ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ, ਅਸੀਂ ਸਰਕਾਰ ਨਾਲ ਮਿਲ ਕੇ ਕੰਮ ਕਰਾਂਗੇ - ਡਾ. ਵਿਜੇ ਸਿੰਗਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ- ਕੋਈ ਵੀ ਸਾਬਤ ਕਰ ਦੇਵੇ ਜੇਕਰ ਮੈਂ ਕਿਸੇ ਤੋਂ ਕਦੇ ਇੱਕ ਵੀ ਰੁਪਇਆ ਵੀ ਲਿਆ ਹੋਵੇ 

Dr. vijay Singla

ਜ਼ਮਾਨਤ ਮਿਲਣ ਮਗਰੋਂ ਪਹਿਲੀ ਵਾਰ ਪਾਰਟੀ ਦਫ਼ਤਰ ਪਹੁੰਚਣ 'ਤੇ ਵਰਕਰਾਂ ਵਲੋਂ ਨਿੱਘਾ ਸਵਾਗਤ  
ਮਾਨਸਾ :
ਭ੍ਰਿਸ਼ਟਾਚਾਰ ਦੇ ਮਾਮਲੇ 'ਚ ਪੰਜਾਬ ਸਾਬਕਾ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਜਿੱਥੇ ਭ੍ਰਿਸ਼ਟਾਚਾਰ ਦੇ ਦੋਸ਼ 'ਚ ਜੇਲ੍ਹ ਭੇਜਿਆ ਗਿਆ ਸੀ, ਉਥੇ ਹੀ ਡਾ. ਵਿਜੇ ਸਿੰਗਲਾ ਦੀ ਜ਼ਮਾਨਤ ਹੋਣ ਤੋਂ ਬਾਅਦ ਜਦੋਂ ਉਹ ਮਾਨਸਾ ਦਫ਼ਤਰ ਪਹੁੰਚੇ ਤਾਂ ਵਰਕਰਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਵਿਜੇ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦਾ ਮਨ ਸਾਫ਼ ਹੈ ਅਤੇ ਕਦੇ ਵੀ ਕਿਸੇ ਤੋਂ ਇੱਕ ਰੁਪਇਆ ਨਹੀਂ ਲਿਆ।

ਉਨ੍ਹਾਂ ਕਿਹਾ ਕਿ ਮੈਨੂੰ ਪਾਰਟੀ ਅਤੇ ਪ੍ਰਸ਼ਾਸਨ 'ਤੇ ਪੂਰਾ ਭਰੋਸਾ ਹੈ। ਵਰਕਰਾਂ ਨੂੰ ਸੰਬੋਧਨ ਕਰਦਿਆਂ  ਉਨ੍ਹਾਂ ਕਿਹਾ ਕਿ ਮਾਨਸਾ ਵਿਧਾਨ ਸਭਾ ਹਲਕਾ ਪਹਿਲਾਂ ਦੀ ਤਰ੍ਹਾਂ ਵਿਕਾਸ ਕਾਰਜਾਂ ਵਿੱਚ ਸਭ ਤੋਂ ਅੱਗੇ ਰਹੇਗਾ ਅਤੇ ਅਸੀਂ ਸਰਕਾਰ ਨਾਲ ਮਿਲ ਕੇ ਕੰਮ ਕਰਾਂਗੇ। ਜਾਣਕਾਰੀ ਦਿੰਦਿਆਂ ਡਾ. ਵਿਜੇ ਸਿੰਗਲਾ ਨੇ ਦੱਸਿਆ ਕਿ ਅਸੀਂ ਪਹਿਲਾਂ ਵੀ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੇ ਸੀ। ਇਸ ਲਈ ਅਸੀਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ।

ਅਸੀਂ ਮਾਨਸਾ ਦੇ ਵਿਕਾਸ ਲਈ ਪਹਿਲਾਂ ਦੀ ਤਰ੍ਹਾਂ ਕੰਮ ਕਰਦੇ ਰਹਾਂਗੇ। ਅੱਗੇ ਬੋਲਦਿਆਂ ਸਿੰਗਲਾ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਦਾ ਹਿੱਸਾ ਹਾਂ ਅਤੇ ਸਰਕਾਰ ਤੋਂ ਬਗੈਰ ਅਸੀਂ ਵਿਕਾਸ ਨਹੀਂ ਕਰ ਸਕਦੇ। ਅਸੀਂ ਆਉਣ ਵਾਲੇ ਸਾਲਾਂ ਵਿੱਚ ਸਰਕਾਰ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗੇ।

ਆਪਣੇ 'ਤੇ ਲੱਗੇ ਦੋਸ਼ਾਂ ਬਾਰੇ ਸਾਬਕਾ ਮੰਤਰੀ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਅਜਿਹਾ ਕੋਈ ਕੰਮ ਨਹੀਂ ਕੀਤਾ ਹੈ ਅਤੇ ਕੋਈ ਵੀ ਸਾਬਤ ਕਰ ਦੇਵੇ ਜੇਕਰ ਮੈਂ ਕਿਸੇ ਤੋਂ ਕਦੇ ਇੱਕ ਵੀ ਰੁਪਇਆ ਲਿਆ ਹੋਵੇ।