ਪੈਗ਼ੰਬਰ ਵਿਵਾਦ : ਰਾਂਚੀ 'ਚ ਹਿੰਸਾ 'ਚ ਦੋ ਮੌਤਾਂ, ਇੰਟਰਨੈੱਟ ਬੰਦ ਭਾਰੀ ਗਿਣਤੀ ਵਿਚ ਪੁਲਿਸ ਅਤੇ ਅਰਧ ਸੈਨਿਕ ਬਲ ਤੈਨਾਤ

ਏਜੰਸੀ

ਖ਼ਬਰਾਂ, ਪੰਜਾਬ

ਪੈਗ਼ੰਬਰ ਵਿਵਾਦ : ਰਾਂਚੀ 'ਚ ਹਿੰਸਾ 'ਚ ਦੋ ਮੌਤਾਂ, ਇੰਟਰਨੈੱਟ ਬੰਦ ਭਾਰੀ ਗਿਣਤੀ ਵਿਚ ਪੁਲਿਸ ਅਤੇ ਅਰਧ ਸੈਨਿਕ ਬਲ ਤੈਨਾਤ

image

 

ਰਾਂਚੀ, 11 ਜੂਨ : ਪੈਗੰਬਰ ਮੁਹੰਮਦ ਵਿਰੁਧ ਵਿਵਾਦਪੂਰਨ ਟਿੱਪਣੀ ਤੋਂ ਬਾਅਦ ਭਾਜਪਾ 'ਚੋਂ ਕੱਢੇ ਨੇਤਾ ਨੂਪੁਰ ਸ਼ਰਮਾ ਅਤੇ ਨਵੀਨ ਜਿੰਦਲ ਵਿਰੁਧ ਸ਼ੁਕਰਵਾਰ ਨੂੰ  ਦੇਸ਼ ਦੇ ਕਈ ਸ਼ਹਿਰਾਂ 'ਚ ਹਿੰਸਾ ਭੜਕ ਗਈ ਜਿਸ ਤਹਿਤ ਅੱਗਜ਼ਨੀ, ਫ਼ਾਇਰਿੰਗ ਅਤੇ ਪ੍ਰਦਰਸ਼ਨ ਹੋਏ | ਸ਼ੁਕਰਵਾਰ ਨੂੰ  ਜੁੰਮੇ ਦੀ ਨਮਾਜ਼ ਮਗਰੋਂ ਲੋਕ ਸੜਕਾਂ 'ਤੇ ਉਤਰ ਆਏ | ਝਾਰਖੰਡ ਦੀ ਰਾਜਧਾਨੀ ਰਾਂਚੀ 'ਚ ਸ਼ੁਕਰਵਾਰ ਨੂੰ  ਜੁੰਮੇ ਦੀ ਨਮਾਜ਼ ਤੋਂ ਬਾਅਦ ਭੜਕੀ ਹਿੰਸਾ ਅਤੇ ਪ੍ਰਦਰਸ਼ਨਕਾਰੀਆਂ ਨੂੰ  ਕੰਟੋਰਲ ਕਰਨ ਲਈ ਪੁਲਿਸ ਵਲੋਂ ਕੀਤੀ ਗਈ ਕਾਰਵਾਈ 'ਚ ਜ਼ਖਮੀ ਦੋ ਦਰਜਨ ਲੋਕਾਂ 'ਚੋਂ ਦੇਰ ਰਾਤ 2 ਦੀ ਮੌਤ ਹੋ ਗਈ | ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ | ਅਧਿਕਾਰੀ ਨੇ ਦਸਿਆ ਕਿ ਹਿੰਸਾ 'ਚ 2 ਦੀ ਮੌਤ ਦੀ ਖ਼ਬਰ ਨਾਲ ਪੂਰੇ ਸ਼ਹਿਰ 'ਚ ਤਣਾਅ ਪੈਦਾ ਹੋ ਗਿਆ, ਜਿਸ ਦੇ ਮੱਦੇਨਜ਼ਰ ਰਾਂਚੀ ਦੇ 12 ਥਾਣਾ ਖੇਤਰਾਂ 'ਚ ਕਰਫ਼ਿਊ ਲਾਗੂ ਕਰ ਦਿਤਾ ਗਿਆ ਹੈ ਅਤੇ ਪੂਰੇ ਰਾਂਚੀ ਜ਼ਿਲ੍ਹੇ 'ਚ ਇੰਟਰਨੈੱਟ ਸੇਵਾ ਬੰਦ ਕਰ ਦਿਤੀ ਗਈ ਹੈ |
