਹੀਂ ਹੈ |
ਫੋਟੋ:Ldh_Parmod_11_1: ਕੇ.ਡੀ ਭੰਡਾਰੀ
ਕਿਸਾਨ ਆਗੂਆਂ ਨੂੰ 'ਖੁੱਡੇ' ਲਾਉਣ ਲੱਗੀ ਭਾਜਪਾ ?
ਪੰਜਾਬ ਭਾਜਪਾ 'ਚ ਕਿਸਾਨ ਆਗੂਆਂ ਨੂੰ 'ਖੁੱਡੇ' ਲਾਇਆ ਜਾ ਰਿਹਾ ਹੈ ? ਇਹ ਅਸੀਂ ਨਹੀਂ ਕਹਿ ਰਹੇ ਸਗੋਂ ਭਾਜਪਾ ਦੇ ਕੁੱਝ ਕਿਸਾਨ ਆਗੂ ਕਹਿ ਰਹੇ ਹਨ | ਭਾਜਪਾ ਨਾਲ ਜੁੜੇ ਲੁਧਿਆਣਾ ਜ਼ਿਲ੍ਹੇ ਦੇ ਇੱਕ ਕਿਸਾਨ ਆਗੂ ਦੀ ਮੰਨੀਏ ਤਾਂ ਉਹ ਅਜਿਹੇ ਸਮੇਂ ਵਿੱਚ ਵੀ ਪਾਰਟੀ ਦੇ ਨਾਲ ਖੜ੍ਹੇ ਹਨ ਜਦੋਂ ਭਾਜਪਾ ਨੂੰ ਕਿਸਾਨਾਂ ਦੇ ਪ੍ਰਚੰਡ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਪਾਰਟੀ ਹੈ ਕਿ ਉਨ੍ਹਾਂ ਨੂੰ ਮੀਟਿੰਗਾਂ ਤੱਕ 'ਚ ਨਹੀਂ ਬੁਲਾਉਂਦੀ | ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਜ਼ਿਲ੍ਹੇ ਦੀ ਹੋਈ ਇੱਕ ਮੀਟਿੰਗ ਵਿੱਚ ਉਨ੍ਹਾਂ ਨੂੰ ਸ਼ਾਮਲ ਹੋਣ ਲਈ ਕੋਈ ਸੱਦਾ ਹੀ ਨਹੀਂ ਦਿੱਤਾ ਗਿਆ | ਪਤਾ ਲੱਗਿਆ ਹੈ ਕਿ ਇਹ ਗੱਲ ਜ਼ਿਲ੍ਹਾ ਇੰਚਾਰਜ ਅਤੇ ਪੰਜਾਬ ਪ੍ਰਧਾਨ ਤੱਕ ਵੀ ਪਹੁੰਚੀ ਹੈ | ਭਾਜਪਾ ਦਾ ਕਿਸਾਨਾਂ ਲਈ ਕੀ ਵਤੀਰਾ ਹੈ ਉਹ ਤਾਂ ਸ਼ਾਇਦ ਦੱਸਣ ਦੀ ਲੋੜ ਹੀ ਨਹੀਂ ਰਹਿ ਜਾਂਦੀ ਪਰ ਅਜਿਹੇ ਹਾਲਾਤਾਂ ਵਿੱਚ ਅੰਦਾਜ਼ਾ ਲਾਇਆ ਜਾ ਸਕਦਾ ਹੈ ਭਾਜਪਾ ਦੇ ਅੰਦਰ ਵੀ ਕਿਸਾਨ ਆਗੂਆਂ ਦੇ ਹਾਲਾਤ ਕੀ ਹਨ |