ਕੀ ਇਹ ਸੱਚ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ 'ਚ ਏ.ਐਨ 94 ਇਸਤੇਮਾਲ ਕੀਤੀ ਗਈ ਸੀ? 

ਏਜੰਸੀ

ਖ਼ਬਰਾਂ, ਪੰਜਾਬ

ਸਿੱਧੂ ਨੂੰ ਮਾਰਨ ਲਈ ਏ.ਐਨ 94 ਵਰਤੀ ਗਈ ਪਰ ਉਹੀ ਰੌਂਦ ਏ.ਕੇ 74 ਦੇ ਵਿਚ ਵੀ ਵਰਤਿਆ ਜਾਂਦਾ ਹੈ

Sidhu Moose Wala

 

ਚੰਡੀਗੜ੍ਹ (ਲੰਕੇਸ਼ ਤ੍ਰਿਖਾ) 12 ਜੂਨ - ਸਿੱਧੂ ਮੂਸੇਵਾਲ ਦੇ ਕਤਲ ਵਿਚ ਰਾਈਫਲ 'ਚੋਂ ਚੱਲੇ ਰੌਂਦ ਨਾਲ ਅੰਦਾਜ਼ਾ ਲਗਾਇਆ ਗਿਆ ਕਿ ਸਿੱਧੂ ਨੂੰ ਮਾਰਨ ਲਈ ਏ.ਐਨ 94 ਵਰਤੀ ਗਈ ਪਰ ਉਹੀ ਰੌਂਦ ਏ.ਕੇ 74 ਦੇ ਵਿਚ ਵੀ ਵਰਤਿਆ ਜਾਂਦਾ ਹੈ, ਫਿਰ ਇਹਨੇ ਯਕੀਨ ਨਾਲ ਕਿਵੇਂ ਕਿਹਾ ਜਾ ਸਕਦਾ ਹੈ ਕਿ ਸਿੱਧੂ ਨੂੰ ਮਾਰਨ ਲਈ ਏ.ਐਨ 94 ਵਰਤੀ ਗਈ। ਸਿੱਧੂ ਦੇ ਕਤਲ ਦੀ ਜ਼ਿੰਮੇਵਾਰੀ ਚੁੱਕਣ ਵਾਲੇ ਗੋਲਡੀ ਬਰਾੜ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਉਸ ਨੇ ਰਾਈਫਲ ਨਾਲ ਇਸ ਕਰਕੇ ਸਿੱਧੂ ਦਾ ਕਤਲ ਕੀਤਾ ਕਿਉਂਕਿ ਸਿੱਧੂ ਦੇ ਗੀਤਾਂ ਦੇ ਵਿਚ ਅਕਸਰ ਅਲੱਗ-ਅਲੱਗ ਹਥਿਆਰ ਦੀ ਗੱਲ ਹੁੰਦੀ ਸੀ। 

ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਏ.ਕੇ 47 , ਏ.ਕੇ 74 ਤੇ ਹੁਣ ਏ.ਐਨ 94 ਵਰਗੇ ਹਥਿਆਰ ਕਿਵੇਂ ਗੈਂਗਸਟਰ ਦੇ ਹੱਥ ਲਗਦੇ ਹਨ। ਵਿਕਾਸ ਦੂਬੇ ਨੇ ਏ.ਕੇ 47 ਦਾ ਟ੍ਰਿਗਰ ਨੱਪਿਆ ਤੇ 8 ਪੁਲਿਸ ਮੁਲਾਜ਼ਮ ਢੇਰ ਕਰ ਦਿੱਤੇ। ਪੁਲਿਸ ਮੁਲਾਜ਼ਮਾਂ ਨੇ ਹੱਥ 'ਚ ਫੜੀ ਸੀ 303 ਲੀ. ਇੰਫ਼ੇਲਡ ਰਾਈਫਲ ਪਰ ਏ.ਕੇ 47 ਸਾਹਮਣੇ ਮੁਲਾਜ਼ਮਾਂ ਦੇ ਹੱਥਾਂ 'ਚ ਫੜੀ ਰਾਈਫ਼ਲ ਦੀ ਕੀ ਹੈਸੀਅਤ ਸੀ? ਠੀਕ ਉਸੇ ਤਰ੍ਹਾਂ ਸਿੱਧੂ ਮੂਸੇਵਾਲਾ ਦੇ ਹੱਥ 'ਚ ਸੀ 45 ਬੋਰ ਦਾ ਪਿਸਟਲ, ਪਿਸਟਲ 'ਚ ਸਿਰਫ 2 ਰਾਊਂਡ ਲਈ ਰੌਂਦ ਬਚੇ ਸੀ।

