ਖ਼ਲਨਾਇਕੀ ਦੇ ਰੋਲ ਕਾਰਨ ਮੈਨੂੰ ਘਰੋਂ ਕੱਢ ਦਿੱਤਾ ਸੀ : ਰੰਜੀਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਚਪਨ 'ਚ ਬਣਨਾ ਚਾਹੁੰਦਾ ਸੀ ਪਾਈਲਟ, ਪਰ ਕਿਸਮਤ ਨੂੰ ਕੁਝ ਹੋਰ ਮਨਜੂਰ ਸੀ

Special interview with Bollywood actor Ranjeet

ਚੰਡੀਗੜ੍ਹ : ਆਪਣੇ ਜ਼ਮਾਨੇ ਦੇ ਪ੍ਰਸਿੱਧ ਖਲਨਾਇਕਾਂ 'ਚ ਸ਼ਾਮਲ ਰੰਜੀਤ ਨੇ ਆਪਣੇ ਫ਼ਿਲਮੀ ਕਰੀਅਰ ਵਿਚ 200 ਤੋਂ ਵੱਧ ਫ਼ਿਲਮਾਂ 'ਚ ਕੰਮ ਕੀਤਾ ਹੈ। 70 ਅਤੇ 80 ਦੇ ਦਹਾਕੇ 'ਚ ਉਨ੍ਹਾਂ ਦੀ ਪਛਾਣ ਫ਼ਿਲਮਾਂ 'ਚ ਬਲਾਤਕਾਰੀ ਵਜੋਂ ਬਣ ਚੁੱਕੀ ਸੀ। ਰੰਜੀਤ ਨੇ ਲਗਭਗ 150 ਤੋਂ ਵੱਧ ਫ਼ਿਲਮਾਂ 'ਚ ਬਲਾਤਕਾਰ ਦੇ ਸੀਨ ਦਿੱਤੇ ਹਨ। ਇਸ ਮੌਕੇ ਸਪੋਕਸਮੈਨ ਟੀਵੀ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਬਾਲੀਵੁਡ ਅਦਾਕਾਰ ਰੰਜੀਤ ਨਾਲ ਵਿਸ਼ੇਸ਼ ਗੱਲਬਾਤ ਕੀਤੀ।

ਸਵਾਲ : ਬਹੁਤ ਘੱਟ ਲੋਕ ਜਾਣਦੇ ਹਨ ਕਿ ਤੁਸੀ ਪੰਜਾਬ ਨਾਲ ਸਬੰਧਤ ਹੋ। ਆਪਣੇ ਪਿਛੋਕੜ ਬਾਰੇ ਕੁੱਝ ਦੱਸੋ?
ਜਵਾਬ : ਮੇਰਾ ਜਨਮ ਅੰਮ੍ਰਿਤਸਰ 'ਚ ਪੈਂਦੇ ਜੰਡਿਆਲਾ ਗੁਰੂ ਸ਼ਹਿਰ ਦੇ ਇਕ ਪਿੰਡ 'ਚ 12 ਨਵੰਬਰ 1942 ਨੂੰ ਹੋਇਆ ਸੀ। ਮੈਂ ਪੰਜਾਬੀ ਪਰਵਾਰ ਨਾਲ ਸਬੰਧ ਰੱਖਦਾ ਹਾਂ। ਇਸੇ ਕਾਰਨ ਮੈਂ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਤਿੰਨੇ ਭਾਸ਼ਾਵਾਂ ਬੋਲ ਲੈਂਦਾ ਹਾਂ। ਮੈਂ ਬਚਪਨ 'ਚ ਕਦੇ ਸੋਚਿਆ ਵੀ ਨਹੀਂ ਸੀ ਕਿ ਫ਼ਿਲਮਾਂ 'ਚ ਕੰਮ ਕਰਾਂਗਾ। ਜਦੋਂ ਮੈਂ ਛੋਟਾ ਸੀ ਤਾਂ ਰੋਜ਼ਾਨਾ 6 ਘੰਟੇ ਫੁਟਬਾਲ ਖੇਡਦਾ ਸੀ। ਮੈਂ ਗੋਲਕੀਪਰ ਬਣਦਾ ਸੀ ਅਤੇ ਸਾਰੇ ਮੈਨੂੰ 'ਗੋਲੀ' ਕਹਿ ਕੇ ਬੁਲਾਉਂਦੇ ਸਨ। ਉਦੋਂ ਤੋਂ ਹੀ ਮੇਰੇ ਨਾਲ ਇਹ ਨਾਂ ਜੁੜ ਗਿਆ। ਮੈਂ ਭਾਰਤੀ ਹਵਾਈ ਫ਼ੌਜ ਲਈ ਚੁਣ ਲਿਆ ਗਿਆ ਸੀ ਪਰ ਮੈਨੂੰ ਪਾਈਲਟ ਦੀ ਸਿਖਲਾਈ ਦੌਰਾਨ ਇਸ ਨੂੰ ਵਿਚਾਲੇ ਹੀ ਛੱਡਣਾ ਪਿਆ। ਬਚਪਨ 'ਚ ਪਰਵਾਰ ਨੇ ਮੇਰਾ ਨਾਂ ਗੋਪਾਲ ਬੇਦੀ ਰੱਖਿਆ ਸੀ। ਫ਼ਿਲਮਾਂ 'ਚ ਆਉਣ ਮਗਰੋਂ ਮੈਨੂੰ ਰੰਜੀਤ ਵਜੋਂ ਪਛਾਣ ਮਿਲੀ।

