ਜਾਨ ਦੀ ਪਰਵਾਹ ਕੀਤੇ ਬਿਨਾਂ SDM ਨੇ ਬਚਾਈ ਵਿਅਕਤੀ ਦੀ ਜਾਨ, ਡੂੰਘੇ ਪਾਣੀ 'ਚ ਮਾਰੀ ਛਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਜਪਾ ਆਗੂ ਅਰਵਿੰਦ ਖੰਨਾ ਨੇ ਟਵਿਟਰ ’ਤੇ ਵੀਡੀਉ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਨੂੰ ਅਪਣੇ ਲੋਕਾਂ ’ਤੇ ਮਾਣ ਹੈ।

SDM Khamano Sanjeev Kumar jumps in flood to save man



ਚੰਡੀਗੜ੍ਹ: ਪੰਜਾਬ ਵਿਚ ਭਾਰੀ ਮੀਂਹ ਮਗਰੋਂ ਕਈ ਇਲਾਕਿਆਂ ਵਿਚ ਹੜ੍ਹ ਦੇ ਹਾਲਾਤ ਬਣੇ ਹੋਏ ਹਨ। ਇਸ ਦੌਰਾਨ ਜਿਥੇ ਕਈ ਸਮਾਜਸੇਵੀ ਸੰਸਥਾਵਾਂ ਲੋਕਾਂ ਦੀ ਮਦਦ ਲਈ ਅੱਗੇ ਆਈਆਂ ਹਨ, ਉਥੇ ਹੀ ਪ੍ਰਸ਼ਾਸਨ ਵਲੋਂ ਵੀ ਅਪਣਾ ਫਰਜ਼ ਨਿਭਾਇਆ ਜਾ ਰਿਹਾ ਹੈ।

 

ਸੋਸ਼ਲ ਮੀਡੀਆ ’ਤੇ ਮਨੁੱਖਤਾ ਦੀ ਮਿਸਾਲ ਪੇਸ਼ ਕਰਦੀਆਂ ਕਈ ਵੀਡੀਉਜ਼ ਅਤੇ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ। ਅਜਿਹੀ ਹੀ ਵੀਡੀਉ ਫਤਹਿਗੜ੍ਹ ਸਾਹਿਬ ਦੇ ਖਮਾਣੋਂ ਤੋਂ ਸਾਹਮਣੇ ਆਈ ਹੈ। ਦਰਅਸਲ ਖਮਾਣੋਂ ਦੇ ਐਸ.ਡੀ.ਐਮ. ਸੰਜੀਵ ਕੁਮਾਰ ਨੇ ਕਰੀਬ 6 ਘੰਟੇ ਤੋਂ ਹੜ੍ਹ ਦੇ ਪਾਣੀ ਵਿਚ ਫਸੇ ਇਕ ਵਿਅਕਤੀ ਦੀ ਜਾਨ ਬਚਾਉਣ ਲਈ ਅਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਪਾਣੀ ਵਿਚ ਛਾਲ ਮਾਰ ਦਿਤੀ।

 

 

ਐਸ.ਡੀ.ਐਮ. ਸੰਜੀਵ ਕੁਮਾਰ ਨੇ ਅਪਣੀ ਬਹਾਦਰੀ ਦਿਖਾਉਂਦਿਆਂ ਸਰਹਿੰਦ ਵਿਖੇ ਡੂੰਘੇ ਪਾਣੀ 'ਚ 400 ਮੀਟਰ ਤੈਰ ਕੇ ਇਕ ਵਿਅਕਤੀ ਦੀ ਜਾਨ ਬਚਾਈ। ਇਸ ਵੀਡੀਉ ਦੇ ਸਾਹਮਣੇ ਆਉਣ ਤੋਂ ਬਾਅਦ ਲੋਕ ਐਸ.ਡੀ.ਐਮ. ਦੀ ਸ਼ਲਾਘਾ ਕਰਦੇ ਨਜ਼ਰ ਆ ਰਹੇ ਹਨ। ਭਾਜਪਾ ਆਗੂ ਅਰਵਿੰਦ ਖੰਨਾ ਨੇ ਟਵਿਟਰ ’ਤੇ ਵੀਡੀਉ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਨੂੰ ਅਪਣੇ ਲੋਕਾਂ ’ਤੇ ਮਾਣ ਹੈ।