ਟਰੱਕ ਅਤੇ ਕਾਰ ਦੀ ਭਿਆਨਕ ਟੱਕਰ, 4 ਦੀ ਗਈ ਜਾਨ, 3 ਗੰਭੀਰ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ੍ਰੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ

road accident

ਮੁਹਾਲੀ : ਆਏ ਦਿਨ ਸੜਕ ਹਾਦਸਿਆਂ ਵਿਚ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਕਈ ਵਾਰ ਇਹ ਹਾਦਸੇ ਆਪਣੀ ਗ਼ਲਤੀ ਤੇ ਕਈ ਵਾਰ ਦੂਜੇ ਵਾਹਨ ਦੇ ਤੇਜ਼ ਰਫ਼ਤਾਰ ਹੋਣ ਕਾਰਨ ਵਾਪਰਦੇ ਹਨ। ਤਾਜ਼ਾ ਜਾਣਕਾਰੀ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਹੈ ਜਿਥੇ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇਅ 'ਤੇ ਸਰਹਿੰਦ ਨਜ਼ਦੀਕ ਅੱਜ ਦਰਦਨਾਕ ਹਾਦਸਾ ਵਾਪਰਿਆ ਹੈ।

ਜਾਣਕਾਰੀ ਅਨੁਸਾਰ ਇੱਕ ਤੇਜ਼ ਰਫ਼ਤਾਰ ਅਰਟਿਗਾ ਗੱਡੀ ਨਾਲ ਇੱਕ ਟਰੱਕ ਦੀ ਟੱਕਰ ਹੋ ਗਈ। ਇਸ ਭਿਆਨਕ ਟੱਕਰ ਵਿਚ ਕਾਰ ਸਵਾਰ ਲੋਕਾਂ ਸਮੇਤ 4 ਦੀ ਮੌਤ ਹੋ ਗਈ ਜਦਕਿ 3 ਲੋਕ ਜ਼ਖਮੀ ਹੋ ਗਏ ਹਨ।  ਗੱਡੀ ਵਿਚ 7 ਲੋਕ ਸਵਾਰ ਸਨ ਜੋ ਸ੍ਰੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ। ਟਰੱਕ ਨਾਲ ਟੱਕਰ ਤੋਂ ਬਾਅਦ ਗੱਡੀ ਤਿੰਨ ਚਾਰ ਵਾਰ ਪਲਟ ਕੇ ਜੀਟੀ ਰੋਡ 'ਤੇ ਡਿੱਗ ਗਈ।

ਦੱਸਿਆ ਜਾ ਰਿਹਾ ਹੈ ਕਿ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਇਹ ਟੱਕਰ ਬਹੁਤ ਹੀ ਭਿਆਨਕ ਹੋਈ ਸੀ। ਜਦੋਂ ਤੱਕ ਗੱਡੀ ਵਿਚ ਫਸੇ ਲੋਕਾਂ ਨੂੰ ਬਾਹਰ ਕੱਢ ਕੇ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਤਾਂ ਉਨ੍ਹਾਂ ਵਿਚੋਂ 4 ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਦੋ ਔਰਤਾਂ ਜਦਕਿ ਦੋ ਆਦਮੀ ਸ਼ਾਮਲ ਹਨ।

ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਵਿਚੋਂ ਦੋ ਹਰਿਆਣਾ ਦੇ ਰੇਵਾੜੀ ਜਦਕਿ ਦੋ ਦਿੱਲੀ ਦੇ ਰਹਿਣ ਵਾਲੇ ਸਨ। ਮ੍ਰਿਤਕਾਂ ਦੀ ਪਛਾਣ ਨੀਲਮ ਧਨੇਜਾ (50), ਰੇਨੂੰ ਤੇ ਉਸ ਦਾ ਪਤੀ ਕ੍ਰਿਸ਼ਨ ਲਾਲ ਖਰਬੰਦਾ (55), ਇੱਕ ਹੋਰ ਔਰਤ ਸ਼ਾਮਲ ਹੈ, ਜਿਸ ਦੀ ਪਛਾਣ ਨਹੀਂ ਹੋ ਸਕੀ ਹੈ। ਫਿਲਹਾਲ ਪੁਲਿਸ ਵਲੋਂ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੇ ਪਰਿਵਾਰਾਂ ਨੂੰ ਜਾਣਕਾਰੀ ਦੇ ਦਿਤੀ ਗਈ ਹੈ। ਪੁਲਿਸ ਵਲੋਂ ਟਰੱਕ ਡਰਾਈਵਰ ਨੂੰ ਵੀ ਫੜ੍ਹਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।