ਸਵਾਲ : ਤੁਸੀ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਇਕ ਚੰਗੇ ਕਿਰਦਾਰ ਵਾਲੇ ਕਲਾਕਾਰ ਵਜੋਂ ਕੀਤੀ ਸੀ। ਫਿਰ ਵਿਲੇਨ ਦਾ ਕਿਰਦਾਰ ਕਿਵੇਂ ਚੁਣਿਆ?
ਜਵਾਬ : ਇਕ ਕਲਾਕਾਰ ਵਜੋਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀ ਫ਼ਿਲਮ 'ਚ ਕੰਮ ਕਰੀਏ ਉਹ ਦਰਸ਼ਕਾਂ ਨੂੰ ਪਸੰਦ ਆਵੇ। ਜੇ ਚੰਗਾ ਕੰਮ ਕਰਾਂਗੇ ਤਾਂ ਲੋਕ ਵੀ ਯਾਦ ਰੱਖਦੇ ਹਨ। ਮੈਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 'ਸਾਵਨ ਭਾਦੋਂ' ਤੋਂ ਕੀਤੀ ਸੀ। ਪਹਿਲੀਆਂ ਦੋ ਫ਼ਿਲਮਾਂ 'ਰੇਸ਼ਮਾ ਅਤੇ ਸ਼ੇਰਾ' ਤੇ 'ਸਾਵਨ ਭਾਦੋ' ਵਿਚ ਮੇਰੇ ਦੋਵੇਂ ਰੋਲ ਫ਼ਿਲਮ ਦੀ ਮੁੱਖ ਅਦਾਕਾਰਾ ਵਹੀਦਾ ਰਹਿਮਾਨ ਅਤੇ ਰੇਖਾ ਦੇ ਭਰਾ ਦਾ ਸੀ। ਇਸ ਫ਼ਿਲਮ ਮਗਰੋਂ ਸੁਨੀਲ ਦੱਤ ਨੇ ਮੈਨੂੰ ਨਵਾਂ ਨਾਂ 'ਰੰਜੀਤ' ਦਿੱਤਾ। ਇਸ ਤੋਂ ਬਾਅਦ ਮੈਂ 1971 'ਚ ਫ਼ਿਲਮ 'ਸ਼ਰਮੀਲੀ' ਵਿਚ ਕੰਮ ਕੀਤਾ, ਜਿਸ 'ਚ ਮੈਂ ਖ਼ਲਨਾਇਕ ਦਾ ਰੋਲ ਨਿਭਾਇਆ। 

ਸਵਾਲ : 'ਸ਼ਰਮੀਲੀ' ਫ਼ਿਲਮ ਮਗਰੋਂ ਤੁਹਾਡਾ ਪਰਵਾਰ ਕਿਉਂ ਨਾਰਾਜ਼ ਸੀ?
ਜਵਾਬ : ਮੇਰਾ ਪਰਵਾਰ ਬੇਹੱਦ ਰੂੜ੍ਹੀਵਾਦੀ ਹੈ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਫ਼ਿਲਮ 'ਸ਼ਰਮੀਲੀ' ਵਿਚ ਮੈਂ ਅਦਾਕਾਰਾ ਨਾਲ ਬਲਾਤਕਾਰ ਦਾ ਸੀਨ ਕੀਤਾ ਹੈ ਤਾਂ ਉਨ੍ਹਾਂ ਨੇ ਨਾਰਾਜ਼ ਹੋ ਕੇ ਮੈਨੂੰ ਘਰੋਂ ਕੱਢ ਦਿੱਤਾ। ਕੁਝ ਸਮੇਂ ਤੱਕ ਮੈਨੂੰ ਫ਼ਿਲਮਾਂ 'ਚ ਕੰਮ ਕਰਨਾ ਬੰਦ ਕਰਨਾ ਪਿਆ ਅਤੇ ਆਪਣੇ ਪਰਵਾਰ ਨੂੰ ਸਮਝਾਉਣਾ ਪਿਆ ਕਿ ਉਹ ਸਿਰਫ਼ ਅਦਾਕਾਰੀ ਸੀ। ਮੇਰੀ ਕਿਸਮਤ 'ਚ ਅਦਾਕਾਰ ਬਣਨਾ ਲਿਖਿਆ ਹੋਇਆ ਸੀ। ਮੈਂ ਅੱਜ ਤਕ ਸਿਰਫ਼ 15 ਫ਼ਿਲਮਾਂ ਹੀ ਵੇਖੀਆਂ ਹਨ ਅਤੇ ਪਹਿਲੀ ਫ਼ਿਲਮ 'ਗਾਈਡ' ਵੇਖੀ ਸੀ। ਮੈਂ ਆਪਣੀਆਂ ਫ਼ਿਲਮਾਂ ਵੀ ਨਹੀਂ ਵੇਖਦਾ। ਹੌਲੀ-ਹੌਲੀ ਮੇਰਾ ਪਰਵਾਰ ਸਮਝ ਗਿਆ ਕਿ ਮੈਂ ਸਿਰਫ਼ ਬਲਾਤਕਾਰ ਦਾ ਨਾਟਕ ਕਰਦਾ ਹਾਂ। ਜਦੋਂ ਲੋਕ ਮੇਰੇ ਤੋਂ ਆਟੋਗ੍ਰਾਫ਼ ਲੈਂਦੇ ਸਨ ਤਾਂ ਪਰਵਾਰ ਇਹ ਵੇਖ ਕੇ ਖ਼ੁਸ਼ ਹੁੰਦਾ ਸੀ। ਫ਼ਿਲਮ ਰੀਲੀਜ਼ ਹੋਣ ਤੋਂ ਪਹਿਲਾਂ ਜਿਹੜੇ ਪ੍ਰੀਮਿਅਰ ਹੁੰਦੇ ਸਨ ਤਾਂ ਕਾਫ਼ੀ ਵੱਡੇ ਪੱਧਰ 'ਤੇ ਹੁੰਦਾ ਸੀ। ਫ਼ਿਲਮ 'ਚ ਜਿਹੜੇ ਕਲਾਕਾਰ ਕੰਮ ਵੀ ਨਹੀਂ ਕਰਦੇ ਸਨ, ਉਨ੍ਹਾਂ ਨੂੰ ਵੀ ਪ੍ਰੀਮਿਅਰ 'ਤੇ ਬੁਲਾਇਆ ਜਾਂਦਾ ਸੀ। ਹਰੇਕ ਅਦਾਕਾਰ ਆਪਣੀ ਜੋੜੀਦਾਰ ਅਦਾਕਾਰਾ ਨੂੰ ਨਾਲ ਲੈ ਕੇ ਆਉਂਦਾ ਸੀ।

