Kangana Ranaut Slap Controversy: ਐਡਵੋਕੇਟ ਜਸਵੰਤ ਸਿੰਘ ਗਰੇਵਾਲ ਲੜਨਗੇ ਕੁਲਵਿੰਦਰ ਕੌਰ ਦਾ ਕੇਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਡਵੋਕੇਟ ਜਸਵੰਤ ਸਿੰਘ ਨੇ ਪਹਿਲਾਂ ਵੀ ਨਾਬਾਲਗ਼ ਬੱਚੀ ਦੇ ਬਲਾਤਕਾਰੀ ਕਾਤਲ ਨੂੰ ਫਾਂਸੀ ਦੀ ਸਜ਼ਾ ਦਵਾਈ ਸੀ

Kangana Ranaut Slap Controversy News

Kangana Ranaut Slap Controversy:  ਚੰਡੀਗੜ ਏਅਰਪੋਰਟ ਤੇ ਤਕਰਾਰ ਕਾਰਨ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਸੀ.ਆਈ.ਐਸ.ਐਫ਼ ਦੀ ਸੁਰੱਖਿਆਂ ਮਹਿਲਾ ਕਰਮਚਾਰੀ ਪੰਜਾਬ ਦੀ ਧੀ ਕੁਲਵਿੰਦਰ ਕੌਰ ਦੇ ਹੱਕ ਵਿਚ ਡੱਟ ਕੇ ਖੜਨ ਲਈ ਜਿਥੇ ਕਿਸਾਨੀ ਤੇ ਹੋਰ ਜਥੇਬੰਦੀਆ ਵਲੋਂ ਇਨਾਮ ਦੇਣ ਜਾ ਹਰ ਤਰ੍ਹਾਂ ਦੀ ਸਹਾਇਤਾ ਲਈ ਪ੍ਰਵਾਰ ਨਾਲ ਖੜਨ ਦੀ ਵਚਨਬੱਧਤਾ ਦੇਖਣ ਨੂੰ ਮਿਲੀ ਹੈ ਉਥੇ ਹੀ ਲੋੜਵੰਦ ਵੱਖ ਵੱਖ ਪੀੜਤ ਪ੍ਰਵਾਰਾ ਨੂੰ ਇਨਸਾਫ਼ ਦਿਵਾਉਣ ਵਾਲੇ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਜੰਡਾਲੀ ਕਲਾਂ ਦੇ ਜੰਮਪਲ ਐਡਵੋਕੇਟ ਜਸਵੰਤ ਸਿੰਘ ਗਰੇਵਾਲ ਜੋਕਿ ਮਾਨਸਾ ਵਿਖੇ ਰਹਿ ਕੇ ਵਕਾਲਤ ਕਰਦੇ ਹਨ ਉਨ੍ਹਾਂ ਵਲੋ ਕੁਲਵਿੰਦਰ ਕੌਰ ਦਾ ਕੇਸ ਲੜਨ ਦਾ ਜਿੰਮਾ ਲਿਆ ਹੈ।

ਇਸ ਸਬੰਧੀ ਗੱਲਬਾਤ ਕਰਦਿਆ ਐਡਵੋਕੇਟ ਜਸਵੰਤ ਸਿੰਘ ਨੇ ਕਿਹਾ ਕਿ ਕੁਲਵਿੰਦਰ ਕੌਰ ਨਾਲ ਕੰਗਨਾ ਦੀ ਸ਼ਬਦਾਵਲੀ ਠੀਕ ਨਹੀ ਸੀ। ਉਨ੍ਹਾਂ ਅੱਗੇ ਕਿਹਾ ਕਿ ਮੁਕੱਦਮਾ ਤਾਂ ਕੰਗਨਾ ’ਤੇ ਦਰਜ ਹੋਣਾ ਚਾਹੀਦਾ ਸੀ ਜਿਸ ਨੇ ਇਕ ਸੁਰੱਖਿਆ ਕਰਮਚਾਰੀ ਦੀ ਵਰਦੀ ਨੂੰ ਹੱਥ ਪਾਇਆ ਅਤੇ ਉਸ ਨੂੰ ਖ਼ਾਲਿਸਤਾਨੀ ਕਿਹਾ।

