ਡੇਰਾ ਰਾਧਾ ਸੁਆਮੀ ਬਿਆਸ ਦੇ ਸ਼ਰਧਾਲੂਆਂ ਤੇ ਲੋਕਾਂ ਨੇ ਅਸਲਾ ਡਿਪੂ ਦੇ ਗੇਟ ਅੱਗੇ ਨਿਸ਼ਾਨਦੇਹੀ ਰੋਕਣ ਲਈ ਡੀ.ਸੀ. ਦਾ ਕੀਤਾ ਘਿਰਾਉ

ਏਜੰਸੀ

ਖ਼ਬਰਾਂ, ਪੰਜਾਬ

ਡੇਰਾ ਰਾਧਾ ਸੁਆਮੀ ਬਿਆਸ ਦੇ ਸ਼ਰਧਾਲੂਆਂ ਤੇ ਲੋਕਾਂ ਨੇ ਅਸਲਾ ਡਿਪੂ ਦੇ ਗੇਟ ਅੱਗੇ ਨਿਸ਼ਾਨਦੇਹੀ ਰੋਕਣ ਲਈ ਡੀ.ਸੀ. ਦਾ ਕੀਤਾ ਘਿਰਾਉ

image

 

ਰਈਆ, 11 ਜੂਨ (ਰਣਜੀਤ ਸਿੰਘ ਸੰਧੂ): ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਲੋ ਗੋਲਾ ਬਾਰੂਦ ਡਿਪੂ ਬਿਆਸ ਨਾਲ ਲਗਦੀ ਡੇਰਾ ਬਿਆਸ ਦੀ ਕੰਧ ਅਤੇ ਹੋਰ ਉਸਾਰੀਆਂ ਜੋ 1000 ਮੀਟਰ ਦੇ ਘੇਰੇ ਵਿਚ ਆਉਂਦੀਆਂ ਹਨ ਉਨ੍ਹਾਂ ਦੀ ਨਿਸ਼ਾਨਦੇਹੀ ਕਰ ਕੇ ਕਾਰਵਾਈ ਕਰਨ ਲਈ ਡਿਪਟੀ ਕਮਿਸ਼ਨਰ ਅੰਮਿ੍ਤਸਰ ਨੂੰ  ਆਦੇਸ਼ ਦਿਤੇ ਸਨ ਜੋ ਕਿ ਡੇਰਾ ਰਾਧਾ ਸੁਆਮੀ ਦੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਅਤੇ ਸਥਾਨਕ ਲੋਕਾਂ ਵਲੋਂ ਵਿਰੋਧ ਕਾਰਨ ਅੱਜ ਨਿਸ਼ਾਨਦੇਹੀ ਨਹੀਂ ਹੋ ਸਕੀ |
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਹਰਿਆਣਾ ਹਾਈ ਕੋਰਟ ਇਕ ਸਿਵਲ ਰਿਟ ਪਟੀਸ਼ਨ ਦੇ ਸਬੰਧ ਵਿਚ ਗੋਲਾ ਬਾਰੂਦ ਡਿਪੂ ਬਿਆਸ ਦੇ ਨਾਲ ਲਗਦੇ 1000 ਮੀਟਰ ਦੇ ਘੇਰੇ ਵਿਚ ਆਉਂਦੀ ਡੇਰਾ ਰਾਧਾ ਸੁਆਮੀ ਬਿਆਸ ਦੀ ਕੰਧ ਅਤੇ ਹੋਰ ਉਸਾਰੀਆਂ ਦੀ ਅੱਜ ਨਿਸ਼ਾਨਦੇਹੀ ਕਰ ਕੇ ਉਸ ਉਪਰ  ਡੀ ਸੀ ਅੰਮਿ੍ਤਸਰ ਨੂੰ  ਕਾਰਵਾਈ ਕਰਨ ਲਈ ਕਿਹਾ ਸੀ ਪਰ ਅੱਜ ਡਿਪਟੀ ਕਮਿਸ਼ਨਰ ਅੰਮਿ੍ਤਸਰ ਹਰਪ੍ਰੀਤ ਸਿੰਘ ਸੂਦਨ, ਮਾਲ ਵਿਭਾਗ ਅਧਿਕਾਰੀ ਅਤੇ ਭਾਰੀ ਪੁਲਿਸ ਲੈ ਕੇ ਉੱਥੇ ਪੁੱਜੇ ਸਨ ਜਿਸ ਸਮੇਂ ਉਹ ਆਰਮੀ ਡਿਪੂ ਬਿਆਸ ਦੇ ਆਰਮੀ ਅਫ਼ਸਰਾਂ ਨਾਲ ਸਲਾਹ ਮਸ਼ਵਰਾ ਕਰਨ ਲਈ ਅੰਦਰ ਗਏ | ਉਸ ਸਮੇਂ ਡੇਰਾ ਰਾਧਾ ਸੁਆਮੀ ਬਿਆਸ ਦੇ ਸੁਰੱਖਿਆ ਅਫ਼ਸਰ ਪਰਮਜੀਤ ਸਿੰਘ ਤੇਜਾ, ਸੈਕਟਰੀ ਨਿਰਮਲ ਪਟਵਾਲੀਆ ਅਤੇ ਮਰਹੂਮ ਖਾੜਕੂ ਨਿਸ਼ਾਨ ਸਿੰਘ ਮੱਖੂ ਦੇ ਭਰਾ ਬੋਹੜ ਸਿੰਘ ਕਾਫ਼ੀ ਸਰਗਰਮੀ ਨਾਲ ਵੱਡੀ ਗਿਣਤੀ ਵਿਚ ਡੇਰਾ ਸ਼ਰਧਾਲੂ ਅਤੇ ਕੁੱਝ ਸਥਾਨਕ ਲੋਕ ਨੂੰ  ਨਾਲ ਲੈ ਕਿ ਅਸਲਾ ਡਿਪੂ ਬਿਆਸ ਦੇ ਗੇਟ ਅੱਗੇ ਧਰਨਾ ਲਾ ਕੇ ਬੈਠ ਗਏ | ਇਹ  ਧਰਨਾ ਲੰਮਾ ਸਮਾਂ ਚਲਦਾ ਰਿਹਾ ਅਤੇ ਡੇਰੇ ਦੇ ਪ੍ਰਬੰਧਕ ਅਤੇ ਸ਼ਰਧਾਲੂ ਕੁਲਫੀਆਂ ਅਤੇ ਲੱਸੀ ਧਰਨਾਕਾਰੀਆਂ ਨੂੰ  ਦੇਂਦੇ ਰਹੇ | ਡਿਪਟੀ ਕਮਿਸ਼ਨਰ, ਡੇਰਾ ਅਧਿਕਾਰੀਆਂ ਅਤੇ ਆਰਮੀ ਅਫ਼ਸਰਾਂ ਨਾਲ ਗੱਲਬਾਤ ਕਰ ਕੇ ਸਬ ਤਹਿਸੀਲ ਬਿਆਸ ਵਿਖੇ ਰਿਕਾਰਡ ਦੀ ਪੜਤਾਲ ਦਾ ਆਖ ਕੇ ਚਲੇ ਗਏ ਜਿਸ ਸਮੇਂ ਡਿਪਟੀ ਕਮਿਸ਼ਨਰ ਅੰਮਿ੍ਤਸਰ, ਮਾਲ ਅਧਿਕਾਰੀ ਦਵਿੰਦਰਪਾਲ ਸਿੰਘ,ਐਸ ਡੀ ਐਮ ਦਮਨਦੀਪ ਕੌਰ ਅਤੇ ਆਰਮੀ ਕਮਾਂਡਰ ਆਰ ਕੇ ਯਾਦਵ ਸਬ ਤਹਿਸੀਲ ਬਿਆਸ ਵਿਚ ਰਿਕਾਰਡ ਦੀ ਪੜਤਾਲ ਕਰ ਰਹੇ ਸਨ  ਉਸ ਵਕਤ ਡੇਰਾ ਰਾਧਾ ਸੁਆਮੀ ਦੇ ਚੀਫ਼ ਪ੍ਰਬੰਧਕ ਸੈਕਟਰੀ ਦਵਿੰਦਰ ਕੁਮਾਰ ਸੀਕਰੀ, ਐਡਵੋਕੇਟ ਅਸੀਮ ਸੈਣੀ ਵੀ ਮੌਜੂਦ ਸਨ | ਉਸ ਸਮੇਂ ਦੁਬਾਰਾ ਫਿਰ ਡੇਰਾ ਸ਼ਰਧਾਲੂਆਂ ਨੇ ਆ ਕੇ ਤਹਿਸੀਲ ਦਾ ਗੇਟ ਬੰਦ ਕਰ ਕੇ ਘਿਰਾਉ ਸ਼ੁਰੂ ਕਰ ਦਿਤਾ ਜੋ ਡੇਰੇ ਦੀ ਕੰਧ ਅਤੇ ਲੋਕਾਂ ਵਲੋਂ ਉਸਾਰੀਆਂ ਬਿਲਡਿੰਗਾਂ 'ਤੇ ਕੋਈ ਕਾਰਵਾਈ ਨਾ ਕਰਨ ਦੀ ਮੰਗ ਕਰ ਰਹੇ ਸਨ |
