ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਵਧੀਆਂ ਮੁਸ਼ਕਿਲਾਂ, ਟੈਂਡਰਾਂ 'ਚ ਘਪਲੇ ਕਰਨ ਦੇ ਲੱਗੇ ਇਲਜ਼ਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਜੀਲੈਂਸ ਨੇ ਜਾਂਚ ਕੀਤੀ ਸ਼ੁਰੂ

Former minister Bharat Bhushan Ashu

 

 

 ਮੁਹਾਲੀ : ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸੰਗਤ ਸਿੰਘ ਗਿਲਜੀਆਂ ਤੋਂ ਬਾਅਦ ਹੁਣ ਵਿਜੀਲੈਂਸ ਸਾਬਕਾ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਐਫਆਈਆਰ ਦਰਜ ਕਰ ਸਕਦੀ ਹੈ। ਠੇਕੇਦਾਰਾਂ ਦੀ ਯੂਨੀਅਨ ਨੇ ਆਸ਼ੂ ਦੇ ਕਾਰਜਕਾਲ ਦੌਰਾਨ 2000 ਕਰੋੜ ਰੁਪਏ ਦੇ ਟੈਂਡਰਾਂ ਵਿੱਚ ਧੋਖਾਧੜੀ ਦਾ ਦੋਸ਼ ਲਾਇਆ ਹੈ। ਵਿਜੀਲੈਂਸ ਨੇ ਇਸ ਮਾਮਲੇ ਦੀ ਜਾਂਚ ਐਸਐਸਪੀ ਪੱਧਰ ਦੇ ਅਧਿਕਾਰੀ ਨੂੰ ਸੌਂਪੀ ਹੈ। ਵਿਜੀਲੈਂਸ ਇਹ ਪਤਾ ਲਗਾਵੇਗੀ ਕਿ 2017-18 ਵਿੱਚ ਪੰਜਾਬ ਦੀਆਂ ਲਗਭਗ 2500 ਮੰਡੀਆਂ ਵਿੱਚ ਲੇਬਰ ਅਤੇ ਢੋਆ-ਢੁਆਈ ਮੁਹੱਈਆ ਕਰਵਾਉਣ ਦੇ ਟੈਂਡਰਾਂ 'ਤੇ ਕਿੰਨਾ ਖਰਚ ਹੋਇਆ ਅਤੇ 2020 ਵਿੱਚ ਕਿੰਨਾ ਖਰਚ ਹੋਇਆ।

 

ਜਦੋਂ ਖਰਚਾ ਅਸਧਾਰਨ ਸੀ ਤਾਂ ਪੈਸਾ ਕਿਸ ਦੀ ਜੇਬ ਵਿੱਚ ਗਿਆ? ਜੇਕਰ ਦੋਸ਼ ਸਹੀ ਪਾਏ ਗਏ ਤਾਂ ਵਿਜੀਲੈਂਸ ਆਸ਼ੂ ਖਿਲਾਫ ਐਫਆਈਆਰ ਦਰਜ ਕਰੇਗੀ। ਮੰਡੀਆਂ ਵਿੱਚ ਲੇਬਰ ਅਤੇ ਢੋਆ-ਢੁਆਈ ਮੁਹੱਈਆ ਕਰਵਾਉਣ ਵਾਲੇ ਠੇਕੇਦਾਰਾਂ ਦੀ ਯੂਨੀਅਨ ਦਾ ਦੋਸ਼ ਹੈ ਕਿ 2019-2020 ਤੋਂ ਬਾਅਦ ਵਿਭਾਗ ਵਿੱਚ ਟੈਂਡਰ ਵਿੱਚ ਘਪਲਾ ਹੋਇਆ ਹੈ। ਵਿਜੀਲੈਂਸ ਦੇ ਚੀਫ਼ ਡਾਇਰੈਕਟਰ ਦੇ ਦਫ਼ਤਰ ਨੇ ਮਾਮਲੇ ਦੀ ਜਾਂਚ ਐਸਐਸਪੀ ਲੁਧਿਆਣਾ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ ਹੈ। ਇਸ ਦੀ ਪੁਸ਼ਟੀ ਬਿਊਰੋ ਦੇ ਸੀਨੀਅਰ ਅਧਿਕਾਰੀ ਨੇ ਕੀਤੀ।

 

 

 

ਆਸ਼ੂ ਨੇ ਕਿਹਾ- ਦੋਸ਼ ਬੇਬੁਨਿਆਦ ਹਨ। ਸਰਕਾਰ ਜਾਂਚ ਕਰੇ। ਡੀਸੀ ਦੀ ਅਗਵਾਈ ਵਿੱਚ ਗਠਿਤ ਕਮੇਟੀਆਂ ਵੱਲੋਂ ਜ਼ਿਲ੍ਹਿਆਂ ਦੇ ਟੈਂਡਰ ਅਲਾਟ ਕੀਤੇ ਗਏ। ਇਸ ਸਮੇਂ ਸਾਜ਼ਿਸ਼ ਤਹਿਤ ਇਲਜ਼ਾਮ ਲਾਏ ਗਏ ਤਾਂ ਜੋ ਕੁਝ ਨਾ ਹੋਣ 'ਤੇ ਵੀ ਵਿਜੀਲੈਂਸ ਕਾਰਵਾਈ 'ਚ ਜੁੱਟ ਜਾਵੇ।