ਪੰਜਾਬ ਸਰਕਾਰ ਨੇ 30 ਲੱਖ ਹੈਕਟੇਅਰ ਝੋਨਾ ਛੱਪੜਾਂ ਸਹਾਰੇ ਛਡਿਆ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਨੇ 30 ਲੱਖ ਹੈਕਟੇਅਰ ਝੋਨਾ ਛੱਪੜਾਂ ਸਹਾਰੇ ਛਡਿਆ

image


ਡੀਜ਼ਲ 'ਤੇ ਪਾਲਿਆ ਝੋਨਾ ਕਿਸਾਨਾਂ ਨੂੰ  ਕਰਜ਼ਾਈ ਕਰ ਕੇ ਜਾਏਗਾ


ਬਠਿੰਡਾ, 11 ਜੁਲਾਈ (ਬਲਵਿੰਦਰ ਸ਼ਰਮਾ): ਪੰਜਾਬ 'ਚ ਝੋਨਾ ਕਾਸ਼ਤਕਾਰ ਕਿਸਾਨਾਂ 'ਤੇ ਪੰਜਾਬ ਸਰਕਾਰ ਦਾ ਹੀ ਨਹੀਂ ਸਗੋਂ ਮੌਸਮ ਦਾ ਵੀ ਕਰੋਪ ਹੋਇਆ ਹੈ | ਇਸ ਸਮੱਸਿਆ ਤੋਂ ਪੰਜਾਬ ਸਰਕਾਰ ਅਣਭੋਲ ਹੋਈ ਬੈਠੀ ਹੈ ਤੇ ਲੋਕ ਅਪਣਾ ਝੋਨਾ ਪਾਲਣ ਖ਼ਾਤਰ ਛੱਪੜਾਂ ਦਾ ਸਹਾਰਾ ਤੱਕੀ ਬੈਠੇ ਹਨ ਪਰ ਇਹ ਸੰਭਵ ਨਹੀਂ | ਜੇਕਰ ਇਸ ਵਾਰ ਝੋਨਾ ਡੀਜ਼ਲ 'ਤੇ ਪਾਲਣਾ ਪਿਆ ਤਾਂ ਸੁਭਾਵਕ ਹੈ ਕਿ ਇਹ ਫ਼ਸਲ ਕਿਸਾਨ ਨੂੰ  ਕਰਜ਼ਾਈ ਕਰ ਜਾਏਗੀ |
ਜ਼ਿਕਰਯੋਗ ਹੈ ਕਿ ਪੰਜਾਬ ਦੀ ਕੁਲ ਖੇਤੀਯੋਗ ਜ਼ਮੀਨ 41 ਲੱਖ ਹੈਕਟੇਅਰ 'ਚੋਂ ਕਰੀਬ 75 ਫ਼ੀ ਸਦੀ ਰਕਬਾ 30 ਲੱਖ ਹੈਕਟੇਅਰ ਇਸ ਵਾਰ ਝੋਨੇ ਹੇਠ ਹੈ | ਹਾਲਾਂਕਿ ਬਹੁਤ ਸਾਰੇ ਕਿਸਾਨਾਂ ਨੇ ਝੋਨੇ ਦੀ ਬਿਜਾਈ ਸਿੱਧੀ ਵੀ ਕੀਤੀ ਹੈ, ਜਿਸ ਨੂੰ  ਪਾਣੀ ਦੀ ਲੋੜ ਘੱਟ ਰਹਿੰਦੀ ਹੈ | ਫਿਰ ਵੀ ਝੋਨਾ ਕਾਸ਼ਤਕਾਰ ਕਿਸਾਨਾਂ ਦਾ ਵਿਸ਼ਵਾਸ ਪੁਰਾਣੀ ਬਿਜਾਈ ਵਿਚ ਹੀ ਹੈ, ਜਿਸ 'ਤੇ ਜ਼ਿਆਦਾ ਲੋਕ ਨਿਰਭਰ ਹਨ |
