ਬੇਕਸੂਰ ਨੌਜੁਆਨਾਂ ਨੂੰ ਇਕ ਵਾਰ ਫਿਰ 'ਖ਼ਾਲਿਸਤਾਨੀ' ਕਹਿ ਕੇ ਯੂ.ਏ.ਪੀ.ਏ. ਕਾਨੂੰਨ ਅਧੀਨ ਜੇਲਾਂ.....

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋੜਵੰਦਾਂ ਲਈ ਲੰਗਰ ਲਾਉਣ ਵਾਲੇ ਸਿੱਖ ਨੌਜਵਾਨ ਨੂੰ ਇਸੇ ਕਾਨੂੰਨ ਤਹਿਤ ਸਲਾਖ਼ਾਂ ਪਿਛੇ ਡਕਿਆ

Sikh

ਚੰਡੀਗੜ੍ਹ, 11 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ): ਇਤਿਹਾਸ ਵਲ ਝਾਤ ਮਾਰੀਏ ਤਾਂ ਸਿੱਖਾਂ ਪ੍ਰਤੀ ਸਰਕਾਰ ਦਾ ਰਵਈਆ ਸਖ਼ਤ ਅਤੇ ਤਸ਼ੱਦਦ ਭਰਿਆ ਹੀ ਦੇਖਣ ਨੂੰ ਮਿਲਿਆ ਹੈ। ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਤਾਂ ਇਹ ਕਹਿ ਕੇ ਸਬਰ ਕਰ ਲਿਆ ਜਾਂਦਾ ਸੀ ਕਿ ਵਿਦੇਸ਼ੀ ਲੋਕ ਸਾਡੇ 'ਤੇ ਰਾਜ ਕਰ ਰਹੇ ਹਨ ਪਰ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਅਪਣਿਆਂ ਨੇ ਜਿਹੜੀ ਟੀਸ ਸਿੱਖ ਕੌਮ ਨੂੰ ਦਿਤੀ, ਉਹ ਕੌਮ ਨੂੰ ਸਦਾ ਲਈ ਨਾਸੂਰ ਬਣ ਕੇ ਚੁਭਦੀ ਰਹੇਗੀ।

ਚਾਹੇ ਉਹ ਸਾਬਕਾ ਡੀ.ਜੀ.ਪੀ. ਰਹਿ ਚੁਕੇ ਸੁਮੇਧ ਸੈਣੀ ਵਲੋਂ ਬਲਵੰਤ ਸਿੰਘ ਮੁਲਤਾਨੀ ਨੂੰ ਲੰਮੇ ਸਮੇਂ ਤਕ ਕੈਦ ਕਰ ਕੇ ਰੱਖਣ ਅਤੇ ਮਾਰਨ ਦਾ ਮਾਮਲਾ ਹੋਵੇ ਜਾਂ ਫਿਰ ਯੂਏਪੀਏ ਤਹਿਤ ਸਿੱਖ ਨੌਜਵਾਨਾਂ ਨੂੰ ਚਾਰਦੀਵਾਰੀ ਵਿਚ ਕੈਦ ਕਰ ਕੇ ਰੱਖਣ ਦੀ ਸਾਜ਼ਸ਼ ਹੋਵੇ, ਹਰ ਵਾਰ ਸਿੱਖਾਂ ਨੂੰ ਜ਼ਰੂਰਤ ਨਾਲੋਂ ਜ਼ਿਆਦਾ ਕੀਮਤਾਂ ਚੁਕਾਉਣੀਆਂ ਪੈਂਦੀਆਂ ਹਨ। ਇਹ ਕਾਨੂੰਨ ਹੈ ਵੀ ਅਜਿਹਾ ਕਿ ਇਸ ਵਿਚ ਜ਼ਮਾਨਤ ਮਿਲਣ ਦੀ ਵੀ ਗੁਜਾਇਸ਼ ਨਹੀਂ ਰਹਿੰਦੀ। ਕਿਸੇ ਵੇਲੇ ਟਾਡਾ ਵਰਗੇ ਕਾਲੇ ਕਾਨੂੰਨ ਸਿੱਖ ਕੌਮ ਲਈ ਬਣੇ ਸਨ ਤੇ ਹੁਣ ਕੌਮ ਨੂੰ ਜ਼ਲੀਲ ਕਰਨ ਲਈ ਨਵਾਂ ਕਾਨੂੰਨ ਘੜ ਲਿਆ ਗਿਆ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਗੁਰੂ ਸਾਹਿਬਾਨ ਵਲੋਂ ਸ਼ੁਰੂ ਕੀਤੀ ਪ੍ਰਥਾ ਲੰਗਰ ਪ੍ਰਥਾ ਨੂੰ ਅੱਗੇ ਤੋਰਨ ਵਾਲਿਆਂ ਨੂੰ ਵੀ ਇਸੇ ਕਾਲੇ ਕਾਨੂੰਨ ਤਹਿਤ ਅੰਦਰ ਡੱਕਿਆ ਜਾ ਰਿਹਾ ਹੈ।

