ਕੇਬਲ ਆਪਰੇਟਰ ਤੋਂ ਗੈਂਗਸਟਰ ਬਣੇ ਕਾਲਾ ਜਠੇੜੀ ਦੇ ਨਿਸ਼ਾਨੇ ’ਤੇ ਕਿਉਂ ਆਇਆ ਭਲਵਾਨ ਸੁਸ਼ੀਲ ਕੁਮਾਰ?

ਏਜੰਸੀ

ਖ਼ਬਰਾਂ, ਪੰਜਾਬ

ਕੇਬਲ ਆਪਰੇਟਰ ਤੋਂ ਗੈਂਗਸਟਰ ਬਣੇ ਕਾਲਾ ਜਠੇੜੀ ਦੇ ਨਿਸ਼ਾਨੇ ’ਤੇ ਕਿਉਂ ਆਇਆ ਭਲਵਾਨ ਸੁਸ਼ੀਲ ਕੁਮਾਰ?

image

ਨਵੀਂ ਦਿੱਲੀ, 11 ਜੂਨ : ਛਤਰਾਲ ਸਟੇਡੀਅਮ ਵਿਚ ਹੋਈ ਭਲਵਾਨ ਸਾਗਰ ਧਨਖੜ ਦੀ ਹਤਿਆ ਦੇ ਮਾਮਲੇ ਵਿਚ ਦੋਸ਼ੀ ਭਲਵਾਨ ਸੁਸ਼ੀਲ ਕੁਮਾਰ ਪੁਲਿਸ ਹਿਰਾਸਤ ਵਿਚ ਹਨ। ਇਸ ਦੌਰਾਨ ਹਰਿਆਣਾ ਪੁਲਿਸ ਦੀ ਹਿਰਾਸਤ ’ਚੋਂ 2 ਫਰਵਰੀ 2020 ਨੂੰ ਫਰਾਰ ਹੋਇਆ ਗੈਂਗਸਟਰ ਸੰਦੀਪ ਉਰਫ ਕਾਲਾ ਜਠੇੜੀ ਇਕ ਵਾਰ ਫਿਰ ਚਰਚਾ ਵਿਚ ਹੈ। ਦਰਅਸਲ ਭਲਵਾਨ ਸੁਸ਼ੀਲ ਕੁਮਾਰ ਗੈਂਗਸਟਰ ਕਾਲਾ ਜਠੇੜੀ ਦੇ ਨਿਸ਼ਾਨੇ ’ਤੇ ਆ ਗਿਆ ਹੈ। ਕਾਲਾ ਜਠੇੜੀ ਇਕ ਅਜਿਹਾ ਗੈਂਗਸਟਰ ਹੈ ਜੋ ਬਿਲਕੁਲ ਨਵੀਂ ਕਿਸਮ ਦਾ ਗੈਂਗ ਚਲਾ ਰਿਹਾ ਹੈ। ਉਹ ਸੋਸ਼ਲ ਮੀਡੀਆ ਉੱਤੇ ਸ਼ਰੇਆਮ ਅਪਣੇ ਗੈਂਗ ਦਾ ਪ੍ਰਚਾਰ ਕਰਦਾ ਹੈ ਅਤੇ ਉਸ ਦੇ ਚੰਗੇ ਫਾਲੋਅਰਜ਼ ਵੀ ਹਨ। 
  ਹਰਿਆਣਾ ਵਿਚ ਕੇਬਲ ਆਪਰੇਟਰ ਦਾ ਕੰਮ ਕਰਨ ਵਾਲੇ ਕਾਲਾ ਜਠੇੜੀ ਨੇ ਅਪਰਾਧ ਦੀ ਦੁਨੀਆਂ ਵਲ ਰੁਖ਼ ਕੀਤਾ ਅਤੇ ਗੈਂਗ ਚਲਾਉਣ ਲਗਿਆ। ਪਿਛਲੇ ਸਾਲ ਹਰਿਆਣਾ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲਿਆ ਸੀ ਪਰ ਉਹ ਪੁਲਿਸ ਦੀ ਹਿਰਾਸਤ ਵਿਚੋਂ ਭੱਜ ਕੇ ਦੁਬਈ ਪਹੁੰਚ ਗਿਆ। ਉਹ ਦੁਬਈ ਤੋਂ ਲਾਰੈਂਸ ਬਿਸ਼ਨੋਈ ਗੈਂਗ ਚਲਾ ਰਿਹਾ ਹੈ। ਖ਼ਬਰਾਂ ਅਨੁਸਾਰ ਸੁਸ਼ੀਲ ਕੁਮਾਰ ਨੇ 4 ਮਈ ਨੂੰ ਦਿੱਲੀ ਦੇ ਛਤਰਾਲ ਸਟੇਡੀਅਮ ਵਿਚ ਜਠੇੜੀ ਦੇ ਭਤੀਜੇ ਸੋਨੂੰ ਮਹਾਲ ਨਾਲ ਕੁੱਟਮਾਰ ਕੀਤੀ ਅਤੇ ਉਹ ਗੈਂਗ ਦੇ ਨਿਸ਼ਾਨੇ ’ਤੇ ਆ ਗਿਆ। ਇਹੀ ਕਾਰਨ ਹੈ ਕਿ ਉਹ ਪਿਛਲੇ ਕੁਝ ਹਫ਼ਤਿਆਂ ਤੋਂ ਸੁਰਖ਼ੀਆਂ ਵਿਚ ਹੈ।
ਕਾਲਾ ਜਠੇੜੀ ਦਾ ਪਿਛੋਕੜ
ਸੋਨੀਪਤ ਜ਼ਿਲ੍ਹੇ ਦੇ ਜਠੇੜੀ ਪਿੰਡ ਵਿਚ ਪੈਦਾ ਹੋਇਆ ਸੰਦੀਪ ਜ਼ਿਲ੍ਹੇ ਵਿਚ ਕੇਬਲ ਅਪਰੇਟਰ ਦਾ ਕੰਮ ਕਰਦਾ ਸੀ ਪਰ ਅਚਾਨਕ ਉਸ ਦੇ ਮਨ ਵਿਚ ਅਮੀਰ ਬਣਨ ਦੀ ਲਲਕ ਪੈਦਾ ਹੋਈ ਅਤੇ ਉਸ ਨੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕੀਤਾ। ਉਸ ਦਾ ਨੈੱਟਵਰਕ ਦਿੱਲੀ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਝਾਰਖੰਡ ਵਿਚ ਫੈਲਿਆ ਹੋਇਆ ਸੀ। ਸਾਲ 2009 ਵਿਚ ਉਸ ਨੇ ਰੋਹਤਕ ਵਿਚ ਲੁੱਟ ਦੌਰਾਨ ਪਹਿਲੀ ਹੱਤਿਆ ਕੀਤੀ।  ਪੁਲਿਸ ਮੁਤਾਬਕ ਉਸ ਦੀ ਉਮਰ 35-36 ਸਾਲ ਹੈ ਅਤੇ ਉਹ 12ਵੀਂ ਪਾਸ ਹੈ। 
ਪੁਲਿਸ ਨੇ ਕਾਲਾ ਜਠੇੜੀ ’ਤੇ ਰਖਿਆ ਸੀ 7 ਲੱਖ ਦਾ ਇਨਾਮ
ਇਸ ਤੋਂ ਇਕ ਸਾਲ ਬਾਅਦ ਕੀਤੀ ਗਈ ਇਕ ਹੋਰ ਹੱਤਿਆ ਦੇ ਮਾਮਲੇ ਵਿਚ ਸੋਨੀਪਤ ਕੋਰਟ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਉਸ ਨੂੰ ਗੁਰੂਗ੍ਰਾਮ ਜੇਲ੍ਹ ਵਿਚ ਸ਼ਿਫਟ ਕੀਤਾ ਗਿਆ। ਪਿਛਲੇ ਸਾਲ ਕੇਸ ਦੀ ਸੁਣਵਾਈ ਲਈ ਜਦੋਂ ਉਸ ਨੂੰ ਫਰੀਦਾਬਾਦ ਕੋਰਟ ਲਿਆਂਦਾ ਜਾ ਰਿਹਾ ਸੀ ਤਾਂ ਉਸ ਦੇ ਸਾਥੀ ਨੇ ਵੈਨ ਉੱਤੇ ਹਮਲਾ ਕਰ ਦਿੱਤਾ ਅਤੇ ਕਾਲਾ ਜਠੇੜੀ ਭੱਜ ਨਿਕਲਿਆ। ਪੁਲਿਸ ਨੇ ਉਸ ਉੱਤੇ 7 ਲੱਖ ਦਾ ਇਨਾਮ ਵੀ ਐਲਾਨਿਆ ਸੀ।