ਇਸ ਮੌਕੇ ਡਿਪਟੀ ਕਮਿਸਨਰ ਅੰਮਿ੍ਤਸਰ ਹਰਪ੍ਰੀਤ ਸਿੰਘ ਸੂਦਨ ਨੇ ਡੇਰਾ ਸ਼ਰਧਾਲੂਆਂ ਅਤੇ ਲੋਕਾਂ ਨੂੰ  ਦਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਅਸਲਾ ਡਿਪੂ ਬਿਆਸ ਦੇ 1000 ਮੀਟਰ ਦੇ ਘੇਰੇ ਵਿਚ ਮਨਾਹੀ ਵਾਲੇ ਖੇਤਰ ਵਿਚ ਕੰਧ ਜਾਂ ਹੋਰ ਉਸਾਰੀਆਂ ਦੀ ਨਿਸ਼ਾਨਦੇਹੀ ਦੇ ਹੁਕਮ ਕੀਤੇ ਸਨ ਪਰ ਮਾਲ ਵਿਭਾਗ ਦੇ ਰਿਕਾਰਡ ਵਿਚ ਕੁੱਝ ਖ਼ਾਮੀਆਂ ਹੋਣ ਕਾਰਨ ਅੱਜ ਨਿਸ਼ਾਨਦੇਹੀ ਨਹੀਂ ਕੀਤੀ ਗਈ ਜਿਨ੍ਹਾਂ ਲੋਕਾਂ ਦੇ ਘਰ ਮਨਾਹੀ ਵਾਲੇ ਖੇਤਰ ਵਿਚ ਆਉਂਦੇ ਹਨ ਉਨ੍ਹਾਂ ਸਬੰਧੀ ਵਿਭਾਗ ਵਲੋਂ ਲਿਖਤੀ ਰਿਪੋਰਟ ਕੋਰਟ ਵਿਚ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ  ਬਣਦਾ ਮੁਆਵਜ਼ਾ ਦਿਵਾਇਆ ਜਾਵੇਗਾ | ਉਨ੍ਹਾਂ ਡੇਰਾ ਰਾਧਾ ਸੁਆਮੀ ਬਿਆਸ ਸਬੰਧੀ ਕਿਹਾ ਕਿ ਪਹਿਲਾ ਹੀ ਵਕੀਲਾਂ ਰਾਹੀਂ ਕੋਰਟ ਵਿਚ ਕੇਸ ਲੜ ਰਹੇ ਹਨ | ਇਸ ਕਰ ਕੇ ਆਰਮੀ ਡਿਪੂ ਹੋਂਦ ਵਿਚ ਆਉਣ ਤੋਂ ਬਾਅਦ ਜਿਹੜੀਆਂ ਉਸਾਰੀਆਂ ਹੋਈਆ ਹਨ ਉਨ੍ਹਾਂ ਉਪਰ ਹੀ ਕਾਰਵਾਈ ਹੋਵੇਗੀ | ਕੋਈ ਵੀ ਵਿਅਕਤੀ ਜਾਂ ਸੰਸਥਾ ਕੋਈ ਨਵੀਂ ਉਸਾਰੀ ਨਾ ਕਰੇ |
ਕੈਪਸਨ- ਅਸਲਾ ਡਿਪੂ ਦੇ ਨਾਲ 1000 ਮੀਟਰ ਘੇਰੇ ਦੀ ਨਿਸ਼ਾਨਦੇਹੀ ਦੇ ਵਿਰੋਧ ਵਿਚ ਡੇਰਾ ਰਾਧਾ ਸੁਆਮੀ ਬਿਆਸ ਦੇ ਸ਼ਰਧਾਲੂ ਅਤੇ ਲੋਕ ਡਿਪਟੀ ਕਮਿਸ਼ਨਰ ਗੱਲਬਾਤ ਕਰਦੇ ਹੋਏ |
-¸  ¸11¸01