ਝਾਰਖੰਡ ਪੁਲਿਸ ਦੇ ਬੁਲਾਰੇ ਅਤੇ ਇੰਸਪੈਕਟਰ ਜਨਰਲ ਏ.ਵੀ. ਹੋਮਕਰ ਨੇ ਦਸਿਆ ਕਿ ਸ਼ੁਕਰਵਾਰ ਦੀ ਹਿੰਸਾ ਅਤੇ ਇਸ ਨੂੰ  ਕਾਬੂ ਕਰਨ ਲਈ ਪੁਲਿਸ ਦੀ ਕਾਰਵਾਈ ਵਿਚ ਜ਼ਖਮੀ ਹੋਏ ਦੋ ਲੋਕਾਂ ਦੀ ਦੇਰ ਰਾਤ ਮੌਤ ਹੋ ਗਈ | ਉਨ੍ਹਾਂ ਦਸਿਆ ਕਿ ਦੋਵੇਂ ਮਿ੍ਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਅਤੇ ਅੰਤਮ ਸਸਕਾਰ ਕਰਵਾਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ | ਹੋਮਕਰ ਮੁਤਾਬਕ ਸ਼ੁੱਕਰਵਾਰ ਰਾਤ ਤੋਂ ਰਾਜਧਾਨੀ 'ਚ ਸਥਿਤੀ ਪੂਰੀ ਤਰ੍ਹਾਂ ਕੰਟੋਰਲ 'ਚ ਅਤੇ ਸ਼ਾਂਤੀਪੂਰਨ ਹੈ | ਹਾਲਾਂਕਿ ਸਾਵਧਾਨੀ ਦੇ ਤੌਰ 'ਤੇ ਸ਼ਹਿਰ ਦੇ 12 ਥਾਣਾ ਖੇਤਰਾਂ 'ਚ ਧਾਰਾ-144 ਲਗਾ ਕੇ ਮਨਾਹੀ ਦੇ ਹੁਕਮ ਲਾਗੂ ਕੀਤੇ ਜਾ ਰਹੇ ਹਨ, ਤਾਂ ਜੋ ਹਿੰਸਾ ਅਤੇ ਪਰੇਸ਼ਾਨੀ ਤੋਂ ਬਚਿਆ ਜਾ ਸਕੇ | ਉਨ੍ਹਾਂ ਕਿਹਾ ਕਿ ਰਾਂਚੀ ਦੇ ਹਿੰਸਾ ਪ੍ਰਭਾਵਿਤ ਮੇਨ ਰੋਡ ਇਲਾਕੇ 'ਚ ਰੈਪਿਡ ਐਕਸ਼ਨ ਫ਼ੋਰਸ (ਆਰ.ਏ.ਐਫ਼.) ਦੀਆਂ ਦੋ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ, ਜਦਕਿ ਆਲੇ-ਦੁਆਲੇ ਦੇ ਸੰਵੇਦਨਸ਼ੀਲ ਖੇਤਰਾਂ 'ਚ ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਲਗਭਗ

2500 ਸੁਰੱਖਿਆ ਕਰਮਚਾਰੀ ਭੇਜੇ ਗਏ ਹਨ |
ਹੋਮਕਰ ਨੇ ਕਿਹਾ ਕਿ ਸ਼ੁੱਕਰਵਾਰ ਦੀ ਹਿੰਸਾ 'ਚ 12 ਪੁਲਿਸ ਕਰਮਚਾਰੀਆਂ ਸਮੇਤ ਦੋ ਦਰਜਨ ਲੋਕ ਜ਼ਖਮੀ ਹੋਏ ਸਨ, ਜਿਨ੍ਹਾਂ 'ਚੋਂ ਕੁਝ ਨੂੰ  ਗੋਲੀ ਵੀ ਲੱਗੀ ਸੀ | ਗੋਲੀ ਲੱਗਣ ਨਾਲ ਜ਼ਖਮੀ ਹੋਏ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਸੂਚਨਾ ਹੈ, ਜਿਨ੍ਹਾਂ ਵਿਚ
ਹਿੰਦਪੀਰੀ ਇਲਾਕੇ ਦੇ ਝੀਲ ਰੋਡ ਦਾ ਰਹਿਣ ਵਾਲਾ 22 ਸਾਲਾ ਮੁਦੱਸਰ ਉਰਫ਼ ਕੈਫੀ ਅਤੇ ਲੋਅਰ ਬਾਜ਼ਾਰ ਤਰਬਾਲਾ ਰੋਡ ਦਾ ਰਹਿਣ ਵਾਲਾ 24 ਸਾਲਾ ਸਾਹਿਲ ਸ਼ਾਮਲ ਹਨ | ਉਨ੍ਹਾਂ ਦਸਿਆ ਕਿ ਕੈਫ਼ੀ ਦੇ ਸਿਰ ਵਿਚ ਗੋਲੀ ਲੱਗੀ ਸੀ ਅਤੇ ਪੋਸਟ ਮਾਰਟਮ 'ਚ ਗੋਲੀ ਲੱਗਣ ਕਾਰਨ ਦੋਵਾਂ ਦੀ ਮੌਤ ਦੀ ਗੱਲ ਸਾਹਮਣੇ ਆਈ ਹੈ | ਅਧਿਕਾਰੀਆਂ ਨੇ ਦਸਿਆ ਕਿ ਰਾਂਚੀ ਦੇ ਐਸ ਐਸ ਪੀ ਸੁਰਿੰਦਰ ਸਿੰਘ ਝਾ ਨੂੰ  ਸਿਰ ਵਿਚ ਸੱਟ ਲੱਗਣ ਕਾਰਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ | ਹੋਮਕਰ ਨੇ ਕਿਹਾ ਕਿ ਇਸ ਮਾਮਲੇ ਵਿਚ ਐਫ਼ ਆਈ ਆਰ ਦਰਜ ਕਰ ਕੇ ਕੁਝ ਲੋਕਾਂ ਨੂੰ  ਹਿਰਾਸਤ ਵਿਚ ਲਿਆ ਗਿਆ ਹੈ ਅਤੇ ਪੁਲਿਸ ਪ੍ਰਸ਼ਾਸਨ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ |
ਰਾਂਚੀ ਦੇ ਡਿਪਟੀ ਕਮਿਸ਼ਨਰ ਛਵੀ ਰੰਜਨ ਨੇ ਪੀਟੀਆਈ ਨੂੰ  ਦਸਿਆ ਕਿ ਸ਼ਹਿਰ ਦੇ ਸਾਰੇ 12 ਥਾਣਾ ਖੇਤਰਾਂ ਵਿਚ ਪਾਬੰਦੀ ਦੇ ਹੁਕਮ ਵਧਾ ਦਿਤੇ ਗਏ ਹਨ | ਉਨ੍ਹਾਂ ਸਾਰਿਆਂ ਨੂੰ  ਅਪੀਲ ਕੀਤੀ ਕਿ ਜਦੋਂ ਤੱਕ ਜ਼ਰੂਰੀ ਨਾ ਹੋਵੇ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਅਮਨ-ਸ਼ਾਂਤੀ ਬਣਾਈ ਰੱਖਣ |     (ਪੀਟੀਆਈ)