ਪਿੰਡ ਧਨੌਰੀ ਦੇ ਨੌਜਵਾਨਾਂ ਵਲੋਂ ਸਮੂਹ ਸਿਆਸੀ ਪਾਰਟੀਆਂ ਦਾ ਬਾਈਕਾਟ 

ਏਜੰਸੀ

ਖ਼ਬਰਾਂ, ਪੰਜਾਬ

ਪਿੰਡ ਧਨੌਰੀ ਦੇ ਨੌਜਵਾਨਾਂ ਵਲੋਂ ਸਮੂਹ ਸਿਆਸੀ ਪਾਰਟੀਆਂ ਦਾ ਬਾਈਕਾਟ 

image

ਕਿਸੇ ਵੀ ਲੀਡਰ ਨੂੰ  ਪਿੰਡ ਵਿਚ ਵੋਟਾਂ ਮੰਗਣ ਲਈ ਨਹੀਂ ਵੜਨ ਦਿਤਾ ਜਾਵੇਗਾ : ਕਿਸਾਨ ਆਗੂ 

ਭਾਦਸੋਂ, 11 ਜੁਲਾਈ (ਗੁਰਪ੍ਰੀਤ ਸਿੰਘ ਆਲੋਵਾਲ) : ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਕਾਰਨ ਕਿਸਾਨਾਂ ਦੇ ਵਿਰੋਧ ਦਾ ਸ਼ਿਕਾਰ ਜਿਥੇ ਭਾਜਪਾ ਦੇ ਲੀਡਰਾਂ ਨੂੰ ਹੋਣਾ ਪੈ ਰਿਹਾ ਹੈ, ਉਥੇ ਹੀ ਹੁਣ ਪੰਜਾਬ ਦੇ ਪਿੰਡਾਂ ਵਿਚ ਕਿਸਾਨਾਂ ਅਤੇ ਪਿੰਡ ਵਾਸੀਆਂ ਵਲੋਂ ਕਿਸਾਨ ਲੀਡਰਾਂ ਦੇ ਐਲਾਨ ਤੋਂ ਬਾਅਦ ਸਮੂਹ ਸਿਆਸੀ ਪਾਰਟੀਆਂ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿਤਾ ਹੈ | ਅਜਿਹਾ ਹੀ ਕੱੁਝ ਜ਼ਿਲ੍ਹਾ ਪਟਿਆਲਾ ਦੇ ਪਿੰਡ ਧਨੌਰੀ ਵਿਖੇ ਵੇਖਣ ਨੂੰ ਮਿਲਿਆ, ਜਿਥੇ ਪਿੰਡ ਵਾਸੀਆਂ ਅਤੇ ਕਿਸਾਨਾਂ ਵਲੋਂ ਬਕਾਇਦਾ ਪਿੰਡ ਦੀ ਐਂਟਰੀ 'ਤੇ ਚਿਤਾਵਨੀ ਦੇ ਵੱਡੇ-ਵੱਡੇ ਬੋਰਡ ਲਗਾ ਕੇ ਪਿੰਡ ਵਿਚ ਸਿਆਸੀ ਪਾਰਟੀ ਦੇ ਲੀਡਰਾਂ ਦੀ ਐਂਟਰੀ 'ਤੇ ਰੋਕ ਦਾ ਐਲਾਨ ਕੀਤਾ ਗਿਆ ਹੈ | 
ਕਿਸਾਨ ਯੂਨੀਅਨ ਦੇ ਪ੍ਰਧਾਨ ਪ੍ਰਗਟ ਸਿੰਘ ਤੇ ਪਿੰਡ ਵਾਸੀਆਂ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਵਲੋਂ ਲਾਗੂ ਕੀਤੇ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸੇ ਵੀ ਪੰਜਾਬ ਦੀ ਸਿਆਸੀ ਪਾਰਟੀ ਨੇ ਮੋਹਰੀ ਰੋਲ ਅਦਾ ਨਹੀਂ ਕੀਤਾ, ਬਸ ਸਾਰੀਆਂ ਸਿਆਸੀ ਪਾਰਟੀਆਂ ਅਪਣੀਆਂ ਸਿਆਸੀ ਰੋਟੀਆਂ ਸੇਕਣ 'ਤੇ ਲੱਗੀਆਂ ਹੋਈਆਂ ਹਨ | ਪਿੰਡ ਵਾਸੀ ਅਤੇ ਕਿਸਾਨਾਂ ਨੇ ਕਿਹਾ ਕਿ ਜਦੋਂ ਤਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤਕ ਕਿਸੇ ਵੀ ਸਿਆਸੀ ਪਾਰਟੀ ਦੇ ਲੀਡਰ ਨੂੰ ਪਿੰਡ ਵਿਚ ਵੋਟਾਂ ਮੰਗਣ ਲਈ ਨਹੀਂ ਵੜਨ ਦਿਤਾ ਜਾਵੇਗਾ | ਜੇਕਰ ਕੋਈ ਵੀ ਸਿਆਸੀ ਪਾਰਟੀ ਦਾ ਲੀਡਰ ਪਿੰਡ ਵਿਚ ਵੋਟਾਂ ਮੰਗਣ ਲਈ ਆਉਂਦਾ ਹੈ ਤਾਂ ਉਹ ਅਪਣੀ ਬੇਇੱਜ਼ਤੀ ਦਾ ਆਪ ਜ਼ਿੰਮੇਵਾਰ ਹੋਵੇਗਾ | 
ਫੋਟੋ ਨੰ: 11 ਪੀਏਟੀ 3