ਕਾਂਗਰਸ ਨੇ ਕਿਸਾਨਾਂ ਨੂੰ ਸਿਰਫ਼ ਧੋਖਾ ਤੇ ਅਸੀਂ ਉਨ੍ਹਾਂ ਨੂੰ ਸੱਭ ਕੁੱਝ ਦਿਤਾ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ 'ਤੇ ਤਿੱਖਾ ਸਿਆਸੀ ਹਮਲਾ ਕਰਦਿਆਂ ਦੋਸ਼ ਲਾਇਆ ਕਿ ਉਸ ਨੇ ਕਿਸਾਨਾਂ ਨੂੰ ਧੋਖਾ ਦਿਤਾ ਹੈ ਅਤੇ ਵੋਟ ਬੈਂਕ ਵਜੋਂ ਵਰਤਿਆ...

Narendra Modi and Other Political Leaders

ਮਲੋਟ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ 'ਤੇ ਤਿੱਖਾ ਸਿਆਸੀ ਹਮਲਾ ਕਰਦਿਆਂ ਦੋਸ਼ ਲਾਇਆ ਕਿ ਉਸ ਨੇ ਕਿਸਾਨਾਂ ਨੂੰ ਧੋਖਾ ਦਿਤਾ ਹੈ ਅਤੇ ਵੋਟ ਬੈਂਕ ਵਜੋਂ ਵਰਤਿਆ ਤਾਕਿ 'ਇਕ ਖ਼ਾਸ ਪਰਵਾਰ' ਦੇ ਹਿੱਤੇ ਪੂਰੇ ਹੋ ਸਕਣ। ਮੋਦੀ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀਆਂ ਸਰਕਾਰਾਂ ਦੀਆਂ ਨੀਤੀਆਂ ਕਾਰਨ ਕਿਸਾਨ ਸਖ਼ਤ ਮਿਹਨਤ ਦੇ ਬਾਵਜੂਦ ਸਕੂਨ ਦੀ ਜ਼ਿੰਦਗੀ ਬਾਰੇ ਨਹੀਂ ਸੋਚ ਸਕੇ ਅਤੇ ਉਨ੍ਹਾਂ ਨੂੰ ਦਹਾਕਿਆਂ ਤਕ ਨਿਰਾਸ਼ਾ ਅਤੇ ਤਕਲੀਫ਼ ਦਾ ਜੀਵਨ ਜਿਊਣਾ ਪਿਆ।

 ਪ੍ਰਧਾਨ ਮੰਤਰੀ ਅੱਜ ਇਥੇ ਅਕਾਲੀ ਦਲ ਅਤੇ ਭਾਜਪਾ ਵਲੋਂ ਕਰਵਾਈ ਗਈ 'ਕਿਸਾਨ ਖੇਤ ਮਜ਼ਦੂਰ ਧਨਵਾਦ ਰੈਲੀ' ਵਿਚ ਪੰਜਾਬ, ਹਰਿਆਣਾ, ਰਾਜਸਥਾਨ ਤੋਂ ਆਏ ਕਿਸਾਨਾਂ ਅਤੇ ਹੋਰ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਰੈਲੀ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਹਰਿਆਣਾ ਮਨੋਹਰ ਲਾਲ ਖੱਟੜ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸ਼ਵੇਤ ਮਲਿਕ, ਸੁਖਦੇਵ ਸਿੰਘ ਢੀਂਡਸਾ ਅਤੇ ਸਿਕੰਦਰ ਸਿੰਘ ਮਲੂਕਾ ਆਦਿ ਆਗੂ ਮੌਜੂਦ ਸਨ।

ਗਾਂਧੀ ਪਰਵਾਰ ਨੂੰ ਨਿਸ਼ਾਨਾ ਬਣਾਉਂਦਿਆਂ ਮੋਦੀ ਨੇ ਕਿਹਾ ਕਿ ਜੇ ਕਾਂਗਰਸ ਨੂੰ ਚਿੰਤਾ ਸੀ ਤਾਂ ਸਿਰਫ਼ ਇਕ ਖ਼ਾਸ ਪਰਵਾਰ ਅਤੇ ਉਸ ਦੀਆਂ ਸੁੱਖ-ਸਹੂਲਤਾਂ ਦੀ ਚਿੰਤਾ ਸੀ। ਉਨ੍ਹਾਂ ਕਿਹਾ, 'ਮੈਨੂੰ ਪਤਾ ਹੈ ਕਿ ਸਾਲਾਂ ਤਕ ਤੁਸੀਂ ਅਪਣੀ ਕੁਲ ਲਾਗਤ 'ਤੇ ਸਿਰਫ਼ 10 ਫ਼ੀ ਸਦੀ ਦਾ ਹੀ ਮੁਨਾਫ਼ਾ ਕਿਉਂ ਹਾਸਲ ਕਰ ਸਕਦੇ ਸੀ। ਮੈਨੂੰ ਪਤਾ ਹੈ ਕਿ ਇਸ ਪਿੱਛੇ ਕਿਹੜੇ ਹਿੱਤ ਸਨ। ਕਿਸਾਨ ਸਾਡੇ ਦੇਸ਼ ਦੀ ਆਤਮਾ ਹਨ। ਉਹ ਸਾਡੇ ਅੰਨਦਾਤਾ ਹਨ ਪਰ ਕਾਂਗਰਸ ਨੇ ਕਿਸਾਨਾਂ ਨੂੰ ਹਮੇਸ਼ਾ ਧੋਖਾ ਦਿਤਾ ਅਤੇ ਝੂਠ ਬੋਲਿਆ।'