Goldy Brar

ਸਿੱਧੂ ਦੇ ਦੁਸ਼ਮਣਾਂ ਦੇ ਹੱਥ 'ਚ ਸੀ ਏ.ਐਨ 94. ਪਰ ਇੱਕ ਸਵਾਲ ਇੱਥੇ ਇਹ ਵੀ ਖੜਾ ਹੁੰਦਾ ਹੈ ਕਿ ਏ.ਕੇ 74 ਅਤੇ ਏ.ਐਨ 94 ਦੇ ਵਿਚ ਇੱਕੋ ਨਾਲ ਦੇ ਰੌਂਦ ਵਰਤੇ ਜਾਂਦੇ ਹਨ ਤੇ ਫੇਰ ਇਹ ਥਿਊਰੀ ਕਿੱਥੋਂ ਆ ਗਈ ਕਿ ਸਿੱਧੂ ਦੇ ਕਾਤਲਾਂ ਨੇ ਸਿੱਧੂ ਨੂੰ ਮਾਰਨ ਲਈ ਏ.ਐਨ 94 ਵਰਤੀ ਸੀ? ਹਾਲੇ ਤੱਕ ਇਹ ਗੁੱਥੀ ਨਹੀਂ ਸੁਲਝ ਪਾਈ ਕਿ ਸਿੱਧੂ ਨੂੰ ਮਾਰਨ ਲਈ ਜਿਸ ਹਥਿਆਰ ਦੀ ਵਰਤੋ ਕੀਤੀ ਗਈ ਇਹ ਹਥਿਆਰ ਪੰਜਾਬ ਤੱਕ ਪਹੁੰਚ ਕਿਵੇਂ ਗਿਆ? ਅੱਜ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਗੈਰ ਕਾਨੂੰਨੀ ਹਥਿਆਰ ਇਹਨਾਂ ਗੈਂਗਸਟਰਾਂ ਦੇ ਹੱਥ  ਲੱਗ ਕਿਵੇਂ ਜਾਂਦੇ ਹਨ ਅਤੇ ਸਿੱਧੂ ਦੇ ਕਤਲ ਤੋਂ ਪਹਿਲਾਂ AK 47 ਕਦੋਂ, ਕਿੱਥੇ ਤੇ ਕਿਸ ਨੂੰ ਮਾਰਨ ਲਈ ਵਰਤੀ ਜਾਂਦੀ ਰਹੀ ਹੈ ।