ਸਰਕਾਰ ਦੀ ਸਕੀਮ ਹੈ ਕਿ ਕਿਸਾਨਾਂ ਨੂੰ  ਸਿੰਚਾਈ ਖ਼ਾਤਰ ਬਿਜਲੀ ਮੁਫ਼ਤ ਦਿਤੀ ਜਾਂਦੀ ਹੈ, ਪਰ ਇਸ ਸਾਲ ਪੰਜਾਬ 'ਚ ਬਿਜਲੀ ਦੀ ਐਨੀ ਜ਼ਿਆਦਾ ਘਾਟ ਹੈ ਕਿ ਮੁਫ਼ਤ ਬਿਜਲੀ ਸਕੀਮ ਦੀ ਫੂਕ ਨਿਕਲ ਗਈ ਹੈ | ਜਿਸ ਕਾਰਨ ਝੋਨੇ ਦੀ ਸਿੰਚਾਈ ਦਾ ਪ੍ਰਭਾਵਿਤ ਹੋਣਾ ਲਾਜਮੀ ਹੈ |
ਸਾਲ 2020 'ਚ ਪੰਜਾਬ ਦੀ ਖਪਤ ਰੋਜ਼ਾਨਾ ਕਰੀਬ 13000 ਮੈਗਾਵਾਟ ਸੀ, ਜੋ 2021 'ਚ ਵਧ ਕੇ ਕਰੀਬ 16000 ਮੈਗਾਵਾਟ ਹੋ ਗਈ | ਅੱਜ ਪੰਜਾਬ ਦੀ ਸਰਕਾਰੀ ਤੇ ਪ੍ਰਾਈਵੇਟ ਬਿਜਲੀ ਘਰਾਂ ਦੀ ਪੈਦਾਵਾਰ ਮਸਾਂ 4000 ਮੈਗਾਵਾਟ ਰਹੀ | ਤਲਵੰਡੀ ਸਾਬੋ ਦੇ ਤਿੰਨੇ ਪਲਾਂਟ ਬੰਦ ਹਨ, ਜੋ 1800 ਮੈਗਾਵਾਟ ਪੈਦਾਵਾਰ ਕਰਦੇ ਹਨ | ਇਸੇ ਤਰ੍ਹਾਂ ਥਰਮਲ ਪਲਾਂਟ ਰੋਪੜ ਦੇ ਦੋ ਯੂਨਿਟ 420 ਮੈਗਾਵਾਟ ਅਤੇ ਬਠਿੰਡਾ ਪਲਾਂਟ ਦੇ ਸਾਰੇ ਯੁਨਿਟ 460 ਮੈਗਾਵਾਟ ਪਹਿਲਾਂ ਹੀ ਬੰਦ ਹੋ ਚੁੱਕੇ ਹਨ | ਅੱਜ ਕਰੀਬ 8000 ਮੈਗਾਵਾਟ ਬਿਜਲੀ ਸਪਲਾਈ ਹੋਰ ਰਾਜਾਂ ਤੋਂ ਖ਼ਰੀਦੀ ਗਈ | ਇਸਦੇ ਬਾਵਜੂਦ ਪੰਜਾਬ ਨੂੰ  4000 ਮੈਗਾਵਾਟ ਬਿਜਲੀ ਦੀ ਹੋਰ ਲੋੜ ਹੈ ਜਿਸ ਨੂੰ  ਬਿਜਲੀ ਕੱਟਾਂ ਰਾਹੀਂ ਪੂਰਾ ਕੀਤਾ ਜਾ ਰਿਹਾ ਹੈ | 

ਇਹੀ ਵਰਤਾਰਾ ਅਜਕਲ ਲਗਾਤਾਰ ਜਾਰੀ ਹੈ | 
