AGTF ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੁੱਖ ਸਹਿਯੋਗੀ ਰਣਧੀਰ ਸਿੰਘ ਕਮਾਂਡੋ ਫੌਜੀ ਨੂੰ ਕੀਤਾ ਗ੍ਰਿਫ਼ਤਾਰ
ਰਣਧੀਰ ਸਿੰਘ ਕਮਾਂਡੋ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਅਤੇ ਹਰਿਆਣਾ ਵਿੱਚ ਸਨਸਨੀਖੇਜ਼ ਅਪਰਾਧਾਂ ਨੂੰ ਠੱਲ੍ਹ ਪਈ ਹੈ।
ਮੁਹਾਲੀ - ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ AGTF ਪੰਜਾਬ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੁੱਖ ਸਾਥੀ ਰਣਧੀਰ ਸਿੰਘ ਕਮਾਂਡੋ ਫੌਜੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦਾ ਅਪਰਾਧਿਕ ਇਤਿਹਾਸ ਹੈ ਅਤੇ ਉਸ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਵਿਚ ਕਈ ਕੇਸ ਦਰਜ ਹਨ। ਇਹ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰ ਕੇ ਦਿੱਤੀ ਹੈ।
ਰਣਧੀਰ ਸਿੰਘ ਨੂੰ ਉਸ ਦੇ ਹੈਂਡਲਰ ਗੋਲਡੀ ਬਰਾੜ ਅਤੇ ਜੱਗੂ ਭਗਵਾਨਪੁਰੀਆ ਨੇ ਖਾਸ ਟੀਚਿਆਂ ਨੂੰ ਨੁਕਸਾਨ ਪਹੁੰਚਾਉਣ ਲਈ ਵੱਖਰੀਆਂ ਜ਼ਿੰਮੇਵਾਰੀਆਂ ਦਿੱਤੀਆਂ ਸਨ। ਇਸ ਤੋਂ ਇਲਾਵਾ, ਉਸ ਨੂੰ ਭਗਵਾਨਪੁਰੀਆ ਦੁਆਰਾ ਅਦਾਲਤ ਵਿਚ ਪੇਸ਼ੀ ਦੌਰਾਨ ਆਪਣੇ ਜੇਲ੍ਹ ਵਿੱਚ ਬੰਦ ਸਾਥੀ ਨੂੰ ਪੁਲਿਸ ਹਿਰਾਸਤ ਵਿੱਚੋਂ ਭੱਜਣ ਵਿੱਚ ਮਦਦ ਕਰਨ ਦਾ ਕੰਮ ਸੌਂਪਿਆ ਗਿਆ ਸੀ। ਪੁਲਿਸ ਨੇ ਉਸ ਕੋਲੋਂ ਇੱਕ ਪਿਸਤੌਲ ਸਮੇਤ 10 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਰਣਧੀਰ ਸਿੰਘ ਕਮਾਂਡੋ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਅਤੇ ਹਰਿਆਣਾ ਵਿੱਚ ਸਨਸਨੀਖੇਜ਼ ਅਪਰਾਧਾਂ ਨੂੰ ਠੱਲ੍ਹ ਪਈ ਹੈ।