ਬਾਦਲਾਂ ਨੇ ਗੁਜਰਾਤ 'ਚ ਵਸਦੇ ਪੰਜਾਬੀ ਕਿਸਾਨਾਂ ਅਤੇ ਸ਼ਿਲਾਂਗ ਦੇ ਸਿੱਖਾਂ ਦਾ ਜ਼ਿਕਰ ਹੀ ਨਾ ਕੀਤਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਲੋਟ ਵਿਖੇ ਤਿੰੰਨ ਸੂਬਿਆਂ ਦੇ ਕਿਸਾਨਾਂ ਨੂੰ ਖ਼ੁਸ਼ ਕਰਨ ਲਈ ਅਕਾਲੀ-ਭਾਜਪਾ ਗਠਜੋੜ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੀਤੀ ਗਈ 'ਕਿਸਾਨ ਕਲਿਆਣ ਰੈਲੀ' ...

Farmers

ਕੋਟਕਪੂਰਾ, ਮਲੋਟ ਵਿਖੇ ਤਿੰੰਨ ਸੂਬਿਆਂ ਦੇ ਕਿਸਾਨਾਂ ਨੂੰ ਖ਼ੁਸ਼ ਕਰਨ ਲਈ ਅਕਾਲੀ-ਭਾਜਪਾ ਗਠਜੋੜ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੀਤੀ ਗਈ 'ਕਿਸਾਨ ਕਲਿਆਣ ਰੈਲੀ' 'ਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਵਲੋਂ ਨਰਿੰਦਰ ਮੋਦੀ ਦੀਆਂ ਸਿਫ਼ਤਾਂ ਦੇ ਪੁੱਲ ਤਾਂ ਬੰਨ੍ਹੇ ਗਏ ਪਰ ਨਾ ਤਾਂ ਗੁਜਰਾਤ ਦੇ ਪੰਜਾਬੀ ਕਿਸਾਨਾਂ ਨੂੰ ਭਾਜਪਾ ਸਰਕਾਰ ਤੋਂ ਆ ਰਹੀ ਪ੍ਰੇਸ਼ਾਨੀ ਦਾ ਜ਼ਿਕਰ ਕੀਤਾ ਗਿਆ ਤੇ ਨਾ ਹੀ ਸ਼ਿਲਾਂਗ ਵਿਚਲੇ ਪੰਜਾਬੀਆਂ ਨਾਲ ਹੋ ਰਹੀ ਜ਼ਿਆਦਤੀ ਦਾ ਜ਼ਿਕਰ ਕਰਨ ਦੀ ਜ਼ਰੂਰਤ ਸਮਝੀ ਗਈ। 

ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਸੂਝਬੂਝ ਸਦਕਾ ਹਿੰਦੁਸਤਾਨ ਆਰਥਕ ਤੌਰ 'ਤੇ ਦੁਨੀਆਂ ਭਰ 'ਚ ਸੁਪਰ ਪਾਵਰ ਬਣ ਗਿਆ ਹੈ ਜਦਕਿ ਸੁਖਬੀਰ ਸਿੰਘ ਬਾਦਲ ਨੇ ਬਾਬੇ ਨਾਨਕ ਦਾ 550 ਸਾਲਾ ਪ੍ਰਕਾਸ਼ ਉਤਸਵ ਦੇਸ਼ ਭਰ 'ਚ ਮਨਾਉਣ ਅਤੇ ਗਾਂਧੀ ਪਰਵਾਰ ਨੂੰ ਸਿੱਖਾਂ ਦਾ ਕਤਲੇਆਮ ਕਰਾਉਣ ਦੇ ਦੋਸ਼ 'ਚ ਸਜ਼ਾਵਾਂ ਦੇਣ ਦੀ ਮੰਗ ਰੱਖੀ। ਜ਼ਿਕਰਯੋਗ ਹੈ ਕਿ ਗੁਜਰਾਤ ਦੇ ਭੁੱਜ ਇਲਾਕੇ 'ਚ ਕਰੀਬ 5 ਹਜ਼ਾਰ ਪੰਜਾਬੀ ਕਿਸਾਨ ਅਜਿਹੇ ਹਨ ਜੋ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਜਪਾ ਦੀਆਂ ਜ਼ਿਆਦਤੀਆਂ ਦਾ ਸ਼ਿਕਾਰ ਹੋ ਰਹੇ ਹਨ। 