ਜਿਸ ਵੇਲੇ ਯੂਪੀ ਪੁਲਿਸ ਨੇ ਏ.ਕੇ 47 ਦਾ ਮੂੰਹ ਨਹੀਂ ਸੀ ਵੇਖਿਆ, ਉਸ ਦੌਰ ਦੇ ਵਿਚ ਗੈਂਗਸਟਰ ਸ਼੍ਰੀ ਪ੍ਰਕਾਸ਼ ਸ਼ੁਕਲਾ ਨੇ ਏ.ਕੇ 47 ਦੇ ਨਾਲ ਕਤਲ ਕਰਨੇ ਸ਼ੁਰੂ ਕਰ ਦਿੱਤੇ ਸੀ। ਸੰਨ 1995 ਤਰੀਕ, 17 ਦਸੰਬਰ, ਐਨਟੋਨੋਵ ਏ.ਐਨ -26 ਜਹਾਜ਼ ਦੀ ਮਦਦ ਨਾਲ ਸੈਂਕੜੇ AK - 47, ਗਰਨੇਡ ਤੇ ਰਾਕੇਟ ਲਾਂਚਰ ਪੱਛਮੀ ਬੰਗਾਲ ਦੇ 4 ਪਿੰਡਾਂ ਦੇ ਵਿਚ ਪਹੁੰਚਾਏ ਜਾਂਦੇ ਹਨ, ਪਰ ਅੱਜ ਤੱਕ ਉਹ ਰਾਜ਼ ਖੁੱਲ ਕੇ ਬਾਹਰ ਨਹੀਂ ਆ ਪਾਇਆ ਕਿ ਇਹਨਾਂ ਅਸਲਾ ਬਾਰੂਦ ਕਿਸ ਕੰਮ ਲਈ ਵਰਤਿਆ ਜਾਣਾ ਸੀ। ਪ੍ਰਕਾਸ਼ ਸ਼ੁਕਲਾ ਨੇ 1995 ਦੇ ਵਿਚ ਏ.ਕੇ 47 ਵਰਤਣੀ ਸ਼ੁਰੂ ਕਰ ਦਿੱਤੀ ਸੀ। ਜਿਸ ਵਕ਼ਤ ਜਹਾਜ਼ ਤੋਂ ਇਹ AK 47 ਰਾਇਫਲਸ ਸੁੱਟੀਆਂ ਗਈਆਂ ਉਸ ਵਕਤ ਸ਼ੁਕਲਾ ਦੇ ਖ਼ਾਸ ਮੰਨੇ ਜਾਣ ਵਾਲੇ ਸੂਰਜ ਭਾਨ, ਉਸ ਨੇ ਆਪਣੇ ਖ਼ਾਸ ਆਦਮੀ ਨੂੰ ਤਲਾਬ ਦੇ ਵਿਚ ਉਤਾਰ ਕੇ 14 ਏ.ਕੇ 47 , ਬਾਹਰ ਕਢਵਾ ਲਈਆਂ, ਬਾਅਦ ਵਿਚ ਸੀ.ਆਰ.ਪੀ.ਐਫ ਦੇ ਜਵਾਨ ਦੇ ਕੋਲੋਂ ਇਹਨਾਂ ਏ.ਕੇ 47 ਨੂੰ ਠੀਕ ਕਰਵਾਇਆ ਗਿਆ। 

ਸਭ ਤੋਂ ਪਹਿਲਾਂ ਇਹ ਏ.ਕੇ 47 ਸ਼ੁਕਲਾ ਦੇ ਹੱਥ ਲੱਗੀ, ਪਰ ਕਿਹਾ ਜਾਂਦਾ ਹੈ ਕਿ ਬਾਅਦ ਵਿਚ ਮੁੰਨਾ ਬਜਰੰਗੀ, ਬ੍ਰਿਜੇਸ਼ ਸਿੰਘ ਅਤੇ ਰੋਪੜ ਜੇਲ੍ਹ ਦੇ ਵਿਚ ਵਕ਼ਤ ਗੁਜ਼ਾਰਨ ਵਾਲਾ ਮੁਖਤਾਰ ਅੰਸਾਰੀ ਉਸ ਨੇ ਵੀ ਏ.ਕੇ 47 ਦੇ ਨਾਲ ਸ਼ੌਂਕ ਪੂਰਾ ਕੀਤਾ। ਰੋਪੜ ਦੀ ਜੇਲ੍ਹ ਦੇ ਵਿਚ ਵਕ਼ਤ ਗੁਜ਼ਾਰਨ ਵਾਲੇ ਮੁਖਤਾਰ ਅੰਸਾਰੀ ਦਾ ਨਾਮ ਏ.ਕੇ 47 ਦੇ ਨਾਲ ਇਸ ਕਰਕੇ ਜੁੜਿਆਂ ਕਿਉਂਕਿ 29 ਨਵੰਬਰ , ਸਾਲ 2005 ਦੇ ਵਿਚ ਭਾਜਪਾ ਦੇ ਵਿਧਾਇਕ ਕ੍ਰਿਸ਼ਨਾਨੰਦ ਰਾਇ ਨੂੰ ਏ.ਕੇ 47 ਦੇ ਨਾਲ ਮਾਰ ਦਿੱਤਾ ਜਾਂਦਾ ਹੈ ਤੇ ਉਸ ਕਤਲ ਦੇ ਵਿਚ ਮੁਖਤਾਰ ਅੰਸਾਰੀ ਦਾ ਨਾਮ ਜੁੜਿਆ ਸੀ ਪਰ ਬਾਅਦ ਵਿਚ ਸਾਲ 2019 ਵਿਚ ਸੀਬੀਆਈ ਦੀ ਅਦਾਲਤ ਮੁਖਤਾਰ ਅੰਸਾਰੀ ਨੂੰ ਰਿਹਾ ਕਰ ਦਿੰਦੀ ਹੈ।