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨ ਦੇਸ਼ ਦਾ ਅੰਨਦਾਤਾ ਹੀ ਨਹੀਂ, ਦੇਸ਼ ਦੀ ਰੂਹ ਹੈ ਪਰ ਸਰਕਾਰਾਂ ਨੇ ਕਦੀ ਕਿਸਾਨਾਂ ਦੀ ਹਾਲਤ ਸੁਧਾਰਨ ਲਈ ਯਤਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਐਨ.ਡੀ.ਏ ਦੀ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਸਥਾਈ ਹੱਲ ਲਈ ਯਤਨਸ਼ੀਲ ਹੈ ਅਤੇ ਫ਼ਸਲਾਂ ਦੀਆਂ ਕੀਮਤਾਂ ਵਿਚ ਵਾਧਾ ਇਸੇ ਦਿਸ਼ਾ ਵਲ ਕਦਮ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅਤੇ  ਬਾਕੀ ਕੈਬਨਿਟ ਸਾਥੀਆਂ ਨਾਲ ਫ਼ਸਲਾਂ ਦੀ ਪੈਦਾਵਾਰ ਨੂੰ ਫ਼ੂਡ ਪ੍ਰੋਸੈਸਿੰਗ ਰਾਹੀਂ ਤਿਆਰ ਕਰ ਕੇ ਮਾਰਕੀਟਿੰਗ ਕਰਨ ਬਾਰੇ ਵਿਚਾਰਾਂ ਚਲ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਮਗਰੋਂ ਉਨ੍ਹਾਂ 'ਜੈ ਜਵਾਨ ਜੈ ਕਿਸਾਨ' ਦੇ ਨਾਹਰੇ 'ਤੇ ਪਹਿਰਾ ਦਿੰਦਿਆਂ ਸਾਬਕਾ ਫ਼ੌਜੀਆਂ ਲਈ 'ਇਕ ਰੈਂਕ ਇਕ ਪੈਨਸ਼ਨ' ਦਾ ਐਲਾਨ ਕੀਤਾ ਅਤੇ ਹੁਣ ਕਿਸਾਨੀ ਨੂੰ ਲਾਭ ਵਾਲਾ ਕਿੱਤਾ ਬਣਾਉਣ ਲਈ ਯਤਨ ਜਾਰੀ ਹਨ।ਪ੍ਰਧਾਨ ਮੰਤਰੀ ਤੋਂ ਪਹਿਲਾਂ ਭਾਰੀ ਗਿਣਤੀ ਵਿਚ ਪੁੱਜੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਝੋਨੇ ਦੀ ਫ਼ਸਲ ਦੀ ਕੀਮਤ ਵਿਚ 200 ਰੁਪਏ ਪ੍ਰਤੀ ਕੁਇੰਟਲ ਵਾਧੇ ਨਾਲ ਇਕੱਲੇ ਕਿਸਾਨਾਂ ਨੂੰ ਹੀ ਨਹੀਂ ਸਗੋਂ ਆੜ੍ਹਤੀਆਂ ਅਤੇ ਮਾਰਕੀਟ ਕਮੇਟੀ ਸਮੇਤ ਪੰਜਾਬ ਦੀ ਸਰਕਾਰ ਨੂੰ ਵੀ ਆਮਦਨ ਹੋਣ ਵਾਲੀ ਹੈ।

ਬੁਲਾਰਿਆਂ ਨੇ ਕਿਹਾ ਕਿ ਤਿੰਨਾਂ ਰਾਜਾਂ ਦੇ ਕਿਸਾਨਾਂ ਨੇ ਬਹੁਤ ਹੀ ਸਖ਼ਤ ਮਿਹਨਤ ਕਰਦਿਆਂ ਪਿਛਲੇ ਚਾਰ ਸਾਲਾਂ ਵਿਚ ਰੀਕਾਰਡ ਪੈਦਾਵਾਰ ਕੀਤੀ ਪਰ ਕਿਸਾਨ ਦੀ ਜ਼ਿੰਦਗੀ ਫਿਰ ਵੀ ਖ਼ੁਸ਼ਹਾਲ ਨਹੀਂ ਹੋ ਰਹੀ ਪਰ ਹੁਣ ਮੋਦੀ ਸਰਕਾਰ ਨੇ ਕਿਸਾਨਾਂ ਦੀ ਸਮੱਸਿਆ ਨੂੰ ਸਮਝਦਿਆਂ ਇਸ ਦਾ ਸਥਾਈ ਹੱਲ ਕੀਤਾ ਹੈ । ਉਨ੍ਹਾਂ ਕਿਹਾ ਕਿ ਹਰ ਸਾਲ ਫ਼ਸਲਾਂ ਦੀ ਲਾਗਤ ਦੇ ਹਿਸਾਬ ਨਾਲ ਉਸ ਵਿਚ ਮੁਨਾਫ਼ਾ ਜੋੜ ਕੇ ਫ਼ਸਲਾਂ ਦੀ ਕੀਮਤ ਤੈਅ ਕੀਤੀ ਜਾਵੇਗੀ ਜਿਸ ਨਾਲ ਕਿਸਾਨ ਕਈ ਕਦੀ ਵੀ ਕੀਤੀ ਮਿਹਨਤ ਘਾਟੇ ਦਾ ਸੌਦਾ ਨਹੀ ਹੋਵੇਗੀ।