ਹੁਣ ਜੇਲ 'ਚ ਨਜ਼ਰਬੰਦ ਭਾਰਤੀਆਂ ਨੂੰ ਮਿਲ ਸਕਣਗੇ ਵਕੀਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੋਰਟਲੈਂਡ (ਔਰੀਗਨ ਸਟੇਟ) ਵਿਖੇ ਪਿਛਲੇ ਕਾਫ਼ੀ ਦਿਨਾਂ ਤੋਂ ਸ਼ੇਰੀਦਨ ਜੇਲ ਵਿਚ ਨਜ਼ਰਬੰਦ ਭਾਰਤੀਆਂ ਨੂੰ ਕਾਨੂੰਨੀ ਸਹਾਇਤਾ ਦਿਵਾਉਣ ਲਈ ਬਹਾਦਰ ਸਿੰਘ ਦੀ ...

Detained Indians

ਜਲੰਧਰ,  ਪੋਰਟਲੈਂਡ (ਔਰੀਗਨ ਸਟੇਟ) ਵਿਖੇ ਪਿਛਲੇ ਕਾਫ਼ੀ ਦਿਨਾਂ ਤੋਂ ਸ਼ੇਰੀਦਨ ਜੇਲ ਵਿਚ ਨਜ਼ਰਬੰਦ ਭਾਰਤੀਆਂ ਨੂੰ ਕਾਨੂੰਨੀ ਸਹਾਇਤਾ ਦਿਵਾਉਣ ਲਈ ਬਹਾਦਰ ਸਿੰਘ ਦੀ ਅਗਵਾਈ ਵਿਚ ਸੰਘਰਸ਼ ਕਰ ਰਹੀ ਸੰਸਥਾ ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਯਤਨਾਂ ਨੂੰ ਉਸ ਵਕਤ ਬੂਰ ਪਿਆ ਜਦ ਜੇਲ ਅਧਿਕਾਰੀਆਂ ਨੇ ਜੇਲ ਵਿਚ ਨਜ਼ਰਬੰਦ ਪੰਜਾਬੀਆਂ ਤੇ ਗ਼ੈਰ-ਪੰਜਾਬੀ ਭਾਰਤੀਆਂ ਨਾਲ ਉਨ੍ਹਾਂ ਦੇ ਵਕੀਲਾਂ ਨੂੰ ਮਿਲਣ ਜਾਂ ਕੇਸ ਦਰਜ ਕਰਨ ਦੀ ਆਗਿਆ ਦੇ ਦਿਤੀ ਹੈ। ਇਨ੍ਹਾਂ ਨਜ਼ਰਬੰਦ ਸਾਰੇ ਭਾਰਤੀਆਂ ਨੂੰ ਕਾਨੂੰਨ ਅਨੁਸਾਰ ਮਿਲਣ ਵਾਲੀਆਂ ਹੋਰ ਸਾਰੀਆਂ ਸਹੂਲਤਾਂ ਦੇਣ ਦਾ ਐਲਾਨ ਵੀ ਕਰ ਦਿਤਾ ਗਿਆ ਹੈ। 

ਈ-ਮੇਲ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਨਾਪਾ ਦੇ ਚੇਅਰਮੈਨ ਸਤਨਾਮ ਸਿੰਘ ਚਾਹਲ ਨੇ ਦਸਿਆ ਕਿ ਇਸ ਮੌਕੇ ਜੇਲ ਦੇ ਬਾਹਰ ਵੱਖ-ਵੱਖ ਧਰਮਾਂ ਨਾਲ ਸਬੰਧਤ ਲੋਕਾਂ ਦੇ ਪ੍ਰਤੀਨਿਧਾਂ ਦਾ ਇਕ ਇਕੱਠ ਕੀਤਾ ਗਿਆ ਜਿਸ ਵਿਚ ਸਿੱਖਾਂ ਤੋਂ ਇਲਾਵਾ ਲੂਥਰਨ ਚਰਚ ਅਤੇ ਔਰੀਗਨ ਦੇ ਵੱਖ-ਵੱਖ ਧਰਮਾਂ ਦੇ ਲੋਕ ਸ਼ਾਮਲ ਹੋਏ। ਇਸ ਮੌਕੇ ਸਾਰੇ ਧਰਮਾਂ ਨੇ ਪ੍ਰਾਰਥਨਾਵਾਂ ਕੀਤੀਆਂ ਅਤੇ ਸਿੱਖਾਂ ਨੇ ਕੀਰਤਨ ਤੇ ਅਰਦਾਸ ਕੀਤੀ।