ਮੈਂ ਤੁਹਾਨੂੰ ਇਕ ਕਿੱਸਾ ਦੱਸਣਾ ਚਾਹੁੰਦਾ ਹਾਂ ਕਿ 'ਸ਼ਰਮੀਲੀ' ਫ਼ਿਲਮ ਦੇ ਪ੍ਰੀਮਿਅਰ ਮੌਕੇ ਮੈਨੂੰ ਆਪਣੀ ਪਰਵਾਰ ਨੂੰ ਫ਼ਿਲਮ ਵਿਖਾਉਣ ਲਈ 8-10 ਪਾਸ ਮਿਲੇ। ਮੈਂ ਆਪਣੇ ਪਰਵਾਰ ਅਤੇ ਰਿਸ਼ਤੇਦਾਰਾਂ ਨੂੰ ਲੈ ਕੇ ਫ਼ਿਲਮ ਵੇਖਣ ਚਲਾ ਗਿਆ। ਜਦੋਂ ਫ਼ਿਲਮ ਦਾ ਇੰਟਰਵਲ ਹੋਇਆ ਤਾਂ ਮੈਨੂੰ ਉਥੇ ਸਟੇਜ਼ 'ਤੇ ਬੁਲਾਇਆ ਸੀ। ਕੁਝ ਸਮੇਂ ਬਾਅਦ ਜਦੋਂ ਮੈਂ ਵਾਪਸ ਸੀਟ 'ਤੇ ਆਇਆ ਤਾਂ ਵੇਖਿਆ ਕਿ ਉੱਥੇ ਕੋਈ ਨਹੀਂ ਸੀ। ਰਾਤ ਨੂੰ ਫ਼ਿਲਮ ਦੀ ਪਾਰਟੀ ਤੋਂ ਬਾਅਦ ਜਦੋਂ ਮੈਂ ਘਰ ਗਿਆ ਤਾਂ ਵੇਖਿਆ ਕਿ ਸਾਰੇ ਨਾਰਾਜ਼ ਬੈਠੇ ਸਨ। ਇੰਜ ਲੱਗ ਰਿਹਾ ਸੀ ਜਿਵੇਂ ਮੈਨੂੰ ਗੋਲੀ ਮਾਰ ਦੇਣਗੇ। ਮੇਰੀ ਮਾਂ ਨੇ ਮੈਨੂੰ ਲਾਹਣਤਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਘਰੋਂ ਚਲਾ ਗਿਆ ਅਤੇ ਰਾਖੀ ਨੂੰ ਉਸ ਦੇ ਘਰੋਂ ਬੁਲਾ ਕੇ ਲਿਆਇਆ। ਜਦੋਂ ਮੈਂ ਰਾਖੀ ਨੂੰ ਲੈ ਕੇ ਆਪਣੇ ਘਰ ਆਇਆ ਤਾਂ ਮੇਰੀ ਮਾਂ ਨੇ ਰਾਖੀ ਕੋਲੋਂ ਬਲਾਤਕਾਰ ਵਾਲੇ ਸੀਨ ਲਈ ਮਾਫ਼ੀ ਮੰਗਣੀ ਸ਼ੁਰੂ ਕਰ ਦਿੱਤੀ। ਰਾਖੀ ਨੇ ਮੇਰੀ ਮਾਂ ਅਤੇ ਪਰਵਾਰ ਨੂੰ ਸਮਝਾਇਆ, ਜਿਸ ਮਗਰੋਂ ਸਾਰਾ ਮਾਮਲਾ ਸੁਲਝ ਗਿਆ।