ਐਡਵੋਕੇਟ ਜਸਵੰਤ ਸਿੰਘ ਨੇ ਦਸਿਆ ਕਿ ਉਨ੍ਹਾਂ ਵਲੋਂ ਮਾਮਲੇ ਦੀ ਮੌਕੇ ਉੱਤੇ ਜਾ ਕੇ ਪੜਤਾਲ ਕਰਨ ਤੋਂ ਪਤਾ ਲੱਗਾ ਹੈ ਕਿ ਕੁਲਵਿੰਦਰ ਕੌਰ ਉੱਤੇ ਲਗਾਈਆਂ ਧਾਰਾਵਾਂ ਜ਼ਮਾਨਤਯੋਗ ਹਨ ਪਰ ਇਸ ਕੇਸ ਦੀ ਪੜਤਾਲ ਲਈ ਇਕ ਸਿੱਟ ਕਾਇਮ ਕੀਤੀ ਗਈ ਹੈ ਉਹ ਕੀ ਰਿਪੋਰਟ ਦਿੰਦੀ ਹੈ ਇਸ ਦਾ ਇੰਤਜ਼ਾਰ ਕਰਨਾ ਪਵੇਗਾ। ਹਾਈ ਕੋਰਟ ਦੇ ਸੀਨੀਅਰ ਵਕੀਲਾਂ ਦੇ ਇਕ ਪੈਨਲ ਨਾਲ ਮਾਮਲਾ ਵਿਚਾਰਿਆ ਗਿਆ ਹੈ ਸਿੱਟ ਦੀ ਰਿਪੋਰਟ ਤੋਂ ਬਾਅਦ ਹੀ ਇਸ ਦੀ ਪੈਰਵੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਸਾਰੇ ਤੱਥਾਂ ਦੀ ਪੜਤਾਲ ਕਰ ਕੇ ਉਸ ਲੜਕੀ ਨੂੰ ਇਨਸਾਫ਼ ਦਵਾਉਣ ਦੀ ਯਤਨ ਕਰਨਗੇ।

ਉਨ੍ਹਾਂ ਵਕੀਲ ਭਾਈਚਾਰੇ ਨੂੰ ਬੇਨਤੀ ਹੈ ਕਿ ਉਹ ਕੁਲਵਿੰਦਰ ਕੌਰ ਨੂੰ ਇਨਸਾਫ਼ ਦਿਵਾਉਣ ਲਈ ਅੱਗੇ ਆਉਣ ਤਾਂ ਕਿ ਸੰਘਰਸ਼ਸ਼ੀਲ ਲੋਕਾਂ ਦੀ ਤੌਹੀਨ ਕਰਨ ਵਾਲੇ ਬੜਬੋਲੇ ਹਾਕਮਾਂ ਨੂੰ ਨੱਥ ਪਾਈ ਜਾ ਸਕੇ। ਜ਼ਿਕਰਯੋਗ ਹੈ ਕਿ ਐਡਵੋਕੇਟ ਜਸਵੰਤ ਸਿੰਘ ਨੇ ਸਮਾਜ ਦੀ ਸੇਵਾ ਲਈ ਬਿਨਾ ਕੁਝ ਲਏ ਜਿੱਥੇ ਕਈ ਲੋੜਵੰਦ ਪ੍ਰਵਾਰਾ ਦੀਆ ਬੱਚੀਆ ਦੇ ਮੁਫ਼ਤ ਕੇਸ ਲੜ ਕੇ ਇਨਸਾਫ਼ ਦਿਵਾਏ ਹਨ ਉਥੇ ਹੀ ਉਨ੍ਹਾਂ ਇਕ ਨਾਬਾਲਗ਼ ਬੱਚੀ ਦੇ ਬਲਾਤਕਾਰੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ ਮਾਨਸਾ ਅਦਾਲਤ ਵਿਚ ਦਵਾਈ ਸੀ।