ਮੌਸਮ ਵਿਭਾਗ ਵਲੋਂ ਰਾਹਤ ਭਰੀ ਭਵਿੱਖਬਾਣੀ, ਅਗਲੇ 3-4 ਦਿਨਾਂ ’ਚ ਮੀਂਹ ਪੈਣ ਦੀ ਸੰਭਾਵਨਾ ਨਹੀਂ
ਪਹਾੜਾਂ ’ਤੇ ਮੀਂਹ ਕਾਰਨ ਭਰ ਰਹੇ ਪਾਣੀ ਨੂੰ ਵੇਖਦਿਆਂ ਰਾਹਤ ਕਾਰਜ ਜੰਗੀ ਪੱਧਰ ’ਤੇ ਜਾਰੀ
ਚੰਡੀਗੜ੍ਹ: ਭਾਰੀ ਮੀਂਹ ਤੋਂ ਝੰਬੇ ਪੰਜਾਬੀ ਵਾਸੀਆਂ ਲਈ ਮੌਸਮ ਵਿਭਾਗ ਨੇ ਰਾਹਤ ਦੀ ਖਬਰ ਦਿਤੀ ਹੈ ਕਿ 3 ਤੋਂ 4 ਦਿਨਾਂ ਵਿਚ ਤੇਜ਼ ਮੀਂਹ ਨਹੀਂ ਪਵੇਗਾ। ਮੌਸਮ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਜਾਣਕਾਰੀ ਦਿਤੀ ਹੈ ਕਿ ਬੱਦਲਵਾਈ ਰਹੇਗੀ ਪਰ ਚੰਡੀਗੜ੍ਹ ਸਣੇ ਪੰਜਾਬ ਅਤੇ ਹਰਿਆਣਾ ਵਿਚ ਤੇਜ਼ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਅਤੇ ਬਚਾਅ ਕਾਰਜਾਂ ਵਿਚ ਕੋਈ ਵਿਘਨ ਨਹੀਂ ਪਵੇਗਾ।
ਹਾਲਾਂਕਿ ਗੁਆਂਢੀ ਪਹਾੜੀ ਸੂਬੇ ਹਿਮਾਚਲ ਪ੍ਰਦੇਸ਼ ’ਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਪੰਜਾਬ ਅਤੇ ਹਰਿਆਣਾ ਦੇ ਮੈਦਾਨੀ ਇਲਾਕਿਆਂ ਵਿਚ ਪਾਣੀ ਭਰ ਰਿਹਾ ਹੈ। ਇਸ ਦਰਮਿਆਨ ਬੁਧਵਾਰ ਨੂੰ ਵੀ ਰਾਹਤ ਕਾਰਜ ਜੰਗੀ ਪੱਧਰ ’ਤੇ ਜਾਰੀ ਰਹੇ। ਪੰਜਾਬ ਦੇ ਕਈ ਪਿੰਡਾਂ ਨੂੰ ਸਰਕਾਰ ਵਲੋਂ ਖਾਲੀ ਕਰਵਾਇਆ ਗਿਆ ਹੈ। ਸਰਕਾਰ ਵਲੋਂ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹਨ।
ਪੰਜਾਬ ’ਚ ਹੜ੍ਹ ਦੀ ਸਥਿਤੀ ਨਾਲ ਨਜਿੱਠਣ ਲਈ ਲਗਾਤਾਰ ਮੌਸਮ ਵਿਭਾਗ ਅਤੇ ਵੱਖ-ਵੱਖ ਮਹਿਕਮਿਆਂ ਵਿਚਾਲੇ ਮੀਟਿੰਗਾਂ ਵੀ ਚਲ ਰਹੀਆਂ ਹਨ ਅਤੇ ਹੜ੍ਹਾਂ ਤੋਂ ਬਾਅਦ ਬਿਮਾਰੀਆਂ ਫੈਲਣ ਤੋਂ ਬਚਾਉਣ ਬਾਰੇ ਚਰਚਾ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਲਗਾਤਾਰ ਤਿੰਨ ਦਿਨਾਂ ਤਕ ਪਏ ਮੀਂਹ ਕਾਰਨ ਪੰਜਾਬ ਦੇ ਕਈ ਇਲਾਕਿਆਂ ਵਿਚ ਮੀਂਹ ਦਾ ਪਾਣੀ ਭਰ ਗਿਆ। ਨਦੀਆਂ ਨਾਲਿਆਂ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਪਿੰਡਾਂ ਵਿਚ ਪਾਣੀ ਭਰ ਗਿਆ ਹੈ ਅਤੇ ਵੱਡੇ ਪੱਧਰ ’ਤੇ ਫਸਲਾਂ ਤਬਾਹ ਹੋਈਆਂ ਹਨ ਅਤੇ ਪਸ਼ੂਆਂ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਹੈ। ਲੋਕਾਂ ਦੀਆਂ ਪਰੇਸ਼ਾਨੀਆਂ ਵਧਦੀਆਂ ਹੀ ਜਾ ਰਹੀਆਂ ਹਨ।
