ਪੰਜਾਬ ਦੇ ਆੜ੍ਹਤੀਏ ਵੀ ਕੇਂਦਰੀ ਖੇਤੀ ਆਰਡੀਨੈਂਸਾਂ ਵਿਰੁਧ ਅੰਦੋਲਨ ਛੇੜਨਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

15 ਜੁਲਾਈ ਨੂੰ ਸੂਬੇ ਭਰ 'ਚ ਕਾਰੋਬਾਰ ਠੱਪ ਕਰ ਕੇ ਰੋਸ ਦਿਵਸ ਮਨਾਉਣਗੇ

Vijay Kalra

ਚੰਡੀਗੜ੍ਹ, 11 ਜੁਲਾਈ (ਗੁਰਉਪਦੇਸ਼ ਭੁੱਲਰ): ਵੱਖ-ਵੱਖ ਕਿਸਾਨ ਜਥੇਬੰਦੀਆਂ ਤੇ ਸਿਆਸੀ ਦਲਾਂ ਤੋਂ ਬਾਅਦ ਹੁਣ ਪੰਜਾਬ ਦੇ ਆੜ੍ਹਤੀ ਵਰਗ ਨੇ ਵੀ ਮੋਦੀ ਸਰਕਾਰ ਵਲੋਂ ਮੰਡੀ ਸਿਸਟਮ ਤੇ ਖੇਤੀ ਨਾਲ ਜੁੜੇ 3 ਕੇਂਦਰੀ ਆਰਡੀਨੈਂਸਾਂ ਵਿਰੁਧ ਅੰਦੋਲਨ ਛੇੜਨ ਦਾ ਐਲਾਨ ਕਰ ਦਿਤਾ ਹੈ। ਫ਼ੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੀ ਇਕ ਮੀਟਿੰਗ ਤੋਂ ਬਾਅਦ ਐਸੋਸੀਏਸ਼ਨ ਦੇ ਪ੍ਰਧਾਨ ਤੇ ਪੰਜਾਬ ਮੰਡੀ ਬੋਰਡ ਦੇ ਉਪ ਚੇਅਰਮੈਨ ਵਿਜੈ ਕਾਲੜਾ ਨੇ ਇਸ ਬਾਰੇ ਐਲਾਨ ਕਰਦਿਆਂ ਕਿਹਾ ਕਿ ਅੰਦੋਲਨ ਦੀ ਸ਼ੁਰੂਆਤ 15 ਜੁਲਾਈ ਨੂੰ ਸੂਬੇ ਭਰ ਵਿਚ ਰੋਸ ਦਿਵਸ ਮਨਾ ਕੇ ਕੀਤੀ ਜਾਵੇਗੀ। ਇਸ ਦਿਨ ਆੜ੍ਹਤੀ ਪੂਰਾ ਦਿਨ ਅਪਣਾ ਕਾਰੋਬਾਰ ਬੰਦ ਰੱਖਣਗੇ ਅਤੇ ਰੋਸ ਮੀਟਿੰਗਾਂ ਕਰ ਕੇ ਕੇਂਦਰ ਸਰਕਾਰ ਨੂੰ ਆਰਡੀਨੈਂਸਾਂ ਦੇ ਵਿਰੋਧ ਵਿਚ ਮੰਗ ਪੱਤਰ ਭੇਜਣਗੇ। ਉਨ੍ਹਾਂ ਦਸਿਆ ਕਿ ਇਸ ਤੋਂ ਬਾਅਦ 20 ਜੁਲਾਈ ਨੂੰ ਕਿਸਾਨ ਯੂਨੀਅਨਾਂ ਦੇ ਸੂਬੇ ਭਰ ਵਿਚ ਹੋਣ ਵਾਲੇ ਆਰਡੀਨੈਂਸਾਂ ਵਿਰੁਧ ਅੰਦੋਲਨ ਵਿਚ ਵੀ ਆੜ੍ਹਤੀ ਹਿੱਸਾ ਲੈਣਗੇ।

ਜੇ ਕੇਂਦਰ ਨੇ ਆਰਡੀਨੈਂਸ ਵਾਪਸ ਨਾ ਲਏ ਤਾਂ ਆੜ੍ਹਤੀ ਅਗਲੇ ਹੋਰ ਤਿੱਖੇ ਐਕਸ਼ਨ ਦਾ ਫ਼ੈਸਲਾ ਲੈਣਗੇ। ਉਨ੍ਹਾਂ ਕਿਹਾ ਕਿ ਇਹ ਆਰਡੀਨੈਂਸ ਕਿਸਾਨ ਮਾਰੂ ਹੀ ਨਹੀਂ ਬਲਕਿ ਆੜ੍ਹਤੀ ਵਰਗ ਦਾ ਵੀ ਕਾਰੋਬਾਰ ਪੂਰੀ ਤਰ੍ਹਾਂ ਚੌਪਟ ਕਰਨ ਵਾਲੇ ਹਨ।  ਐਮ.ਐਸ.ਪੀ. ਤੇ ਮੰਡੀ ਸਿਸਟਮ ਖ਼ਤਮ ਹੋਣ ਨਾਲ ਪੰਜਾਬ ਨੂੰ ਵੱਡਾ ਆਰਥਕ ਨੁਕਸਾਨ ਵੀ ਹੋਵੇਗਾ। ਇਸ ਕਰ ਕੇ ਆੜ੍ਹਤੀ ਮੋਦੀ ਸਰਕਾਰ ਦੇ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਕਿਸੇ ਵੀ ਹੱਦ ਤਕ ਜਾਣ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਝੂਠੇ ਵਾਅਦੇ ਕਰ ਕੇ ਮੋਦੀ ਨੇ ਕਿਸਾਨਾਂ ਤੋਂ ਵੋਟਾਂ ਤਾਂ ਲੈ ਲਈਆਂ ਪਰ ਹੁਣ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਖ਼ੁਸ਼ ਕਰਨ ਲਈ ਨੀਤੀਆਂ ਲਾਗੂ ਕਰ ਰਿਹਾ ਹੈ। ਕਾਲੜਾ ਨੇ ਕਿਹਾ ਕਿ ਰਾਮ ਵਿਲਾਸ ਪਾਸਵਾਨ ਨੇ 2006 ਵਿਚ ਬਿਹਾਰ 'ਚ ਖੇਤੀ ਮੰਡੀਆਂ ਦਾ ਖ਼ਾਤਮਾ ਕਰ ਦਿਤਾ ਸੀ ਅਤੇ ਉਸ ਤੋਂ ਬਾਅਦ ਜੋ ਹਾਲ ਉਥੇ ਕਿਸਾਨਾਂ ਦਾ ਹੋਇਆ, ਉਸ ਤੋਂ ਕੇਂਦਰ ਸਰਕਾਰ ਨੂੰ ਸਬਕ ਸਿੱਖਣ ਦੀ ਲੋੜ ਹੈ ਤੇ ਮੰਡੀ ਸਿਸਟਮ ਤੋੜਨ ਵਰਗੇ ਕਦਮ ਨਹੀਂ ਚੁਕਣੇ ਚਾਹੀਦੇ।