ਇਸ ਤੋਂ ਬਾਅਦ ਮੈਨੂੰ ਲਗਾਤਾਰ ਵਿਲੇਨ ਵਾਲੀਆਂ ਫ਼ਿਲਮਾਂ ਮਿਲਣੀਆਂ ਸ਼ੁਰੂ ਹੋ ਗਈਆਂ। ਵਿਲੇਨ ਨੂੰ ਅੰਤ 'ਚ ਮਰਨਾ ਪੈਂਦਾ ਸੀ। ਇਕ ਵਾਰ ਮੇਰੇ ਮਾਪੇ ਅਤੇ ਹੋਰ ਪਰਵਾਰ ਫ਼ਿਲਮ ਵੇਖਣ ਲਈ ਅੰਮ੍ਰਿਤਸਰ ਦੇ ਥੀਏਟਰ 'ਚ ਗਏ। ਫ਼ਿਲਮ ਦੇ ਅੰਤ 'ਚ ਮੇਰੇ ਮਰਨ ਦਾ ਦ੍ਰਿਸ਼ ਸੀ, ਜਿਸ ਨੂੰ ਵੇਖ ਮੇਰੀ ਮਾਂ ਰੋਣ ਲੱਗੀ। ਸਾਰੇ ਲੋਕ ਪ੍ਰੇਸ਼ਾਨ ਹੋ ਗਏ ਕਿ ਕੀ ਹੋਇਆ। ਇਸ ਮਗਰੋਂ ਉਨ੍ਹਾਂ ਨੂੰ ਸਮਝਾਇਆ ਕਿ ਉਹ ਸਿਰਫ਼ ਫ਼ਿਲਮ 'ਚ ਮਰਿਆ ਹੈ। 

ਸਵਾਲ : ਪੁਰਾਣੇ ਸਮੇਂ 'ਚ ਜੇ ਕੋਈ ਅਦਾਕਾਰ ਦੇਵੀ-ਦੇਵਤਾ ਦਾ ਰੋਲ ਨਿਭਾਉਂਦਾ ਸੀ ਤਾਂ ਲੋਕ ਉਸ ਨੂੰ ਪੂਜਣ ਲੱਗਦੇ ਸਨ। ਤੁਹਾਨੂੰ ਵਿਲੇਨ ਵਜੋਂ ਮਿਲੀ ਪਛਾਣ ਦਾ ਕੀ ਤੁਹਾਡੀ ਨਿੱਜੀ ਜ਼ਿੰਦਗੀ 'ਤੇ ਅਸਰ ਪਿਆ?
ਜਵਾਬ :
ਵਿਲੇਨ ਦੇ ਕਿਰਦਾਰ ਕਾਰਨ ਸ਼ੁਰੂ-ਸ਼ੁਰੂ 'ਚ ਲੋਕਾਂ ਦਾ ਮੇਰੇ ਬਾਰੇ ਨਜ਼ਰੀਆ ਥੋੜਾ ਜ਼ਰੂਰ ਬਦਲਿਆ ਸੀ। ਜਿਵੇਂ ਫ਼ਿਲਮਾਂ 'ਚ ਵਿਖਾਇਆ ਜਾਂਦਾ ਸੀ ਕਿ ਵਿਲੇਨ ਬੱਚਿਆਂ ਨੂੰ ਕੁੱਟ ਰਿਹਾ ਹੈ, ਉਨ੍ਹਾਂ 'ਤੇ ਤਸ਼ੱਦਦ ਢਾਹ ਰਿਹਾ ਹੈ, ਸਿਗਰਟ ਨਾਲ ਸਾੜ ਰਿਹਾ ਹੈ, ਔਰਤ ਨਾਲ ਮਾਰਕੁੱਟ ਕਰ ਰਿਹਾ ਹੈ। ਜਦੋਂ ਮੈਂ ਕਿਸੇ ਪਾਰਟੀ 'ਚ ਜਾਂਦਾ ਸੀ ਤਾਂ ਲੋਕ, ਖਾਸ ਕਰ ਔਰਤਾਂ-ਲੜਕੀਆਂ ਮੇਰੇ ਨਾਲ ਗੱਲਬਾਤ 'ਚ ਥੋੜਾ ਡਰਦੇ ਸਨ। ਅਜਿਹਾ ਹੀ ਇਕ ਕਿੱਸਾ ਹੈ। ਮੇਰੇ ਪਰਵਾਰ ਨੇ ਮੇਰੇ ਵਿਆਹ ਲਈ ਚੰਡੀਗੜ੍ਹ ਦੀ ਕੁੜੀ ਵੇਖੀ ਸੀ। ਮੈਂ ਉਨ੍ਹਾਂ ਨੂੰ ਨਾਹ ਨਹੀਂ ਕਰ ਸਕਿਆ ਪਰ ਮੈਂ ਸ਼ਰਤ ਰੱਖ ਦਿੱਤੀ ਕਿ ਵਿਆਹ ਸਾਦੇ ਤਰੀਕੇ ਨਾਲ ਹੋਵੇਗਾ। ਫਿਰ ਸਾਡੇ ਪਰਵਾਰ ਦੇ ਕੁਝ ਮੈਂਬਰ ਅਤੇ ਲੜਕੀ ਦੇ ਪਰਵਾਰ ਵੱਲੋਂ 5-6 ਲੋਕ ਇਕ ਫ਼ਾਰਮ ਹਾਊਸ 'ਚ ਇਕੱਠੇ ਹੋਏ ਅਤੇ ਸਾਡਾ ਵਿਆਹ ਹੋ ਗਿਆ। ਇਸ ਮਗਰੋਂ ਮੇਰੀ ਪਤਨੀ ਦੇ ਮਾਪਿਆਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਵਿਆਹ ਬਾਰੇ ਦੱਸਿਆ। ਉਨ੍ਹਾਂ ਨੇ ਇਕ ਰਿਸ਼ਤੇਦਾਰ ਨੂੰ ਫ਼ੋਨ ਕਰ ਕੇ ਦੱਸਿਆ ਕਿ ਆਪਣੀ ਕੁੜੀ ਦਾ ਵਿਆਹ ਕਰ ਦਿੱਤਾ ਹੈ। ਜਦੋਂ ਰਿਸ਼ਤੇਦਾਰ ਨੂੰ ਮੇਰਾ ਨਾਂ ਦੱਸਿਆ ਤਾਂ ਉਨ੍ਹਾਂ ਦੇ ਹੱਥ 'ਚੋਂ ਫ਼ੋਨ ਡਿੱਗ ਪਿਆ। ਉਨ੍ਹਾਂ ਨੇ ਨਾਰਾਜ਼ ਹੁੰਦਿਆਂ ਕਿਹਾ ਕਿ ਇਸ ਤੋਂ ਵਧੀਆ ਹੁੰਦਾ ਕਿ ਕੁੜੀ ਨੂੰ ਨਹਿਰ 'ਚ ਸੁੱਟ ਦਿੰਦੇ, ਰੰਜੀਤ ਨਾਲ ਵਿਆਹ ਕਿਉਂ ਕਰਵਾਇਆ।