21 ਸਾਲ ਦਾ ਇਕ ਸਿੱਖ ਨੌਜਵਾਨ ਫਿਰ ਪੁਲਿਸ ਦੀ ਪੁਰਾਣੀ ਖੇਡ ਵਿਚ ਫਸਣ ਜਾ ਰਿਹਾ ਹੈ ਤੇ ਸ਼ਾਇਦ ਪੰਜਾਬੀਅਤ ਸੁੱਤੀ ਪਈ ਹੈ ਜਾਂ ਫਿਰ ਉਸ ਨੂੰ ਇਸ ਸਾਜ਼ਸ਼ ਦਾ ਅੰਦਾਜ਼ਾ ਹੀ ਨਹੀਂ। ਸ਼ਾਹੀਨ ਬਾਗ਼ ਦਾ ਉਹ ਧਰਨਾ ਸੱਭ ਨੂੰ ਯਾਦ ਹੋਵੇਗਾ ਜਿਸ ਵਿਚ ਮੁਸਲਮਾਨ ਔਰਤਾਂ ਨੇ ਨਾਗਰਿਕਤਾ ਸੋਧ ਕਾਨੂੰਨ ਵਿਰੁਧ ਕੇਂਦਰ ਸਰਕਾਰ ਵਿਰੁਧ ਮੋਰਚਾ ਖੋਲ੍ਹਿਆ ਹੋਇਆ ਸੀ। ਇਸ ਦੌਰਾਨ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਦੀ ਮਦਦ ਲਈ ਹਰ ਵਾਰ ਦੀ ਤਰ੍ਹਾਂ ਸੇਵਾ ਕਰਨ ਲਈ ਸਿੱਖ ਨੌਜਵਾਨ ਅੱਗੇ ਆਏ। ਇਸ ਦੌਰਾਨ 21 ਸਾਲ ਦਾ ਨੌਜਵਾਨ ਲਵਪ੍ਰੀਤ ਸਿੰਘ ਵੀ ਬਾਕੀ ਸਿੱਖਾਂ ਦੀ ਤਰ੍ਹਾਂ ਲੰਗਰ ਵਿਚ ਅਹਿਮ ਯੋਗਦਾਨ ਪਾ ਰਿਹਾ ਸੀ ਤੇ ਸੇਵਾ ਕਰ ਰਿਹਾ ਸੀ। ਪਰ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਲਵਪ੍ਰੀਤ ਕੋਲੋਂ 2 ਪਿਸਤੌਲ ਬਰਾਮਦ ਹੋਏ ਹਨ, ਉੱਥੇ ਹੀ ਦੂਜੇ ਪਾਸੇ ਲਵਪ੍ਰੀਤ ਸਿੰਘ ਦੇ ਵੱਡੇ ਭਰਾ ਸਤਨਾਮ ਸਿੰਘ ਇਸ ਪੂਰੇ ਮਾਮਲੇ ਦੀ ਜਾਂਚ ਕਰਨ ਦੀ ਮੰਗ ਕਰ ਰਹੇ ਹਨ।

