ਮੋਦੀ ਦੀ ਕਿਸਾਨੀ ਦੇ ਨਾਂਅ 'ਤੇ ਸਿਆਸੀ ਖੇਤੀ ਨੂੰ ਨਹੀਂ ਲੱਗੇਗਾ ਫੱਲ : ਸੁਨੀਲ ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਕਿਹਾ ਹੈ ਕਿ ਚਾਰ ਸਾਲ ਤੱਕ ਕਿਸਾਨਾਂ ਦੀ ਸਾਰ ਨਾ ਲੈਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ....

Sunil Jakhar

ਬਟਾਲਾ, ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਕਿਹਾ ਹੈ ਕਿ ਚਾਰ ਸਾਲ ਤੱਕ ਕਿਸਾਨਾਂ ਦੀ ਸਾਰ ਨਾ ਲੈਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਕਿਸਾਨੀ ਦੇ ਨਾਂਅ 'ਤੇ ਸਿਆਸੀ ਖੇਤੀ ਕਰਨ ਦੀ ਚਾਹਤ ਨਾਲ ਪੰਜਾਬ ਆਏ ਸਨ। ਉਨ੍ਹਾਂ ਦੀ ਇਸ ਇੱਛਾ ਨੂੰ ਹੁਣ ਫਲ ਨਹੀਂ ਲੱਗਣ ਵਾਲਾ ਅਤੇ ਆਪਣੇ ਇਸ ਦੌਰੇ ਦੌਰਾਨ ਉਹ ਪੰਜਾਬ ਨੂੰ ਦੇ ਕੇ ਵੀ ਕੁੱਝ ਨਹੀਂ ਗਏ।  

ਅੱਜ ਅਕਾਲੀ ਦਲ ਅਤੇ ਭਾਜਪਾ ਵੱਲੋਂ ਮਲੋਟ ਵਿਚ ਤਿੰਨ ਰਾਜਾਂ ਦੀ ਕੀਤੀ ਸਾਂਝੀ ਰੈਲੀ ਨੂੰ ਪ੍ਰਧਾਨ ਮੰਤਰੀ ਦੀ ਇਸੇ ਨਕਾਮ ਕੋਸ਼ਿਸ ਦਾ ਹਿੱਸਾ ਦੱਸਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਰੈਲੀ ਵਿਚ ਲੋਕਾਂ ਦੀ ਘੱਟ ਸਮੂਲੀਅਤ ਅਤੇ ਖਾਲੀ ਕੁਰਸੀਆਂ ਨੇ ਸੂਬੇ ਵਿਚ ਅਕਾਲੀ ਭਾਜਪਾ ਗਠਜੋੜ ਦੀ ਅਸਲੀ ਸਿਆਸੀ ਸਥਿਤੀ ਜਗ ਜਾਹਿਰ ਕਰ ਦਿੱਤੀ ਹੈ।

 ਸ੍ਰੀ ਜਾਖੜ ਨੇ ਕਿਹਾ ਕਿ ਅੱਜ ਦੀ ਰੈਲੀ ਵਿਚ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀ ਗੈਰਹਾਜ਼ਰੀ ਕਈ ਸਵਾਲ ਖੜੇ ਕਰ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦੀ ਹਰ ਇਕ ਸਭਾ ਵਿਚ ਮੋਹਰੀ ਰਹਿਣ ਵਾਲੇ ਮਜੀਠਿਆਂ ਦੀ ਅੱਜ ਦੀ ਰੈਲੀ ਵਿਚ ਗੈਰਹਾਜਰੀ ਪਿੱਛੇ ਕੀ ਕਾਰਨ ਸਨ ਇਹ ਲੋਕਾਂ ਲਈ ਬੁਝਾਰਤ ਬਣਿਆ ਹੋਇਆ ਹੈ। ਸ੍ਰੀ ਜਾਖੜ ਨੇ ਕਿਹਾ ਕਿ ਮੋਦੀ ਦੀ ਇਹ ਰੈਲੀ ਇਕ ਸਿਆਸੀ ਡਰਾਮੇਬਾਜੀ ਮਾਤਰ ਸੀ ਅਤੇ ਪ੍ਰਧਾਨ ਮੰਤਰੀ ਨਾ ਤਾਂ ਪੰਜਾਬ ਲਈ ਕੋਈ ਵਿਸੇਸ਼ ਐਲਾਣ ਕਰਕੇ ਗਏ ਅਤੇ ਨਾ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਦੇ ਜਸ਼ਨਾਂ ਸਬੰਧੀ ਉਨ੍ਹਾਂ ਨੇ ਕੋਈ ਵਿਸੇਸ਼ ਐਲਾਨ ਕੀਤਾ। 

ਸ੍ਰੀ ਜਾਖੜ ਨੇ ਪ੍ਰਧਾਨ ਮੰਤਰੀ ਵੱਲੋਂ ਮਲੋਟ ਵਿਚ ਰੈਲੀ ਕਰਨ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਚੰਗਾ ਹੁੰਦਾ ਜੇ ਪ੍ਰਧਾਨ ਮੰਤਰੀ ਮੰਦਸੋਰ ਵਿਚ ਰੈਲੀ ਕਰਦੇ ਜਾਂ ਪੂਨੇ ਤੋਂ ਨਾਸਿਕ ਤੱਕ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਦਾ ਦਰਦ ਵੀ ਸੁਣਦੇ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀ ਚਾਰ ਸਾਲ ਤੱਕ ਹੋਈ ਲੁੱਟ ਦਾ ਲੇਖਾ ਹੁਣ ਕਿਸਾਨ 2019 ਦੀਆਂ ਚੋਣਾਂ ਵਿਚ ਲੈਣਗੇ।