ਬਲੌਂਗੀ ਗਊਸ਼ਾਲਾ ਦੀ ਜ਼ਮੀਨ ਲੀਜ਼ ਦਾ ਮਾਮਲਾ : ਸਾਬਕਾ ਮੰਤਰੀ ਬਲਬੀਰ ਸਿੱਧੂ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ
28 ਜੁਲਾਈ ਤੱਕ ਅਦਾਲਤ ਨੇ ਮਾਮਲੇ ਨੂੰ ਜਿਉਂ ਦਾ ਤਿਉਂ ਰੱਖਣ ਦਾ ਦਿਤਾ ਹੁਕਮ
ਮੁਹਾਲੀ : ਬਲੌਂਗੀ ਗਊਸ਼ਾਲਾ ਦੀ ਜ਼ਮੀਨ ਲੀਜ਼ ਮਾਮਲੇ ਵਿਚ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਨੇ ਕਿਹਾ ਹੈ ਕਿ ਇਸ ਮਾਮਲੇ ਨੂੰ ਅਗਲੇ ਹੁਕਮਾਂ ਤੱਕ ਜਿਉਂ ਦਾ ਤਿਉਂ ਰੱਖਿਆ ਜਾਵੇ।
ਦੱਸਣਯੋਗ ਹੈ ਕਿ ਬਾਲ ਗੋਪਾਲ ਗਊਸ਼ਾਲਾ ਬਲੌਂਗੀ ਦੀ ਜ਼ਮੀਨ ਦੀ ਲੀਜ਼ ਪੰਜਾਬ ਸਰਕਾਰ ਨੇ ਰੱਦ ਕਰ ਦਿੱਤੀ ਸੀ ਜਿਸ 'ਤੇ ਹੁਣ 28 ਜੁਲਾਈ ਤਕ ਅਦਾਲਤ ਨੇ ਮਾਮਲੇ ਨੂੰ ਜਿਉਂ ਦਾ ਤਿਉਂ ਰੱਖਣ ਦਾ ਹੁਕਮ ਦਿੱਤਾ ਹੈ। ਬੀਤੇ ਕੱਲ ਇਸ ਮਾਮਲੇ ਵਿਚ ਪੰਜਾਬ ਪੁਲਿਸ ਉਸ ਜ਼ਮੀਨ ਦਾ ਕਬਜ਼ਾ ਲੈਣ ਗਈ ਸੀ ਪਰ ਉਨ੍ਹਾਂ ਨੂੰ ਖਾਲੀ ਹੱਥ ਹੀ ਵਾਪਸ ਆਉਣਾ ਪਿਆ।
ਜ਼ਿਕਰਯੋਗ ਹੈ ਕਿ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਬਾਲ ਗੋਪਾਲ ਗਊ ਬਸੇਰਾ ਟਰੱਸਟ ਦੇ ਨਾਂ ’ਤੇ ਪਿੰਡ ਬਲੌਂਗੀ ਦੀ 10 ਏਕੜ ਚਾਰ ਕਨਾਲ ਇਕ ਮਰਲਾ ਜ਼ਮੀਨ ਪੰਚਾਇਤ ਨੇ 33 ਸਾਲ ਦੀ ਲੀਜ਼ ’ਤੇ ਦਿੱਤੀ ਸੀ ਪਰ ਇਹ ਲੀਜ਼ ਪੰਚਾਇਤ ਵਿਭਾਗ ਪੰਜਾਬ ਨੇ ਰੱਦ ਕਰ ਦਿੱਤੀ ਹੈ ਜਿਸ ਤੋਂ ਬਾਅਦ ਇਹ ਮਾਮਲਾ ਹਾਈ ਕੋਰਟ 'ਚ ਪਹੁੰਚ ਗਿਆ। ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਕਿਹਾ ਸੀ ਕਿ ਸਾਬਕਾ ਕਾਂਗਰਸ ਸਰਕਾਰ ਦੌਰਾਨ ਸੱਤਾ ਦੇ ਨਸ਼ੇ 'ਚ ਚੂਰ ਸਾਬਕਾ ਸਿਹਤ ਮੰਤਰੀ ਨੇ ਪਿੰਡ ਬਲੌਂਗੀ ਦੀ 250 ਕਰੋੜ ਦੀ ਜ਼ਮੀਨ ਨਾਜਾਇਜ਼ ਤੌਰ ’ਤੇ ਆਪਣੇ ਨਾਂ ਕਰਵਾਈ ਸੀ।
ਦਾਊਂ ਨੇ ਦਾਅਵਾ ਕੀਤਾ ਕਿ ਬਲਬੀਰ ਸਿੱਧੂ ਕੋਲ ਉਹ ਪੱਤਰ ਵੀ ਹੈ, ਜੋ ਉਨ੍ਹਾਂ ਨੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਭੇਜ ਕੇ ਕਿਹਾ ਹੈ ਕਿ ਜੇਕਰ ਜ਼ਮੀਨ ਉਨ੍ਹਾਂ ਦੇ ਟਰੱਸਟ ਦੇ ਨਾਂ 'ਤੇ ਰਜਿਸਟਰਡ ਨਾ ਕਰਵਾਈ ਗਈ ਤਾਂ ਉਨ੍ਹਾਂ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਉਧਰ, ਬਲਬੀਰ ਸਿੰਘ ਸਿੱਧੂ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਸਿਆਸੀ ਬਦਲਾਖੋਰੀ ਦੇ ਚੱਲਦਿਆਂ ਗਊਸ਼ਾਲਾ ਜ਼ਮੀਨ ਦੀ ਲੀਜ਼ ਰੱਦ ਕੀਤੀ ਹੈ। ਜਿਸ ਦੇ ਚਲਦਿਆਂ ਬਲਬੀਰ ਸਿੰਘ ਸਿੱਧੂ ਨੇ ਸਰਕਾਰ ਦੇ ਹੁਕਮਾਂ ਖ਼ਿਲਾਫ਼ ਅਦਾਲਤ ਤੱਕ ਪਹੁੰਚ ਕੀਤੀ ਹੈ।