ਸਵਾਲ : ਕੀ ਤੁਹਾਨੂੰ ਕਦੇ ਅਜਿਹਾ ਨਹੀਂ ਲੱਗਿਆ ਕੀ ਵਿਲੇਨ ਦਾ ਕਿਰਦਾਰ ਛੱਡ ਕੇ ਚੰਗੇ ਅਦਾਕਾਰ ਦਾ ਰੋਲ ਕਰਾਂ?
ਜਵਾਬ : ਮੇਰੇ ਕੋਲ ਜਿਹੜਾ ਵੀ ਕੰਮ ਆਇਆ, ਮੈਂ ਕਰਦਾ ਰਿਹਾ। ਮੈਂ ਕਦੇ ਫ਼ਿਲਮਾਂ ਚੁਣਨ ਵਾਲਾ ਕੰਮ ਨਹੀਂ ਕੀਤਾ ਕਿ ਇਹ ਫ਼ਿਲਮ ਕਰਾਂ ਜਾਂ ਇਹ ਨਾ ਕਰਾਂ। ਮੈਂ ਨਾ ਕਦੇ ਥੀਏਟਰ ਨਾਟਕ ਵੇਖੇ ਅਤੇ ਨਾ ਹੀ ਫ਼ਿਲਮਾਂ ਵੇਖੀਆਂ, ਫਿਰ ਵੀ ਅਦਾਕਾਰ ਬਣ ਗਿਆ। ਮੈਂ ਆਪਣੀ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ 'ਤੇ ਜੀਵਿਆ ਹੈ। ਮੇਰਾ ਕੋਈ ਰਖਵਾਲਾ ਨਹੀਂ ਸੀ। ਇਕ ਬੁਰੇ ਵਿਅਕਤੀ ਦੇ ਅਕਸ ਦੇ ਬਾਵਜੂਦ ਮੈਂ ਕਦੇ ਕਿਸੇ ਵਿਵਾਦ 'ਚ ਨਹੀਂ ਘਿਰਿਆ। ਮੈਂ ਕਹਿ ਸਕਦਾ ਹਾਂ ਕਿ ਮੈਂ ਆਪਣੀ ਜ਼ਿੰਦਗੀ ਬੇਹੱਦ ਚੰਗੀ ਤਰ੍ਹਾਂ ਬਿਤਾਈ ਹੈ। ਲੋਕ ਪਹਿਲਾਂ ਥੀਏਟਰ ਕਰਦੇ ਹਨ, ਫਿਰ ਟੀਵੀ ਅਤੇ ਫਿਰ ਫ਼ਿਲਮਾਂ। ਮੇਰੇ ਨਾਲ ਉਲਟਾ ਹੋਇਆ ਹੈ। ਪਹਿਲਾਂ ਮੈਂ ਫ਼ਿਲਮਾਂ 'ਚ ਆਇਆ। ਫਿਰ ਟੀਵੀ 'ਚ ਕੰਮ ਕੀਤਾ ਅਤੇ ਉਸ ਤੋਂ ਬਾਅਦ ਥੀਏਟਰ ਨਾਟਰ 'ਚ ਵੀ ਕੰਮ ਕੀਤਾ।

ਸਵਾਲ : ਵਿਲੇਨ ਤੋਂ ਬਾਅਦ ਹੁਣ ਤੁਸੀ ਕਾਮੇਡੀ ਫ਼ਿਲਮਾਂ 'ਚ ਕੰਮ ਕਰ ਰਹੇ ਹੋ, ਇਹ ਬਦਲਾਅ ਕਿਵੇਂ ਆਇਆ?
ਜਵਾਬ : ਨਹੀਂ ਮੈਂ ਵਿਲੇਨ ਦਾ ਰੋਲ ਕਰਨਾ ਨਹੀਂ ਛੱਡਿਆ ਹੈ। ਕਿਰਦਾਰ ਦੇ ਮੁਤਾਬਕ ਮੈਂ ਕਾਮੇਡੀ ਫ਼ਿਲਮਾਂ ਕਰ ਰਿਹਾ ਹਾਂ। ਕਾਮੇਡੀਅਨ ਦਾ ਰੋਲ ਵਿਲੇਨ ਦੇ ਰੋਲ ਨਾਲੋਂ ਜ਼ਿਆਦਾ ਮੁਸ਼ਕਲ ਭਰਿਆ ਹੈ, ਕਿਉਂਕਿ ਮੈਂ ਅਸਲ 'ਚ ਕਾਮੇਡੀਅਨ ਨਹੀਂ ਹਾਂ। 