ਦੂਜੇ ਪਾਸੇ ਝੋਨੇ ਦੀ ਸਿੰਚਾਈ ਦਾ ਦੂਸਰਾ ਹੱਲ ਮਾਨਸੂਨ ਹੈ, ਜੋ ਇਸ ਵਾਰ ਕਰੀਬ ਇਕ ਮਹੀਨਾ ਪਹਿਲਾਂ ਪੰਜਾਬ 'ਚ ਆ ਚੁੱਕੀ ਹੈ | ਪ੍ਰੰਤੂ ਮੌਨਸੂਨ ਇਕੱਲੀ ਹੀ ਆ ਗਈ, ਵਰਖਾ ਨਾਲ ਨਹੀਂ ਲਿਆਂਦੀ | ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀ ਸਰਵਜੋਤ ਕੌਰ ਨੇ ਦਸਿਆ ਕਿ ਨੀਮ ਪਹਾੜੀ ਖੇਤਰਾਂ ਵਿਚ ਹਲਕੀ ਵਰਖਾ ਜ਼ਰੂਰ ਹੈ, ਪਰ ਭਾਰੀ ਵਰਖਾ ਦਾ ਫ਼ਿਲਹਾਲ ਕੋਈ ਮੌਕਾ ਨਜ਼ਰ ਨਹੀਂ ਆ ਰਿਹਾ | ਉਨ੍ਹਾਂ ਕਿਹਾ ਕਿ 13 ਜੁਲਾਈ ਤੋਂ ਬਾਅਦ ਹਲਕੀ ਵਰਖਾ ਵੀ ਬੰਦ ਹੋ ਜਾਵੇਗੀ | ਮੌਸਮ ਦੇ ਜ਼ਰੂਰੀ ਬਦਲਾਅ ਨਾ ਹੋਏ ਤਾਂ ਕਈ ਦਿਨਾਂ ਤਕ ਵਰਖਾ ਦਾ ਕੋਈ ਮੌਕਾ ਨਜ਼ਰ ਨਹੀਂ ਆ ਰਿਹਾ | ਹੁਣ ਮਸਲਾ ਇਹ ਹੈ ਕਿ ਨਾ ਤਾਂ ਵਰਖਾ ਹੋਣੀ ਹੈ ਤੇ ਨਾ ਹੀ ਪੰਜਾਬ ਸਰਕਾਰ ਵਲੋਂ ਬਿਜਲੀ ਸਪਲਾਈ ਦਾ ਕੋਈ ਪ੍ਰਬੰਧ ਨਜ਼ਰ ਨਹੀਂ ਆ ਰਿਹਾ ਹੈ | ਇਸ ਲਈ ਝੋਨੇ ਦੀ ਸਿੰਚਾਈ ਡੀਜ਼ਲ ਸਹਾਰੇ ਹੀ ਕਰਨੀ ਪੈਣੀ ਹੈ |

ਝੋਨੇ ਦੀ ਸਿੰਚਾਈ ਛਪੜਾਂ ਸਹਾਰੇ ਹੋਣ ਲੱਗੀ :
-ਪੰਜਾਬ ਦੇ ਕਰੀਬ ਹਰੇਕ ਪਿੰਡ ਵਿਚ ਲੋਕ ਮੋਟਰਾਂ ਲਗਾ ਕੇ ਛੱਪੜਾਂ ਦਾ ਪਾਣੀ ਚੁੱਕ ਕੇ ਆਪਣੇ ਝੋਨੇ ਦੀ ਸਿੰਚਾਈ ਕਰ ਰਹੇ ਹਨ | ਪਰ ਇਸ ਤਰ੍ਹਾਂ ਸਿਰਫ਼ ਛੱਪੜਾਂ ਨੇੜਲੇ ਖੇਤਾਂ ਨੂੰ  ਹੀ ਪਾਣੀ ਦਿਤਾ ਜਾ ਸਕਦਾ ਹੈ | ਦੂਰ ਵਾਲੇ ਖੇਤਾਂ ਨੂੰ  ਇਹ ਸਹੂਲਤ ਵੀ ਨਹੀਂ ਦਿਤੀ ਜਾ ਸਕਦੀ |