30 ਅਪ੍ਰੈਲ 2014 ਦੀਆਂ ਲੋਕ ਸਭਾ ਚੋਣਾ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਬਤੌਰ ਗੁਜਰਾਤ ਦੇ ਮੁੱਖ ਮੰਤਰੀ 23 ਫ਼ਰਵਰੀ 2014 'ਚ ਅਕਾਲੀ-ਭਾਜਪਾ ਗਠਜੋੜ ਸਰਕਾਰ ਵਲੋਂ ਕਰਵਾਈ ਗਈ ਜਗਰਾਉਂ ਦੀ 'ਫ਼ਤਿਹ ਰੈਲੀ' ਵਿਚ ਐਲਾਨ ਕੀਤਾ ਸੀ ਕਿ ਗੁਜਰਾਤ 'ਚੋਂ ਕੋਈ ਵੀ ਸਿੱਖ ਕਿਸਾਨ ਉਜੜਨ ਨਹੀਂ ਦਿਤਾ ਜਾਵੇਗਾ। 
ਗੁਜਰਾਤ 'ਚ ਵਸਦੇ ਇਹ ਪੰਜਾਬੀ ਕਿਸਾਨ ਗੁਜਰਾਤ ਸਰਕਾਰ ਵਲੋਂ ਪੰਜਾਬੀ ਕਿਸਾਨਾਂ ਦੇ ਉਜਾੜੇ ਲਈ ਸੁਪਰੀਮ ਕੋਰਟ 'ਚ ਪਾਈ ਗਈ ਪਟੀਸ਼ਨ ਦੀ ਵਾਪਸੀ ਲਈ ਅਕਾਲੀ-ਭਾਜਪਾ ਗਠਜੋੜ

ਦੇ ਹਰ ਮੂਹਰਲੀ ਕਤਾਰ ਦੇ ਆਗੂਆਂ ਕੋਲ ਮਿੰਨਤਾਂ ਤਰਲੇ ਕਰਨ ਤੋਂ ਇਲਾਵਾ ਲੇਲੜੀਆਂ ਤਕ ਕੱਢ ਚੁੱਕੇ ਹਨ ਪਰ ਅਫ਼ਸੋਸ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਗੁਜਰਾਤ ਦੇ ਪੰਜਾਬੀ ਕਿਸਾਨਾਂ ਦੇ ਆਗੂ ਜਸਵੀਰ ਸਿੰਘ ਬਰਾੜ (ਭੁੱਜ) ਅਤੇ ਕੱਛ ਖਿੱਤੇ ਦੇ ਪਿੰਡ ਨਰੋਣਾ ਦੇ ਕਿਸਾਨਾਂ ਬਿੱਕਰ ਸਿੰਘ ਤੇ ਗੁਰਮੇਲ ਸਿੰਘ ਨੇ ਦਸਿਆ ਕਿ ਪੰਜਾਬੀ ਕਿਸਾਨਾਂ ਨੂੰ ਬੈਂਕਾਂ ਤੋਂ ਕੋਈ ਕਰਜ਼ਾ ਨਹੀਂ ਮਿਲਦਾ ਤੇ ਕਿਸਾਨਾ ਨੂੰ ਉਜਾੜੇ ਜਾਣ ਦਾ ਡਰ ਬਣਿਆ ਹੋਇਆ ਹੈ ਕਿਉਂਕਿ ਮਾਮਲਾ ਸੁਪਰੀਮ ਕੋਰਟ 'ਚ ਹੈ। 