ਸਵਾਲ : ਵਿਲੇਨ ਦੇ ਕਿਰਦਾਰ ਨੂੰ ਤੁਸੀ ਇੰਨੀ ਸ਼ਿੱਦਤ ਨਾਲ ਕਿਵੇਂ ਨਿਭਾ ਲੈਂਦੇ ਹੋ? ਜਿਵੇਂ ਤੁਹਾਡੀ ਫ਼ਿਲਮ ਦਾ ਡਾਇਲਾਗ ਸੀ 'ਬੁਲਾ ਲੇ ਅਪਨੇ ਭਗਵਾਨ ਕੋ' ਵਿਚ ਇੰਨੀ ਗੰਭੀਰਤਾ ਕਿਵੇਂ ਲਿਆਉਂਦੇ ਸੀ?
ਜਵਾਬ : ਪੁਰਾਣੇ ਸਮੇਂ ਫ਼ਿਲਮਾਂ ਦੇ ਜ਼ਿਆਦਾਤਰ ਡਾਇਲਾਗ ਅਸੀ ਆਪਣੇ ਆਪ ਤਿਆਰ ਕਰਦੇ ਸੀ। ਵਿਲੇਨ ਦੇ ਡਾਇਲਾਗ ਘੱਟ ਹੀ ਹੁੰਦੇ ਸਨ। ਜਿਵੇਂ ਫ਼ਿਲਮ 'ਚ ਕੁੜੀ ਆਉਂਦੇ ਹੀ ਪਹਿਲਾਂ ਕਹਿੰਦੀ ਸੀ, "ਕੁੱਤੇ ਕਮੀਨੇ ਖ਼ਬਰਦਾਰ ਜੇ ਮੈਨੂੰ ਹੱਥ ਲਗਾਇਆ। ਘਰ 'ਚ ਮਾਂ-ਭੈਣ ਹੈ ਜਾਂ ਨਹੀਂ।" ਮੈਂ ਆਪਣੇ ਆਪ ਹੀ ਕਿਹਾ, "ਮਾਂ-ਭੈਣ ਤਾਂ ਹੈ, ਪਰ ਤੂੰ ਨਹੀਂ ਹੈ, ਚਲ ਨਾ ਯਾਰ।" ਫਿਰ ਇਹ ਡਾਇਲਾਗ ਕਾਫ਼ੀ ਹਿੱਟ ਹੋ ਗਿਆ। ਫਿਰ ਜਦੋਂ ਅਦਾਕਾਰਾ ਮੇਰਾ ਹੱਥ ਆਪਣੇ ਹੱਥ 'ਚੋਂ ਛੁਡਾਉਣ ਲਗੀ ਦੰਦੀ ਵੱਢਦੀ ਸੀ ਤਾਂ ਮੈਂ ਕਿਹਾ, "ਕਾਟੋ ਜਾਨੇਮਨ, ਜਿਤਨਾ ਕਾਟੋਗੇ ਤੁਮ ਮੇਰੇ ਕਰੀਬ ਆਓਗੀ, ਕਿਉਂਕਿ ਦੂਰ ਸੇ ਤੋ ਕਾਟਾ ਨਹੀਂ ਜਾਤਾ।" ਮੈਂ ਜਿਹੜਾ ਬਲਾਤਕਾਰ ਦਾ ਸੀਨ ਕਰਦਾ ਸੀ ਉਹ ਵੇਖਣ ਨੂੰ ਬਹੁਤ ਜ਼ਿਆਦਾ ਹਿੰਸਕ ਲੱਗਦਾ ਸੀ। ਮੈਂ ਹੋਲੀ ਜਿਹੇ ਅਦਾਕਾਰਾ ਨੂੰ ਮਾਰਦਾ-ਕੁੱਟਦਾ ਸੀ। ਅਦਾਕਾਰਾ ਤੇਜ਼ ਰੌਲਾ ਪਾਉਂਦੀ ਸੀ। ਸਾਰੀਆਂ ਅਦਾਕਾਰਾਵਾਂ ਮੇਰੇ ਨਾਲ ਕੰਮ ਕਰਨ 'ਚ ਵਧੀਆ ਮਹਿਸੂਸ ਕਰਦੀਆਂ ਸਨ। ਕਈ ਫ਼ਿਲਮਾਂ 'ਚ ਮੇਰਾ ਸਿਰਫ਼ ਗੈਸਟ ਰੋਲ ਹੁੰਦਾ ਸੀ ਉਹ ਵੀ ਬਲਾਤਕਾਰ ਕਰਨ ਦਾ ਦ੍ਰਿਸ਼ ਹੁੰਦਾ ਸੀ। 