ਮੌਸਮ ਵਿਭਾਗ ਵਲੋਂ ਜਾਰੀ ਭਵਿੱਖਬਾਣੀ ਜੇਕਰ ਸੱਚ ਰਹਿੰਦੀ ਹੈ ਤਾਂ ਇਸ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਅਤੇ ਬਚਾਅ ਕਾਰਜਾਂ ਵਿਚ ਕੋਈ ਵਿਘਨ ਨਹੀਂ ਪਵੇਗਾ। ਚੰਡੀਗੜ੍ਹ ਮੌਸਮ ਕੇਂਦਰ ਦੇ ਵਿਗਿਆਨੀ ਏ. ਕੇ. ਸਿੰਘ ਕਹਿੰਦੇ ਹਨ, ‘‘ਦੇਰ ਰਾਤ ਤੋਂ ਹੀ ਸਥਿਤੀ ਵਿਚ ਸੁਧਾਰ ਹੋਇਆ ਹੈ। ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਲਈ ਖ਼ਤਰਾ ਟਲ ਗਿਆ ਹੈ। ਅਸੀਂ ਲਗਾਤਾਰ ਮੌਸਮ ਨੂੰ ਆਬਜ਼ਰਵ ਕਰ ਰਹੇ ਹਾਂ।’’ ਆਉਣ ਵਾਲੇ ਦਿਨਾਂ ਦੀ ਭਵਿੱਖਬਾਣੀ ਸਬੰਧੀ ਉਨ੍ਹਾਂ ਦਸਿਆ ਕਿ ਬੁਧਵਾਰ ਮੌਸਮ ਸਾਫ਼ ਰਹੇਗਾ। ਹਾਲਾਂਕਿ ਬੱਦਲ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ। ਜਿੱਥੋਂ ਤਕ ਮੀਂਹ ਦੀ ਗੱਲ ਹੈ ਤਾਂ 16 ਜੁਲਾਈ ਤੋਂ ਬਾਅਦ ਸ਼ਹਿਰ ਵਿਚ ਮੀਂਹ ਦੇ ਆਸਾਰ ਬਣੇ ਹੋਏ ਹਨ ਪਰ ਇਹ ਜੋ ਮੀਂਹ ਪਵੇਗਾ, ਉਹ ਮਾਨਸੂਨ ਦਾ ਆਮ ਮੀਂਹ ਹੋਵੇਗਾ।
ਜਿੱਥੋਂ ਤਕ ਤਾਪਮਾਨ ਦੀ ਗੱਲ ਹੈ ਤਾਂ ਪਿਛਲੇ ਤਿੰਨ ਦਿਨਾਂ ਵਿਚ ਤਾਪਮਾਨ ਵਿਚ ਕਾਫ਼ੀ ਕਮੀ ਆਈ ਹੈ। ਕਈ ਸਾਲਾਂ ਦੇ ਰੀਕਾਰਡ ਟੁੱਟੇ ਹਨ। ਹੁਣ ਤਾਪਮਾਨ ਵਿਚ ਥੋੜ੍ਹਾ ਵਾਧਾ ਹੋਵੇਗਾ।
ਹੁਣ ਤਕ ਇਕ ਜੂਨ ਤੋਂ ਸੋਮਵਾਰ ਦੇਰ ਸ਼ਾਮ ਤਕ ਕੁੱਲ ਮੀਂਹ 729.8 ਐੱਮ. ਐੱਮ. ਮੀਂਹ ਪੈ ਚੁੱਕਿਆ ਹੈ। ਵਿਭਾਗ ਮੁਤਾਬਿਕ ਹੁਣ ਤਕ ਮੌਸਮੀ ਮੀਂਹ ਨਾਲੋਂ ਇਹ 201.2 ਫ਼ੀ ਸਦੀ ਤੋਂ ਜ਼ਿਆਦਾ ਦਰਜ ਹੋ ਚੁਕਿਆ ਹੈ। ਵਿਭਾਗ ਦੀ ਭਵਿੱਖਬਾਣੀ ਨੂੰ ਵੇਖੀਏ ਤਾਂ 16 ਜੁਲਾਈ ਨੂੰ ਸ਼ਹਿਰ ਵਿਚ ਮੀਂਹ ਦੇ ਆਸਾਰ ਬਣੇ ਹੋਏ ਹਨ। ਤਾਪਮਾਨ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਵਿਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 30 ਤੋਂ ਲੈ ਕੇ 33 ਡਿਗਰੀ ਤਕ ਰਹਿ ਸਕਦਾ ਹੈ, ਜਦੋਂਕਿ ਘੱਟ ਤੋਂ ਘੱਟ ਤਾਪਮਾਨ 24 ਤੋਂ 25 ਡਿਗਰੀ ਤਕ ਰਹਿ ਸਕਦਾ ਹੈ।