ਦਸਣਯੋਗ ਹੈ ਕਿ ਲਵਪ੍ਰੀਤ ਸਿੰਘ ਪਟਿਆਲਾ ਦੇ ਸਮਾਣਾ ਵਿਖੇ ਇਕ ਸੀਸੀਟੀਵੀ ਕੈਮਰੇ ਵਾਲੀ ਦੁਕਾਨ 'ਤੇ ਕੰਮ ਕਰਨ ਵਾਲਾ ਆਮ ਜਿਹਾ ਮੁੰਡਾ ਹੈ। ਲਵਪ੍ਰੀਤ ਦੇ ਵੱਡੇ ਭਰਾ ਸਤਨਾਮ ਸਿੰਘ ਨੇ ਦਸਿਆ ਕਿ 18 ਜੂਨ ਨੂੰ ਲਵਪ੍ਰੀਤ ਸਿੰਘ ਮੱਝਾਂ ਲਈ ਪੱਠੇ ਲੈਣ ਲਈ ਘਰੋਂ ਗਿਆ ਸੀ ਪਰ ਉਹ ਉਸ ਦਿਨ ਘਰ ਨਾ ਆ ਸਕਿਆ ਅਤੇ ਬਾਅਦ ਵਿਚ ਪਤਾ ਲੱਗਾ ਕਿ ਉਸ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਸਤਨਾਮ ਸਿੰਘ ਦਾ ਕਹਿਣਾ ਹੈ ਕਿ ਉਹ ਗ਼ਰੀਬ ਪ੍ਰਵਾਰ ਨਾਲ ਸਬੰਧ ਰਖਦੇ ਹਨ ਤੇ ਉਹ ਖੇਤਾਂ ਵਿਚ ਕੰਮ ਕਰ ਕੇ ਹੀ ਅਪਣਾ ਗੁਜ਼ਾਰਾ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਐਨੇ ਪੈਸੇ ਕਿਥੋਂ ਆ ਜਾਣਗੇ ਕਿ ਉਹ ਦੋ-ਦੋ ਪਿਸਤੌਲ ਲੈ ਲੈਣ।
ਇਸ ਮਾਮਲੇ ਦੇ ਚਲਦਿਆਂ ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਲਵਪ੍ਰੀਤ ਸਿੰਘ ਨਾਲ ਹੋ ਰਹੀ ਨਾਇਨਸਾਫ਼ੀ ਵਿਰੁਧ ਆਵਾਜ਼ ਬੁਲੰਦ ਕੀਤੀ ਹੈ। ਇਸ ਦੌਰਾਨ ਸੋਸ਼ਲ ਮੀਡੀਆ ਹੈਸ਼ਟੈਗ ਸਟਾਪ ਟਾਰਗੇਟਿੰਗ ਸਿੱਖ ਸੋਸ਼ਲ ਮੀਡੀਆ 'ਤੇ ਘੁੰਮਣਾ ਸ਼ੁਰੂ ਹੋ ਗਿਆ।

ਇਸ ਤੋਂ ਪਹਿਲਾਂ ਪੁਲਿਸ ਨੇ ਤਬਲਾ ਵਜਾਉਣ ਵਾਲੇ ਮੋਹਿੰਦਰਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ, ਉਨ੍ਹਾਂ ਦੇ ਬਿਆਨ ਮੁਤਾਬਕ ਲਵਪ੍ਰੀਤ ਸਿੰਘ ਨੂੰ 18 ਜੂਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 26 ਸਾਲਾ ਦੇ ਸੁਖਚੈਨ ਸਿੰਘ 'ਤੇ ਵੀ ਯੂਏਪੀਏ ਲਗਾ ਦਿਤੀ ਗਈ। ਸੁਖਚੈਨ ਸਿੰਘ ਦੇ ਪ੍ਰਵਾਰ ਮੁਤਾਬਕ 26 ਜੂਨ ਨੂੰ ਸੁਖਚੈਨ ਸਿੰਘ ਨੂੰ ਉਸ ਦੇ ਪਿੰਡ ਤੋਂ ਸਰਪੰਚ ਦੀ ਮੌਜੂਦਗੀ ਵਿਚ ਘਰ ਤੋਂ ਹੀ ਚੁਕ ਲਿਆ ਗਿਆ ਪਰ ਪੁਲਿਸ ਦਾ ਕਹਿਣਾ ਹੈ ਕਿ ਸੁਖਚੈਨ ਸਿੰਘ ਨੂੰ ਰਾਜਪੁਰਾ ਦੇ ਪਿੰਡ ਕੌਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਪੁਲਿਸ 'ਤੇ ਇਹ ਵੀ ਦੋਸ਼ ਹਨ ਕਿ ਉਨ੍ਹਾਂ ਨੇ ਸੁਖਚੈਨ ਸਿੰਘ ਨੂੰ ਦੋ ਦਿਨ ਬਿਨਾਂ ਕੇਸ ਦਰਜ ਕੀਤੇ ਹਿਰਾਸਤ ਵਿਚ ਰਖਿਆ ਹੈ।