ਪੌਂਟੀ ਚੱਢਾ ਤੇ ਹਰਦੀਪ ਚੱਢਾ ਦੋ ਭਰਾਵਾਂ ਵਿਚਾਲੇ ਵਧਦੀ ਰੰਜਿਸ਼ ਨੇ ਅਜਿਹਾ ਰੂਪ ਧਾਰਨ ਕੀਤਾ ਕਿ ਦੋਵੇਂ ਭਰਾ ਇੱਕ ਦੂਜੇ ਦੀ ਜਾਨ ਦੇ ਵੈਰੀ ਬਣ ਗਏ, ਭਰਾਵਾ ਦੀ ਰੰਜਿਸ਼ ਇਕ ਦੂਜੇ ਦਾ ਕਤਲ਼ ਕਰ ਦਿੰਦੀ ਹੈ ਇਸ ਕਤਲਕਾਂਡ ਵਿਚ ਵੀ ਏ.ਕੇ 47 ਵਰਤੀ ਗਈ ਸੀ। 1991 ਦੇ ਵਿਚ ਲੋਖੰਡਵਾਲਾ ਕੰਪਲੈਕਸ ਦੇ ਵਿਚ ਗੋਲੀਆਂ ਚਲ ਦੀਆਂ ਹਨ ਪਰ ਇਹ ਗੋਲੀਆਂ ਕਿਸੇ ਆਮ ਬੰਦੂਕ ਦੀ ਨਲੀ 'ਚੋਂ ਨਹੀਂ ਬਲਕਿ ਏ.ਕੇ 47 ਚੋਂ ਮਾਇਆ ਗੈਂਗ ਦੇ ਗੈਂਗਸਟਰ ਚਲਾਉਂਦੇ ਹਨ। 1997 ਦੇ ਵਿਚ ਸੰਜੀਵ ਮਹੇਸ਼ਵਰੀ, ਏ.ਕੇ  47 ਦੀ ਮਦਦ ਦੇ ਨਾਲ ਭਾਜਪਾ ਦੇ ਲੀਡਰ ਬ੍ਰਹਮ ਦੱਤ ਦਿਵੇਦੀ ਦਾ ਕਤਲ ਕਰਦਾ ਹੈ।