ਸਵਾਲ : ਕੀ ਤੁਸੀ ਕਦੇ ਅਸਲ ਜ਼ਿੰਦਗੀ 'ਚ ਕਦੇ ਲੜਕੀਆਂ ਨੂੰ ਛੇੜਿਆ?
ਜਵਾਬ : ਮੇਰੀ ਅਸਲ ਜ਼ਿੰਦਗੀ, ਫ਼ਿਲਮੀ ਜ਼ਿੰਦਗੀ ਨਾਲੋਂ ਬਿਲਕੁਲ ਉਲਟ ਹੈ। ਮੈਂ ਅੱਜ ਵੀ ਸ਼ਰਮਾਕਲ ਵਿਅਕਤੀ ਹਾਂ। ਮੈਂ ਸ਼ਾਕਾਹਾਰੀ ਹਾਂ ਅਤੇ ਬਹੁਤ ਘੱਟ ਸ਼ਰਾਬ ਪੀਂਦਾ ਹਾਂ। ਮੈਂ ਔਰਤਾਂ ਦੀ ਬਹੁਤ ਇੱਜਤ ਕਰਦਾ ਹਾਂ। ਅੱਜਕਲ ਜਿਵੇਂ ਫ਼ਿਲਮਾਂ 'ਚ ਗਾਲਾਂ ਜਾਂ ਗੰਦੇ ਸ਼ਬਦਾਂ ਦੀ ਵਰਤੋਂ ਹੁੰਦੀ ਹੈ, ਮੈਨੂੰ ਕਾਫ਼ੀ ਬੁਰਾ ਲੱਗਦਾ ਹੈ। ਮੇਰੀਆਂ ਫ਼ਿਲਮਾਂ 'ਚ ਅਜਿਹਾ ਨਹੀਂ ਸੀ ਕਿ ਮੈਂ ਗੰਦੀ ਭਾਸ਼ਾ ਦੀ ਵਰਤੋਂ ਕਰਦਾ ਸੀ।

ਸਵਾਲ : ਹਨੀ ਸਿੰਘ ਦੇ ਗੀਤ 'ਵੁਮੈਨਾਈਜ਼ਰ' ਬਾਰੇ ਕੀ ਕਹੋਗੇ? 
ਜਵਾਬ : ਹੁਣ ਸਾਰੇ ਨਵੇਂ ਕਲਾਕਾਰ ਮਾਰਕੀਟ 'ਚ ਆ ਰਹੇ ਆ ਰਹੇ ਹਨ। ਕਿਸੇ ਦਾ ਕੋਈ ਸੁਰ ਨਹੀਂ, ਕੋਈ ਤਾਲ ਨਹੀਂ। ਬਸ ਸਾਜ਼ਾਂ ਦੇ ਸਿਰ 'ਤੇ ਬੇਸੁਰੀ ਆਵਾਜ਼ ਨੂੰ ਚੰਗੀ ਬਣਾਇਆ ਜਾ ਰਿਹਾ ਹੈ। ਗੀਤਾਂ ਵਿਚ ਬਹੁਤ ਸਾਰੀ ਭੱਦੀ ਸ਼ਬਦਾਵਲੀ ਬੋਲ ਕੇ ਜਿੱਥੇ ਪੰਜਾਬੀ ਦਾ ਘਾਣ ਕੀਤਾ ਜਾ ਰਿਹਾ ਉੱਥੇ ਨੌਜਵਾਨ ਪੀੜ੍ਹੀ ਨੂੰ ਗਲਤ ਰਾਹ 'ਤੇ ਪਾਇਆ ਜਾ ਰਿਹਾ ਹੈ। ਜਦੋਂ ਵੀ ਕੋਈ ਨਵਾਂ ਅਸ਼ਲੀਲ ਗੀਤ ਰਿਲੀਜ਼ ਹੁੰਦਾ ਤਾਂ ਕਹਿਣਗੇ ਸਰੋਤਿਆਂ ਨੂੰ ਬੜਾ ਪਸੰਦ ਆਇਆ, ਪਰ ਉਹ ਇਹ ਗਲ ਨਹੀਂ ਸੋਚਦੇ ਕੇ ਉਨ੍ਹਾਂ ਦਾ ਆਪਣਾ ਮਾਂ-ਬਾਪ, ਭਰਾ-ਭੈਣ ਵੀ ਸ਼ਾਮਲ ਹਨ। ਕੀ ਉਹ ਗੰਦਾ ਗੀਤ ਆਪਣੇ ਪਰਵਾਰ ਨੂੰ ਸੁਣਾਉਂਦੇ-ਵਿਖਾਉਂਦੇ ਹੋਣਗੇ। ਪੁਰਾਣੀਆਂ ਫ਼ਿਲਮਾਂ 'ਚ ਅੱਜ ਵਾਂਗ ਇੰਨੀ ਅਸ਼ਲੀਲਤਾ ਨਹੀਂ ਹੁੰਦੀ ਸੀ। ਫ਼ਿਲਮ ਦੇ ਅੰਤ 'ਤੇ ਸਮਾਜ ਲਈ ਸੰਦੇਸ਼ ਹੁੰਦਾ ਸੀ।