ਇਸ ਸਬੰਧੀ ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਨੇ ਇਕ ਪ੍ਰੈੱਸ ਰੀਲੀਜ਼ ਦੌਰਾਨ ਕਿਹਾ ਕਿ ਇਨ੍ਹਾਂ ਸਾਰੇ ਦੋਸ਼ੀਆਂ ਦੇ ਸਬੰਧ ਖ਼ਾਲਿਸਤਾਨ ਲਿਬਰੇਸ਼ਨ ਫ਼ਰੰਟ ਨਾਲ ਹਨ, ਜਿਨ੍ਹਾਂ ਨੂੰ ਪਾਕਿਸਤਾਨ ਦਾ ਸਹਿਯੋਗ ਪ੍ਰਾਪਤ ਹੈ। ਇਸ ਤੋਂ ਇਲਾਵਾ ਪੇਸ਼ੇ ਵਜੋਂ ਵਕੀਲ ਟੀਐਸ ਬਿੰਦਰਾ ਨੂੰ ਵੀ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ। ਟੀਐਸ ਬਿੰਦਰਾ ਸ਼ਾਹੀਨ ਬਾਗ਼ ਪ੍ਰਦਰਸ਼ਨ ਦੌਰਾਨ ਲੰਗਰ ਵਿਚ ਸੇਵਾ ਕਰਦੇ ਸਨ, ਜਦੋਂ ਦਿੱਲੀ ਵਿਚ ਦੰਗੇ ਭੜਕੇ ਤਾਂ ਦਿੱਲੀ ਪੁਲਿਸ ਦੇ ਕਾਂਸਟੇਬਲ ਰਤਨ ਲਾਲ ਦੀ ਮੌਤ ਹੋ ਗਈ, ਹੁਣ ਰਤਨ ਲਾਲ ਦੀ ਮੌਤ ਦਾ ਦੋਸ਼ ਟੀਐਸ ਬਿੰਦਰਾ 'ਤੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਵਿਰੁਧ ਮਾਮਲਾ ਦਰਜ ਕੀਤਾ ਗਿਆ। ਇਸੇ ਤਰ੍ਹਾਂ ਜਸਪਾਲ ਸਿੰਘ ਮਾਂਝਪੁਰ ਪੇਸ਼ੇ ਵਜੋਂ ਵਕੀਲ ਹਨ, 2009 ਵਿਚ ਇਨ੍ਹਾਂ 'ਤੇ ਵੀ ਯੂਏਪੀਏ ਵਰਗੀ ਖ਼ਤਰਨਾਕ ਧਾਰਾ ਲਗਾ ਦਿਤੀ ਗਈ ਸੀ ਜਿਸ ਕਰ ਕੇ ਇਨ੍ਹਾਂ ਨੇ ਅਪਣੀ ਜ਼ਿੰਦਗੀ ਦੇ ਕੁੱਝ ਸਾਲ ਜੇਲ ਵਿਚ ਗੁਜ਼ਾਰੇ ਤੇ ਫਿਰ 2014 ਵਿਚ ਇਨ੍ਹਾਂ ਨੂੰ ਬਾਇੱਜ਼ਤ ਬਰੀ ਕਰ ਦਿਤਾ ਗਿਆ ਤੇ ਹੁਣ ਜਸਪਾਲ ਸਿੰਘ ਉਨ੍ਹਾਂ ਲਈ ਲੜਦੇ ਹਨ, ਜਿਨ੍ਹਾਂ 'ਤੇ ਯੂਏਪੀਏ ਵਰਗੀ ਧਾਰਾ ਲਗਾ ਦਿਤੀ ਜਾਂਦੀ ਹੈ। ਜਸਪਾਲ ਸਿੰਘ ਮਾਂਝਪੁਰ ਮੁਤਾਬਕ 2007 ਤੋਂ ਹੁਣ ਤਕ ਪੰਜਾਬ ਵਿਚ 64 ਯੂਏਪੀਏ ਦੇ ਮਾਮਲੇ ਦਰਜ ਕੀਤੇ ਗਏ ਹਨ ਅਤੇ 300 ਤੋਂ ਵੱਧ ਯੂਏਪੀਏ ਦੇ ਮਾਮਲੇ ਮਰਦ ਅਤੇ ਔਰਤਾਂ 'ਤੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 99 ਫ਼ੀ ਸਦੀ ਸਿੱਖ ਧਰਮ ਨਾਲ ਸਬੰਧ ਰਖਦੇ ਹਨ।

ਕੀ ਹੈ ਯੂਏਪੀਏ?
ਯੂਏਪੀਏ ਉਹ ਧਾਰਾ ਹੁੰਦੀ ਹੈ, ਜੋ ਉਨ੍ਹਾਂ ਲੋਕਾਂ 'ਤੇ ਲਗਾਈ ਜਾਂਦੀ ਹੈ ਜੋ ਦੇਸ਼ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੁੰਦੇ ਹਨ ਜਾਂ ਦੇਸ਼ ਵਿਰੁਧ ਸਾਜ਼ਸ਼ ਰਚਦੇ ਹਨ। ਇਸ ਧਾਰਾ ਤਹਿਤ ਅਸਾਨੀ ਨਾਲ ਜ਼ਮਾਨਤ ਨਹੀਂ ਹੁੰਦੀ।