2016  ਦੇ ਵਿਚ ਏ.ਕੇ 47 ਦੀ ਮਦਦ ਨਾਲ ਭਾਜਪਾ ਦੇ ਲੀਡਰ ਬ੍ਰਿਜਪਲ ਤਿਵੇਤੀਆਂ ਨੂੰ ਮਾਰਿਆ ਜਾਂਦਾ ਹੈ। ਸਿੱਧੂ ਮੂਸੇਵਾਲਾ ਦਾ ਬਦਲਾ ਲੈਣ ਲਈ ਨੀਰਜ ਬਵਾਨਾ ਵੀ ਹੁਣ ਮੈਦਾਨ ਦੇ ਵਿਚ ਹਨ। ਪਰ ਨੀਰਜ ਬਵਾਨਾ ਦੇ ਮਾਮਾ ਜੀ ਕਿਸੇ ਵਿਹਲੇ ਵਿਧਾਇਕ ਸਨ ਉਹਨਾਂ ਕੋਲੋਂ ਵੀ ਏ.ਕੇ 47 ਬਰਾਮਦ ਕੀਤੀ ਗਈ ਸੀ। ਦਿੱਲੀ ਦੰਗਿਆਂ ਦੇ ਵਿਚ ਇੱਕ ਮੁੰਡੇ ਦੀ ਤਸਵੀਰ ਤੁਸੀਂ ਵੇਖੀ ਹੋਣੀ ਹੈ ਜਿਸ ਦੇ ਵਿਚ 7.65 ਬੋਰ ਦੀ ਪਿਸਟਲ ਦੇ ਨਾਲ ਉਸ ਨੇ ਸੁਰਖੀਆਂ ਦੇ ਵਿਚ ਥਾਂ ਬਣਾਈ ਸੀ।  ਹਿੰਦੁਸਤਾਨ ਟਾਈਮਜ਼ ਦੀ ਇਕ ਰਿਪੋਰਟ ਦੇ ਮੁਤਾਬਿਕ ਉਹ ਪਿਸਟਲ ਦਿੱਲੀਂ ਤੋਂ 1200 ਕਿਲੋਮੀਟਰ ਦੇ ਸਫ਼ਰ ਤੇ ਸਥਿਤ ਮੁੰਗੇਰ ਦੇ ਵਿਚ ਤਿਆਰ ਕੀਤੀ ਗਈ ਸੀ। ਪਰ ਜਿਸ ਨੇ ਤਿਆਰ ਕੀਤੀ ਸੀ ਉਸ ਦਾ ਅੱਜ ਤੱਕ ਨਹੀਂ ਪਤਾ ਲੱਗ ਸਕਿਆ। 2012 ਤੇ 2015 ਦੇ ਵਿਚਕਾਰ ਦਿੱਲੀ ਪੁਲਿਸ ਦਾ ਸਪੈਸ਼ਲ ਸੈਲ ਮਹੀਨੇ 'ਚ ਦੋ ਵਾਰ ਮੁੰਗੇਰ 'ਚ ਛਾਪੇਮਾਰੀ ਕਰਨ ਜਾਂਦਾ ਸੀ।

ਇੱਕ ਖਬਰ ਮੁਤਾਬਿਕ ਇਕ ਕੰਟ੍ਰੀ ਮੇਡ ਪਿਸਟਲ 2500 ਰੁਪਏ 'ਚ ਮਿਲ ਜਾਂਦੀ ਹੈ ਤੇ ਜੇ ਇਮਪੋਰਟੇਡ ਪਿਸਟਲ ਚਾਹੀਦੀ ਹੋਵੇ ਤਾਂ ਡੇਢ ਲੱਖ ਰੁਪਏ ਦਾ ਖਰਚਾ ਆ ਜਾਂਦਾ ਹੈ ਉਸ ਖ਼ਬਰ ਮੁਤਾਬਿਕ ਇਹ ਗੈਰਕਨੂੰਨੀ ਹਥਿਆਰ ਉੱਤਰ ਪ੍ਰਦੇਸ਼ ਜਾਂ ਮੱਧ ਪ੍ਰਦੇਸ਼ ਤੋਂ ਆਸਾਨੀ ਨਾਲ ਮਿਲ ਜਾਂਦੇ ਹਨ। ਪੰਜਾਬ ਪੁਲਿਸ ਨੇ ਸਾਲ 2018 ਤੇ ਸਾਲ 2020 ਦੇ ਵਿਚਕਾਰ ਤਕਰੀਬਨ 1300 ਤੋਂ ਵੱਧ ਗੈਰ ਕਾਨੂੰਨੀ ਹਥਿਆਰ ਜ਼ਬਤ ਕੀਤੇ ਹਨ। ਸਾਲ 2017 ਦੇ ਵਿਚ, ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ ਨੈਸ਼ਨਲ ਲੈਵਲ ਦੇ ਸ਼ੂਟਰ ਪ੍ਰਸ਼ਾਂਤ ਬਿਸ਼ਨੋਈ ਨੂੰ ਗਿਰਫ਼ਤਾਰ ਕੀਤਾ। ਪ੍ਰਸ਼ਾਂਤ ਬਿਸ਼ਨੋਈ ਨੈਸ਼ਨਲ ਲੈਵਲ ਦਾ ਸ਼ੂਟਰ ਤਾਂ ਸੀ ਪਰ ਉਸ ਦੇ ਨਾਲ ਨਾਲ ਉਹ ਬਾਹਰੋਂ ਗੈਰ ਕਨੂੰਨੀ ਹਥਿਆਰ ਤੇ ਜਾਨਵਰਾਂ ਦੀ ਚਮੜੀ ਮੰਗਵਾ ਰਿਹਾ ਸੀ।