ਪਿੰਡ ਮਾਂਡਵੀ ਦੇ ਕਿਸਾਨ ਸੁਰਿੰਦਰ ਸਿੰਘ ਨੇ ਦਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਲਾਲ ਬਹਾਦਰ ਸ਼ਾਸ਼ਤਰੀ ਨੇ ਸਾਲ 1964 'ਚ 'ਜੈ ਜਵਾਨ-ਜੈ ਕਿਸਾਨ' ਦੇ ਨਾਹਰੇ ਤਹਿਤ ਪੰਜਾਬੀ ਕਿਸਾਨਾਂ ਨੂੰ ਗੁਜਰਾਤ 'ਚ ਜ਼ਮੀਨਾਂ ਅਲਾਟ ਕੀਤੀਆਂ ਸਨ ਜਦਕਿ ਬਹੁਤੇ ਕਿਸਾਨਾਂ ਨੇ ਜ਼ਮੀਨਾਂ ਮੁੱਲ ਖ਼ਰੀਦੀਆਂ ਸਨ। ਕਈ ਵਰੇ ਪਹਿਲਾਂ ਜ਼ਿਲ੍ਹਾ ਕੱਛ ਦੇ ਕੁਲੈਕਟਰ ਨੇ ਸਰਕੂਲਰ ਜਾਰੀ ਕਰ ਦਿਤਾ ਸੀ ਕਿ ਬਾਹਰਲੇ ਕਿਸਾਨ ਗੁਜਰਾਤ 'ਚ ਜ਼ਮੀਨ ਨਹੀਂ ਖ਼ਰੀਦ ਸਕਦੇ। ਸਾਲ 2012 'ਚ ਕੱਛ ਇਲਾਕੇ ਦੇ ਨਾਹਰਾ ਪਿੰਡ ਦੇ ਕਿਸਾਨਾਂ ਨੇ ਕਰੀਬ 10 ਪਟੀਸ਼ਨਾਂ ਗੁਜਰਾਤ ਹਾਈ ਕੋਰਟ 'ਚ ਦਾਖ਼ਲ ਕੀਤੀਆਂ ਸਨ ਜਿਸ ਦਾ ਫ਼ੈਸਲਾ ਪੰਜਾਬੀ ਕਿਸਾਨਾ ਦੇ ਹੱਕ 'ਚ

ਹੋ ਗਿਆ ਪਰ ਗੁਜਰਾਤ ਦੀ ਭਾਜਪਾ ਸਰਕਾਰ ਨੇ ਉਸ ਨੂੰ ਸੁਪਰੀਮ ਕੋਰਟ 'ਚ ਚੁਨੌਤੀ ਦੇ ਦਿਤੀ। ਉਕਤ ਕੇਸ ਦੀ ਅਗਲੀ ਤਰੀਕ 18 ਜੁਲਾਈ ਹੈ। ਮੈਂਬਰ ਪਾਰਲੀਮੈਂਟ ਪ੍ਰੋ. ਸਾਧੂ ਸਿੰਘ ਅਤੇ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬਾਦਲ ਪਰਵਾਰ ਨੇ ਪੰਥ ਦੇ ਨਾਂਅ 'ਤੇ ਲੰਮਾਂ ਸਮਾਂ ਸਿਆਸੀ ਰੋਟੀਆਂ ਸੇਕੀਆਂ ਪਰ ਪੰਜਾਬ ਜਾਂ ਦੇਸ਼ ਦੇ ਹੋਰ ਰਾਜਾਂ 'ਚ ਵਸਦੇ ਸਿੱਖਾਂ ਦੀਆਂ ਸਮੱਸਿਆਵਾਂ ਹੱਲ ਕਰਾਉਣ ਵੱਲ ਧਿਆਨ ਦੇਣ ਦੀ ਕਦੇ ਜਰੂਰਤ ਹੀ ਨਹੀਂ ਸਮਝੀ।