ਸਵਾਲ : ਪੁਰਾਣੀਆਂ ਅਤੇ ਨਵੀਂ ਫ਼ਿਲਮਾਂ 'ਚ ਕਾਸਟਿੰਗ ਕਾਊਚ, ਨਸ਼ਾ ਆਦਿ ਦਾ ਕਿੰਨਾ ਕੁ ਅਸਰ ਹੈ?
ਜਵਾਬ : ਕਾਸਟਿੰਗ ਕਾਊਚ ਬਾਰੇ ਤਾਂ ਮੈਨੂੰ ਪਤਾ ਨਹੀਂ, ਪਰ ਅਫ਼ੇਅਰਜ਼ ਹੁੰਦੇ ਸਨ। ਵੱਡੇ-ਵੱਡੇ ਅਦਾਕਾਰ ਅਤੇ ਅਦਾਕਾਰਾਵਾਂ ਦੇ ਇਕ-ਦੂਜੇ ਨਾਲ ਪ੍ਰੇਮ-ਪਸੰਦ ਚੱਲਦੇ ਸਨ। ਉਦੋਂ ਇੰਨਾ ਜ਼ਿਆਦਾ ਖੁੱਲਮ-ਖੁੱਲਾ ਨਹੀਂ ਹੁੰਦਾ ਸੀ। ਅੱਜ ਤਾਂ ਹਰੇਕ ਅਦਾਕਾਰ ਦੀ ਹਰ ਗਤੀਵਿਧੀ ਕੈਮਰੇ 'ਚ ਕੈਦ ਹੋ ਜਾਂਦੀ ਹੈ। ਉਦੋਂ ਲੋਕ ਸ਼ਰਮਾਉਂਦੇ ਸਨ ਕੀ ਬਾਕੀ ਲੋਕ ਕੀ ਕਹਿਣਗੇ? ਪਰ ਅੱਜਕਲ ਇਸ ਦੇ ਉਲਟ ਸਰੇਆਮ ਇਕ-ਦੂਜੇ ਨਾਲ ਪਿਆਰ ਦਾ ਕਬੂਲਨਾਮਾ ਕੀਤਾ ਜਾਂਦਾ ਹੈ। ਕਾਸਟਿੰਗ ਕਾਊਚ ਸਿਰਫ਼ ਬਾਲੀਵੁਡ 'ਚ ਨਹੀਂ ਹੈ। ਇਹ ਸਮਾਜ ਦੇ ਕਈ ਸਾਰੇ ਖੇਤਰਾਂ 'ਚ ਫ਼ੈਲੀ ਹੋਈ ਹੈ। ਅੱਜ ਕੱਲ ਦੀਆਂ ਅਦਾਕਾਰਾਵਾਂ ਨੇ ਇਸ ਦੇ ਵਿਰੁੱਧ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਸੀ। ਜਿਵੇਂ ਪਿਛੇ ਜਿਹੇ ਮੀਟੂ ਮੁਹਿੰਮ ਚਲਾਈ ਗਈ ਸੀ।

ਸਵਾਲ : ਕੀ ਤੁਹਾਡੇ ਬੱਚੇ ਵੀ ਫ਼ਿਲਮੀ ਦੁਨੀਆ 'ਚ ਆਉਣਗੇ?
ਜਵਾਬ : ਮੇਰੇ ਬੇਟੀ ਦਿਵਯਾਂਕਾ ਬੇਦੀ ਨੇ ਡਿਜ਼ਾਈਨਿੰਗ ਦਾ ਕੋਰਸ ਪੂਰਾ ਕੀਤਾ ਹੈ। ਹੁਣ ਉਹ ਯੋਗਾ, ਕਰਾਟੇ ਆਦਿ ਨਾਲ ਜੁੜੀ ਹੈ। ਇਸ ਤੋਂ ਇਲਾਵਾ ਉਹ ਕਪੜੇ ਵੀ ਡਿਜ਼ਾਈਨ ਕਰਦੀ ਹੈ। ਮੇਰਾ ਬੇਟਾ ਚਿਰੰਜੀਵ ਬੇਦੀ ਵੀ ਛੇਤੀ ਹੀ ਫ਼ਿਲਮੀ ਦੁਨੀਆ 'ਚ ਆਵੇਗਾ। ਕੁਝ ਫ਼ਿਲਮ ਡਾਇਰੈਕਟਰਾਂ ਨਾਲ ਗੱਲਬਾਤ ਚੱਲ ਰਹੀ ਹੈ। 

ਸਵਾਲ : ਤੁਹਾਡਾ ਨਾਂ ਗੋਪਾਲ ਬੇਦੀ ਤੋਂ ਰੰਜੀਤ ਕਿਵੇਂ ਪਿਆ?
ਜਵਾਬ : ਬਚਪਨ 'ਚ ਫੁਟਬਾਲ 'ਚ ਗੋਲਚੀ ਬਣਨ ਕਾਰਨ ਮੈਨੂੰ ਗੋਪਾਲ ਨਾ ਕਹਿ ਕੇ ਗੋਲੀ ਕਿਹਾ ਜਾਂਦਾ ਸੀ। ਫ਼ਿਲਮ 'ਰੇਸ਼ਮਾ ਅਤੇ ਸ਼ੇਰਾ' ਆਉਣ ਤੋਂ ਬਾਅਦ ਮੈਨੂੰ ਸੁਨੀਲ ਦੱਤ ਨੇ ਕਾਫ਼ੀ ਪਿਆਰ ਦਿੱਤਾ। ਇਕ ਦਿਨ ਅਸੀ ਦੋਵੇਂ ਇਕੱਠੇ ਕਿਤੇ ਜਾ ਰਹੇ ਸਨ। ਉਨ੍ਹਾਂ ਮੈਨੂੰ ਕਿਹਾ ਕਿ ਇਹ ਫ਼ਿਲਮੀ ਨਾਂ ਨਹੀਂ ਲੱਗਦਾ ਹੈ। ਮੈਂ ਕਿਹਾ ਫਿਰ ਤੁਸੀ ਕੋਈ ਨਾਂ ਰੱਖ ਦਿਓ। ਉਨ੍ਹਾਂ ਮੇਰਾ ਨਾਂ ਰੰਜੀਤ ਰੱਖ ਦਿੱਤਾ ਅਤੇ ਇਹ ਨਾਂ ਮੇਰੇ ਲਈ ਕਾਫ਼ੀ ਕਿਸਮਤ ਵਾਲਾ ਰਿਹਾ।