ਬਹਾਦਰ ਸਿੰਘ ਨੇ ਦਸਿਆ ਕਿ ਇਸ ਸਮੇਂ ਵਕੀਲਾਂ ਨੂੰ ਕੈਦੀਆਂ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਮਿਲ ਜਾਣ ਕਾਰਨ ਹੁਣ ਵਕੀਲ ਸਬੰਧਤ ਕੈਦੀਆਂ ਕੋਲੋਂ ਅਰਜ਼ੀਆਂ ਅਦਾਲਤ ਵਿਚ ਦਾਖ਼ਲ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਨ੍ਹਾਂ ਅਪੀਲਾਂ 'ਤੇ ਛੇਤੀ ਹੀ ਜੱਜ ਸੁਣਵਾਈ ਸ਼ੁਰੂ ਕਰਨਗੇ। ਉਨ੍ਹਾਂ ਇਹ ਵੀ ਦਸਿਆ ਕਿ ਗੁਰਦੁਆਰਾ ਦਸਮੇਸ਼ ਦਰਬਾਰ ਸੇਲਮ ਦੇ ਤਿੰਨ ਸਿੰਘਾਂ ਵਲੋਂ ਜੇਲ ਅੰਦਰ ਜਾਣ ਲਈ ਵੀ ਅਰਜ਼ੀ ਪਾਈ ਹੈ ਕਿ ਉਨ੍ਹਾਂ ਨੂੰ ਜੇਲ ਵਿਚ ਜਾ ਕੇ ਸਿੱਖ ਕੈਦੀਆਂ ਨੂੰ ਪਾਠ ਸੁਣਾਉਣ ਤੇ ਅਰਦਾਸ ਕਰਨ ਦੀ ਇਜਾਜ਼ਤ ਦਿਤੀ ਜਾਵੇ। 

ਇਸ ਦੇ ਨਾਲ ਹੀ ਸਿੱਖ ਕੈਦੀਆਂ ਲਈ ਜੇਲ ਵਿਚ ਗੁਟਕਾ ਸਾਹਿਬ ਅਤੇ ਸਿਰ ਢਕਣ ਵਾਸਤੇ ਛੋਟੀ ਦਸਤਾਰ ਰੱਖਣ ਦੀ ਇਜਾਜ਼ਤ ਵੀ ਮੰਗੀ ਗਈ ਹੈ। ਇਸ ਮੌਕੇ ਸਿੱਖ ਸੇਵਾ ਫ਼ਾਊਂਡੇਸ਼ਨ ਦੇ ਪ੍ਰਤੀਨਧਾਂ ਤੋਂ ਇਲਾਵਾ ਪ੍ਰਵਿੰਦਰ ਕੌਰ, ਸੋਨੀ ਸਿੰਘ, ਅਮ੍ਰਿਤ ਸਿੰਘ, ਦਲਬੀਰ ਸਿੰਘ, ਰਿੰਪੀ ਸਿੰਘ, ਤਲਿਵੰਦਰ ਸਿੰਘ, ਕੁਲਵਿੰਦਰ ਸਿੰਘ, ਜਸਬੀਰ ਕੌਰ, ਨਵਨੀਤ ਕੌਰ, ਜਗਤਾਰ ਸਿੰਘ ਅਤੇ ਗੁਰਪਰੀਤ ਕੋਰ ਆਦਿ ਵੀ ਹਾਜ਼ਰ ਸਨ।