ਖੇਤੀਬਾੜੀ ਵਿਭਾਗ ਦੇ ਮਾਹਰ ਜੀ.ਐਸ. ਰੋਮਾਣਾ ਨੇ ਇਸ ਵਰਤਾਰੇ ਨੂੰ  ਹਾਨੀਕਾਰਕ ਦਸਿਆ ਹੈ | ਉਨ੍ਹਾਂ ਕਿਹਾ ਕਿ ਛਪੜਾਂ ਦਾ ਗੰਦਾ ਪਾਣੀ ਝੋਨੇ ਲਈ ਕਦੇ ਵੀ ਲਾਭਦਾਇਕ ਨਹੀਂ ਹੋ ਸਕਦਾ | ਕਿਉਂਕਿ ਪਾਣੀ ਸਿੰਚਾਈ ਦੇ ਕਾਬਲ ਨਹੀਂ | ਉਨ੍ਹਾਂ ਲੋਕਾਂ ਨੂੰ  ਅਪੀਲ ਕੀਤੀ ਕਿ ਉਹ ਅਜਿਹਾ ਨਾ ਕਰਨ |
ਡੀਜ਼ਲ 'ਤੇ ਕਰਨੀ ਪਵੇਗੀ ਸਿੰਚਾਈ :
-ਬਿਜਲੀ ਨਾ ਮਿਲਣ ਅਤੇ ਵਰਖਾ ਹੋਣ ਦੀ ਸੂਰਤ ਵਿਚ ਕਿਸਾਨਾਂ ਨੂੰ  ਝੋਨੇ ਦੀ ਸਿੰਚਾਈ ਡੀਜਲ ਮਚਾ ਕੇ ਟਿਊਬਵੈੱਲਾਂ ਰਾਹੀਂ ਕਰਨੀ ਪਵੇਗੀ | ਪਹਿਲਾਂ ਇਹੀ ਡੀਜ਼ਲ 50 ਤੋਂ 60 ਰੁਪਏ ਸੀ, ਜੋ ਹੁਣ 100 ਰੁਪਏ ਦੇ ਨੇੜੇ ਪਹੁੰਚ ਗਿਆ ਹੈ ਅਜਿਹੀ ਸੂਰਤ ਵਿਚ ਡੀਜਲ 'ਤੇ ਸਿੰਚਾਈ ਹੋਰ ਵੀ ਆਰਥਿਕ ਬੋਝ ਵਾਲੀ ਹੈ | ਇਕ ਏਕੜ 'ਤੇ 800 ਰੁਪਏ ਦਾ ਡੀਜ਼ਲ ਮੱਚ ਜਾਂਦਾ ਹੈ | ਹੋਰ ਖ਼ਰਚੇ ਮਿਲਾ ਕੇ ਲਾਗਤ ਐਨੀ ਜ਼ਿਆਦਾ ਹੋ ਜਾਵੇਗੀ ਕਿ ਕਿਸਾਨ ਝੋਨੇ ਵੇਚ ਕੇ ਇਸਨੂੰ ਪੂਰਾ ਵੀ ਨਹੀਂ ਕਰ ਸਕੇਗਾ |

ਫੋਟੋ : 11ਬੀਟੀਡੀ1
ਛੱਪੜ 'ਚੋਂ ਹੋ ਰਹੀ ਝੋਨੇ ਦੀ ਸਿੰਚਾਈ   -ਇਕਬਾਲ
ਫੋਟੋ : 11ਬੀਟੀਡੀ2
ਪਾਣੀ ਖੁਣੋਂ ਸੁੱਕਿਆ ਪਿਆ ਝੋਨਾ -ਇਕਬਾਲ
ਫੋਟੋ : 11ਬੀਟੀਡੀ3
ਪਾਣੀ ਖੁਣੋਂ ਸੁੱਕਿਆ ਪਿਆ ਝੋਨਾ –ਇਕਬਾਲ