ਆਸਟਰੀਆ ਮੇਡ ਗਲਾਕ,ਇਟਲੀ ਅਮਰੀਕਨ ਮੇਡ ਬਰੇਟਾ, ਜਰਮਨੀ ਮੇਡ ਰਾਇਫ਼ਲ ਇਹ ਸਭ ਡੀ.ਆਰ.ਆਈ ਨੇ ਪ੍ਰਸ਼ਾਂਤ ਬਿਸ਼ਨੋਈ ਤੋਂ ਉਸ ਵੇਲੇ ਬਰਾਮਦ ਕੀਤਾ ਸੀ। ਗਲਾਕ ਜਿਸ ਦੀ ਕੀਮਤ ਅਮਰੀਕਾ ਦੇ ਵਿਚ ਮਹਿਜ਼ 39000 ਸੀ ਉਹ ਗਲਾਕ ਪ੍ਰਸ਼ਾਂਤ ਬਿਸ਼ਨੋਈ ਭਾਰਤ ਦੇ ਵਿਚ 50 ਤੋਂ 60 ਲਖ ਦੀ ਵੇਚ ਰਿਹਾ ਸੀ. ਬਰੇਟਾ ਦਾ ਮਾਡਲ 84 ਐਫ.ਐਸ ਜਿਸਦੀ ਕੀਮਤ ਅਮਰੀਕਾ ਦੇ ਵਿਚ 45000 ਦੇ ਨਜ਼ਦੀਕ ਸੀ ਉਸ ਬਰੇਟਾ ਦੇ PISTOL ਨੂੰ 25 ਤੋਂ 30 ਲਖ ਦੇ ਵਿਚ ਵੇਚਿਆ ਜਾਂਦਾ ਸੀ। ਜਰਮਨੀ ਮੇਡ ਰਾਇਫ਼ਲ 18 ਲਖ ਤੋਂ 40 ਲਖ ਦੇ ਕਰੀਬ ਵੇਚੀਆਂ ਜਾਂਦੀਆਂ ਸਨ।  ਪੰਜਾਬ ਇੰਟੈਲੀਜੈਂਸ ਵਿਭਾਗ ਤੇ ਆਰ.ਪੀ.ਜੀ ਦੇ ਨਾਲ ਹਮਲਾ ਤੇ ਫੇਰ ਸਿੱਧੂ ਨੂੰ ਹਾਈਟੈਕ ਰਾਈਫਲ ਦੇ ਨਾਲ ਕਤਲ ਕਰ ਦੇਣਾ ਸਵਾਲ ਇਹ ਹੈ ਕਿ ਇਹ ਹਥਿਆਰ ਆਏ ਕਿਥੋਂ ਤੇ ਪੰਜਾਬ ਪੁਲਿਸ ਇਸ ਦਾ ਜਵਾਬ ਕਦੋਂ ਤੇ ਕਿਸ ਵੇਲੇ ਦੇਵੇਗੀ।