ਸਲਮਾਨ ਖ਼ਾਨ ਨੂੰ ਦੇ ਚੁਕਿਆ ਧਮਕੀ
ਇਹ ਉਹੀ ਗਿਰੋਹ ਹੈ ਜਿਸ ਨੇ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਦਰਅਸਲ ਲਾਰੈਂਸ ਬਿਸਨੋਈ ਗੈਂਗ ਕਾਲਾ ਹਿਰਨ ਸ਼ਿਕਾਰ ਮਾਮਲੇ ਵਿਚ ਸਲਮਾਨ ਦਾ ਨਾਮ ਆਉਣ ਤੋ ਨਰਾਜ਼ ਹੈ। 
ਜਦੋਂ ਜਠੇੜੀ ਨੂੰ 2 ਫਰਵਰੀ 2020 ਨੂੰ ਸੁਣਵਾਈ ਲਈ ਫਰੀਦਾਬਾਦ ਕੋਰਟ ਲਿਆਂਦਾ ਜਾ ਰਿਹਾ ਸੀ ਤਾਂ ਉਸ ਦੇ ਸਾਥੀ ਰਾਜ ਕੁਮਾਰ ਉਰਫ ਰਾਜੂ ਨੇ ਵੈਨ ਉੱਤੇ ਹਮਲਾ ਕੀਤਾ। ਰਾਜੂ ਥਾਈਲੈਂਡ ਤੋਂ ਬਿਸ਼ਨੋਈ ਗੈਂਗ ਦਾ ਸੰਚਾਲਨ ਕਰ ਰਿਹਾ ਸੀ। ਉਸੇ ਮਹੀਨੇ ਰਾਜੂ ਨੂੰ ਹਰਿਆਣਾ ਪੁਲਿਸ ਭਾਰਤ ਲਿਆਉਣ ਵਿਚ ਸਫਲ ਰਹੀ ਸੀ। ਪੁਲਿਸ ਮੁਤਾਬਕ ਰਾਜੂ 2017 ਵਿਚ ਜ਼ਮਾਨ ਉੱਤੇ ਰਿਹਾਅ ਹੋਣ ਤੋਂ ਬਾਅਦ ਥਾਈਲੈਂਡ ਭੱਜ ਗਿਆ ਸੀ। 
  ਰਾਜੂ ਦੀ ਗਿ੍ਰਫ਼ਤਾਰੀ ਤੋਂ ਬਾਅਦ ਬਿਸ਼ਨੋਈ ਗੈਂਗ ਦੀ ਕਮਾਨ ਕਾਲਾ ਜਠੇੜੀ ਨੇ ਸੰਭਾਲੀ ਅਤੇ ਇਸ ਦਾ ਕੰਟਰੋਲ ਰੂਮ ਥਾਈਲੈਂਡ ਤੋਂ ਦੁਬਈ ਸ਼ਿਫਟ ਹੋ ਗਿਆ। ਮੀਡੀਆ ਰਿਪੋਰਟਾਂ ਅਨੁਸਾਰ 4 ਮਈ ਨੂੰ ਛਤਰਾਲ ਸਟੇਡੀਅਮ ਵਿਚ ਸੁਸ਼ੀਲ ਕੁਮਾਰ ਨੇ ਜਠੇੜੀ ਦੀ ਭਤੀਜੇ ਸੋਨੂੰ ਮਾਹਲ ਨੂੰ ਕਥਿਤ ਤੌਰ ’ਤੇ ਕੁੱਟਿਆ ਸੀ। ਇਸ ਤੋਂ ਬਾਅਦ ਕਾਲਾ ਜਠੇੜੀ ਨੇ ਸੁਸ਼ੀਲ ਕੁਮਾਰ ਨੂੰ ਨਿਸ਼ਾਨਾ ਬਣਾਇਆ ਸੀ।  
    (ਪੀਟੀਆਈ)